ਗੁਰੂ ਤੇਗ ਬਹਾਦਰ ਸਾਹਿਬ ਦਾ ਅਲੌਕਿਕ ਦਰਬਾਰ ਸ੍ਰੀ ਆਨੰਦਪੁਰ ਸਾਹਿਬ
3/19/2021 5:26:16 PM
![](https://static.jagbani.com/multimedia/2021_3image_17_17_2771843772.jpg)
ਡਾ.ਹਰਪਾਲ ਸਿੰਘ ਪੰਨੂੰ
ਅੰਮ੍ਰਿਤਸਰ ਦੇ ਪੁਜਾਰੀ ਇਹ ਬਰਦਾਸ਼ਤ ਨਹੀਂ ਕਰਦੇ ਸਨ ਕਿ ਗੁਰੂ ਤੇਗ ਬਹਾਦਰ ਸਾਹਿਬ ਦਰਬਾਰ ਸਾਹਿਬ ਆਉਣ। ਇੱਕ ਵਾਰ ਮੱਥਾ ਟੇਕਣ ਲਈ ਤੇ ਆਪਣਾ ਜਨਮ ਅਸਥਾਨ ਦੇਖਣ ਲਈ ਗਏ ਸਨ, ਪੁਜਾਰੀਆਂ ਨੇ ਦਰਵਾਜ਼ੇ ਬੰਦ ਕਰ ਦਿੱਤੇ ਸਨ ਤੇ ਗੁਰੂ ਜੀ ਬਗ਼ੈਰ ਮੱਥਾ ਟੇਕਿਆਂ ਵਾਪਸ ਪਰਤ ਗਏ ਸਨ। ਇਵੇਂ ਹੀ ਬਕਾਲੇ ਵਿੱਚ ਧੀਰਮੱਲ ਫੁੰਕਾਰਦਾ ਫਿਰਦਾ ਸੀ ਤੇ ਆਪਣੇ ਆਪ ਨੂੰ ਇਹ ਆਖ ਕੇ ਗੁਰੂਗੱਦੀ ਦਾ ਦਾਅਵੇਦਾਰ ਸਿੱਧ ਕਰਦਾ ਸੀ ਕਿ ਆਦਿ ਗ੍ਰੰਥ ਦੀ ਬੀੜ ਉਸ ਪਾਸ ਹੈ। ਗੁਰੂ ਜੀ ਸ਼ਾਂਤ ਸੁਭਾਅ ਦੇ ਫ਼ਕੀਰ ਸਨ, ਬਰਦਾਸ਼ਤ ਕਰਦੇ ਰਹੇ। ਇੱਕ ਵਾਰ ਧੀਰਮੱਲ ਦੀ ਅਗਵਾਈ ਵਿਚ ਹਥਿਆਰਬੰਦ ਬੁਜ਼ਦਿਲ ਬੰਦਿਆਂ ਨੇ ਮਹਾਰਾਜ ਉਪਰ ਹਮਲਾ ਵੀ ਕੀਤਾ। ਭਾਈ ਮੱਖਣ ਸ਼ਾਹ ਨੂੰ ਪਤਾ ਲੱਗਾ, ਤੁਰੰਤ ਹਾਜ਼ਰ ਹੋਇਆ ਤੇ ਧੀਰਮੱਲ ਅਤੇ ਹਮਲਾਵਰਾਂ ਦੀ ਮੰਜਾਈ ਕੀਤੀ। ਕੁੱਝ ਸਿਖਾਂ ਨੇ ਗੁਰੂ ਜੀ ਨੂੰ ਦੱਸਣ ਬਗ਼ੈਰ ਉਸ ਪਾਸੋਂ ਆਦਿ ਗ੍ਰੰਥ ਦੀ ਬੀੜ ਖੋਹ ਲਿਆਂਦੀ ਤਾਂ ਗੁਰੂ ਜੀ ਨਾਰਾਜ਼ ਹੋਏ ਤੇ ਕਿਹਾ- ਇਹ ਵਸਤਾਂ ਖੋਹਾ-ਖਾਹੀ ਲਈ ਨਹੀਂ ਹੁੰਦੀਆਂ। ਧੀਰਮੱਲ ਨੇ ਧੱਕੇਸ਼ਾਹੀ ਨਾਲ ਇਹ ਅਨਮੋਲ ਖ਼ਜ਼ਾਨਾ ਆਪਣੇ ਕੋਲ ਰੱਖਿਆ ਹੋਇਆ ਸੀ, ਹੁਣ ਤੁਸੀਂ ਧੀਰਮੱਲ ਦੇ ਰਸਤੇ ਤੁਰ ਪਏ, ਆਪਾਂ ਤਾਂ ਗੁਰੂ ਨਾਨਕ ਮਹਾਰਾਜ ਦੇ ਰਸਤੇ ਤੁਰਨਾ ਹੈ। ਜਾਓ ਅਤੇ ਪੂਰਨ ਸਤਿਕਾਰ ਨਾਲ ਇਹ ਬੀੜ ਧੀਰਮੱਲ ਦੇ ਸਪੁਰਦ ਕਰਕੇ ਆਓ। ਆਪਾਂ ਜਦੋਂ ਚਾਹਾਂਗੇ ਆਦਿ ਗ੍ਰੰਥ ਦੀ ਬੀੜ ਫਿਰ ਤੋਂ ਸਿਰਜ ਲਵਾਂਗੇ। ਅਜਿਹਾ ਕੀਤਾ ਗਿਆ। ਧੀਰਮੱਲ ਪਾਸ ਬੀੜ ਪਹੁੰਚਾ ਦਿੱਤੀ ਗਈ।
ਯਾਤਰਾ ਉੱਤੇ ਜਾਣ ਦਾ ਫ਼ੈਸਲਾ
ਗੁਰੂ ਜੀ ਨੂੰ ਮਾਹੌਲ ਵਿੱਚ ਗਰਮੀ ਪਸੰਦ ਨਹੀਂ ਸੀ, ਖ਼ਾਸ ਕਰਕੇ ਆਪਣੇ ਹੀ ਭਾਈਚਾਰੇ ਵੱਲੋਂ ਮੁਸ਼ਕਲਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਸਨ। ਸੋ ਆਪ ਨੇ ਸੰਗਤਾਂ ਨੂੰ ਮਿਲਣ ਲਈ ਲੰਮੀ ਯਾਤਰਾ ਉੱਤੇ ਜਾਣ ਦਾ ਫ਼ੈਸਲਾ ਕੀਤਾ ਤੇ ਪਰਿਵਾਰ ਸਮੇਤ ਚਾਲੇ ਪਾ ਦਿੱਤੇ। ਪਰਿਵਾਰ ਨੂੰ ਪਟਨਾ ਸਾਹਿਬ ਛੱਡ ਕੇ ਆਪ ਹੌਲੀ-ਹੌਲੀ ਬੰਗਾਲ ਤੱਕ ਪੁੱਜੇ ਤੇ ਉਥੇ ਹੀ ਬਾਲਕ ਗੋਬਿੰਦ ਰਾਇ ਦੇ ਜਨਮ ਦੀ ਖ਼ਬਰ ਅੱਪੜੀ ਪਰ ਆਪ ਧਰਮ ਪ੍ਰਚਾਰ ਦੇ ਕੰਮ ਕਾਜ ਵਿੱਚ ਇੰਨੇ ਰੁਝੇ ਰਹੇ ਕਿ ਚਾਰ ਸਾਲ ਬਾਅਦ ਜਦੋਂ ਪਹਿਲੀ ਵੇਰ ਵਾਪਸ ਪਟਨੇ ਆ ਕੇ ਪਰਿਵਾਰ ਨੂੰ ਮਿਲੇ ਤਾਂ ਉਦੋਂ ਪੁੱਤਰ ਸਾਢੇ ਤਿੰਨ ਸਾਲ ਦਾ ਹੋ ਗਿਆ ਸੀ।
ਮਾਖੋਵਾਲ ਦੀ ਜ਼ਮੀਨ ਖ਼ਰੀਦ ਨਗਰ ਵਸਾਉਣਾ
ਅੰਮ੍ਰਿਤਸਰ, ਗੋਇੰਦਵਾਲ ਸਾਹਿਬ ਜਾਂ ਬਾਬਾ ਬਕਾਲਾ ਵਿਖੇ ਜਾਣ ਦਾ ਇਸ ਕਰਕੇ ਮਨ ਨਹੀਂ ਕੀਤਾ ਕਿ ਫਿਰ ਉਹੋ ਖਿਚੋਤਾਣ, ਈਰਖਾ, ਚੁਗਲੀ, ਵਿਰੋਧ ਸ਼ੁਰੂ ਹੋ ਜਾਵੇਗਾ। ਇੱਕ ਵੱਖਰਾ ਨਗਰ ਉਸਾਰਨ ਦਾ ਫ਼ੈਸਲਾ ਕਰ ਲਿਆ। ਪੰਜਾਬ ਵਿੱਚ ਆਏ ਤੇ ਸਤਲੁਜ ਦਰਿਆ ਦੇ ਨੇੜੇ ਪਹਾੜੀਆਂ ਦੀਆਂ ਜੜ੍ਹਾਂ ਵਿੱਚ ਮਾਖੋਵਾਲ ਪਿੰਡ ਦੀ ਜ਼ਮੀਨ ਖ਼ਰੀਦ ਕੇ ਸਾਦਾ ਜਿਹਾ ਘਰ ਬਣਵਾਇਆ ਅਤੇ ਆਪਣੇ ਪਿਆਰਿਆਂ ਨੂੰ ਸੱਦੇ ਭੇਜੇ ਕਿ ਇੱਥੇ ਆ ਕੇ ਵਸੋ। ਪਰਿਵਾਰ ਨੂੰ ਪਟਨਾ ਸਾਹਿਬ ਤੋਂ ਇੱਥੇ ਮੰਗਵਾ ਲਿਆ। ਇਹ ਗੱਲ 1671 ਈਸਵੀ ਦੀ ਹੈ। ਸ਼੍ਰੋਮਣੀ ਕਮੇਟੀ ਨੇ ਇਹ ਘਰ ਢਾਹ ਦਿੱਤਾ ਹੈ।
ਇਹ ਵੀ ਪੜ੍ਹੋ: ਇਤਿਹਾਸ ਨੂੰ ਮੋੜਾ ਦੇਣ ਵਾਲੀ ਮਹਾਨ ਸ਼ਖ਼ਸੀਅਤ ‘ਮਾਤਾ ਭਾਗ ਕੌਰ’
ਕਸ਼ਮੀਰੀ ਪੰਡਤਾਂ ਦੀ ਫਰਿਆਦ ਅਤੇ ਸ਼ਹੀਦੀ
ਭਜਨ ਬੰਦਗੀ ਕਰਦਿਆਂ,ਕੀਰਤਨ ਸੁਣਦਿਆਂ,ਪ੍ਰਵਚਨ ਕਰਦਿਆਂ ਜੀਵਨ ਬਤੀਤ ਹੋ ਰਿਹਾ ਸੀ। ਔਰੰਗਜ਼ੇਬ ਦੇ ਸਤਾਏ ਹਿੰਦੂ ਲਗਾਤਾਰ ਆ ਆ ਕੇ ਉਨ੍ਹਾਂ ਉਤੇ ਹੋਏ ਜ਼ੁਲਮਾਂ ਦੇ ਦਰਦਨਾਕ ਕਿੱਸੇ ਸੁਣਾਉਂਦੇ। ਮੰਦਰਾਂ ਵਿੱਚ ਗਊਆਂ ਕਤਲ ਕੀਤੀਆਂ ਜਾਂਦੀਆਂ, ਜਿਨ੍ਹਾਂ ਖੂਹਾਂ ਤੋਂ ਹਿੰਦੂ ਪਾਣੀ ਪੀਂਦੇ ਉਨ੍ਹਾਂ ਵਿੱਚ ਹੱਡ ਸੁੱਟ ਦਿੱਤੇ ਜਾਂਦੇ। ਇਹੋ ਜਿਹੇ ਉਪੱਦਰ ਜਦੋਂ ਬਾਦਸ਼ਾਹ ਦੇ ਹੁਕਮਾਂ ਨਾਲ ਹੋ ਰਹੇ ਹੋਣ ਫਿਰ ਇਨਸਾਫ਼ ਕਿੱਥੋਂ ਮਿਲੇ, ਕੇਵਲ ਰੱਬ ਦੀ ਦਰਗਾਹ ਵਿੱਚ ਫਰਿਆਦ ਹੋ ਸਕਦੀ ਹੈ। ਇੱਥੇ ਹੀ ਪੰਡਤ ਕਿਰਪਾ ਰਾਮ ਜੀ ਦੀ ਅਗਵਾਈ ਵਿੱਚ ਕਸ਼ਮੀਰ ਤੋਂ ਬ੍ਰਾਹਮਣਾਂ ਦਾ ਜਥਾ ਆਇਆ। ਉਨ੍ਹਾਂ ਦੀ ਦੁਖਾਂ ਭਰੀ ਵਿਥਿਆ ਸੁਣ ਕੇ ਗੁਰੂ ਜੀ ਉਦਾਸ ਬੈਠੇ ਸਨ ਕਿ ਖੇਡਦੇ ਖੇਡਦੇ ਬਾਲਕ ਗੋਬਿੰਦ ਰਾਇ ਉਸ ਪਾਸਿਓਂ ਲੰਘੇ। ਸਭ ਨੂੰ ਖ਼ਾਮੋਸ਼ ਦੇਖਕੇ ਪੁੱਛਿਆ-ਪਿਤਾ ਜੀ ਕੀ ਗੱਲ ਹੈ? ਚਿੰਤਾ ਵਿੱਚ ਕਿਉਂ ਹੋ?
ਪਿਤਾ ਨੇ ਦੱਸਿਆ ਕਿ ਦੇਸ ਵਿੱਚ ਅੱਤਿਆਚਾਰ ਦੀ ਹਨੇਰੀ ਝੁੱਲ ਪਈ ਹੈ। ਬੇਟੇ ਨੇ ਪੁੱਛਿਆ- ਫਿਰ ਤੁਸੀਂ ਇਹ ਅੱਤਿਆਚਾਰ ਬੰਦ ਕਿਉਂ ਨਹੀਂ ਕਰਾਉਂਦੇ? ਪਿਤਾ ਨੇ ਕਿਹਾ- ਕਿਸੇ ਪੁੰਨ ਆਤਮਾ ਦਾ ਬਲੀਦਾਨ ਇਸ ਜ਼ੁਲਮ ਨੂੰ ਰੋਕ ਸਕਦਾ ਹੈ। ਪੁੱਤਰ ਨੇ ਕਿਹਾ- ਤੁਹਾਡੇ ਤੋਂ ਵਧੀਕ ਪੁੰਨ ਆਤਮਾ ਹੋਰ ਕੌਣ ਹੈ, ਇਹ ਫਰਿਆਦੀ ਹੋਰ ਕਿੱਥੇ ਜਾਣਗੇ?ਪਿਤਾ ਦਾ ਮਨ ਸਭ ਚਿੰਤਾਵਾਂ ਤੋਂ ਮੁਕਤ ਹੋ ਗਿਆ। ਉਨ੍ਹਾਂ ਨੇ ਬੇਟੇ ਨੂੰ ਗਲ ਨਾਲ ਲਾਇਆ, ਅਸੀਸਾਂ ਦਿੱਤੀਆਂ ਅਤੇ ਕਦੀ ਵਾਪਸ ਨਾ ਪਰਤਣ ਵਾਸਤੇ ਦਿੱਲੀ ਦਾ ਰਸਤਾ ਫੜਿਆ। ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਅਗਲੀ ਦਰਗਾਹ ਤੱਕ ਗੁਰੂ ਜੀ ਦੇ ਨਾਲ ਨਾਲ ਗਏ। ਭਾਈ ਕਿਰਪਾ ਰਾਮ ਸ਼ਹਾਦਤ ਲਈ ਦਿੱਲੀ ਜਾਣਾ ਚਾਹੁੰਦੇ ਸਨ, ਗੁਰੂ ਜੀ ਨੇ ਹੁਕਮ ਦਿਤਾ- ਤੁਹਾਨੂੰ ਨਾ ਦਿੱਲੀ ਲੈਕੇ ਜਾਣਾ ਹੈ ਨਾ ਤੁਸੀਂ ਵਾਪਸ ਕਸ਼ਮੀਰ ਜਾਵੋ। ਤੁਹਾਨੂੰ ਇਥੇ ਰਹਿਣਾ ਪਵੇਗਾ। ਬਾਲਕ ਗੋਬਿੰਦ ਰਾਇ ਨੂੰ ਵਿੱਦਿਆ ਦੇਣ ਦੀ ਜ਼ਿੰਮੇਵਾਰੀ ਤੁਸੀਂ ਨਿਭਾਓਗੇ। ਥੋੜ੍ਹੇ ਸਮੇਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦਾ ਕਟਿਆ ਸੀਸ ਆਨੰਦਪੁਰ ਪਰਿਵਾਰ ਪਾਸ ਆ ਗਿਆ।
ਗੁਰੂ ਗੋਬਿੰਦ ਸਿੰਘ ਜੀ ਦਾ ਅਧਿਆਪਕ ਬਣਿਆ ਉਹਨਾਂ ਦਾ ਚੇਲਾ
ਪੰਡਤ ਕਿਰਪਾ ਰਾਮ ਵਾਪਸ ਕਸ਼ਮੀਰ ਨਹੀਂ ਗਏ। ਉਹ ਗੁਰੂ ਪਰਿਵਾਰ ਦੇ ਜੀਅ ਬਣ ਗਏ। ਗੋਬਿੰਦ ਰਾਇ ਜੀ ਨੂੰ ਬ੍ਰਜੀ, ਸੰਸਕ੍ਰਿਤ, ਫਾਰਸੀ ਅਤੇ ਅਰਬੀ ਦੀ ਵਿੱਦਿਆ ਦਿੱਤੀ। ਹਿੰਦੂ ਵਿਦਵਾਨਾਂ ਦਾ ਗੜ੍ਹ ਕਸ਼ਮੀਰ ਸੀ ਤੇ ਕਸ਼ਮੀਰ ਦੇ ਵਿਦਵਾਨਾਂ ਵਿਚ ਭਾਈ ਕਿਰਪਾ ਰਾਮ ਦਾ ਸਰਵਉੱਚ ਸਥਾਨ ਸੀ। ਗੁਰੂ ਜੀ ਨੇ 1699 ਦੀ ਵਿਸਾਖੀ ਮੌਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਤਾਂ ਅਧਿਆਪਕ ਕਿਰਪਾ ਰਾਮ ਨੇ ਦਸਮ ਪਾਤਸ਼ਾਹ ਪਾਸੋਂ ਆਗਿਆ ਲੈਕੇ ਅੰਮ੍ਰਿਤ ਛਕਿਆ ਅਤੇ ਚਮਕੌਰ ਦੀ ਜੰਗ ਹੋਈ ਤਾਂ ਵੱਡੇ ਸਾਹਿਬਜ਼ਾਦਿਆਂ ਨਾਲ ਲੜਦਿਆਂ ਹੋਇਆਂ ਭਾਈ ਕਿਰਪਾ ਸਿੰਘ ਸ਼ਹੀਦ ਹੋ ਗਏ। ਉਹ ਅਧਿਆਪਕ ਜਿਸ ਦੀ ਦੇਖ ਰੇਖ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਵਿੱਦਿਆ ਹਾਸਲ ਕੀਤੀ, ਉਹ ਅਧਿਆਪਕ ਜਿਸ ਦੇ ਹੱਥਾਂ ਵਿੱਚ ਖੇਡਦਾ ਹੋਇਆ ਬਾਲਕ ਜਵਾਨ ਹੋਇਆ, ਉਹ ਅਧਿਆਪਕ ਆਪਣੇ ਵਿਦਿਆਰਥੀ ਦਾ ਵਿਦਿਆਰਥੀ ਬਣ ਸਿੰਘ ਸਜਿਆ। ਆਪੇ ਗੁਰ ਚੇਲਾ ਦਾ ਸਿਧਾਂਤ ਇੱਕ ਵਾਰ ਨਹੀਂ, ਗੁਰਮਤਿ ਦੇ ਇਤਿਹਾਸ ਵਿੱਚ ਕਈ ਬਾਰ ਦੁਹਰਾਇਆ ਗਿਆ।
ਨੋਟ: ਇਸ ਆਰਟੀਕਲ ਦਾ ਬਾਕੀ ਰਹਿੰਦਾ ਭਾਗ ਕੱਲ੍ਹ ਪਬਲਿਸ਼ ਕੀਤਾ ਜਾਵੇਗਾ।