ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ਼

4/23/2021 3:27:15 PM

ਸੁਲਤਾਨਪੁਰ ਲੋਧੀ ਵਿਚ ਜਿਸ ਮਕਾਨ ਅੰਦਰ ਸਤਿਗੁਰ ਨਾਨਕ ਦੇਵ ਜੀ ਨੇ ਆਪਣਾ ਗ੍ਰਹਿਸਤੀ ਜੀਵਨ ਬਤੀਤ ਕੀਤਾ, ਉਸ ਥਾਂ ’ਤੇ ਗੁਰਦੁਆਰਾ ਗੁਰੂ ਕਾ ਬਾਗ਼ ਬਣਿਆ ਹੋਇਆ ਹੈ। ਤਵਾਰੀਖ਼ ਰਿਆਸਤ ਕਪੂਰਥਲਾ ਕਰਤਾ ਦੀਵਾਨ ਰਾਮ ਜਸ ਨੇ ਲਿਖਿਆ ਹੈ “ਗੁਰੂ ਨਾਨਕ ਦੇਵ ਜੀ ਦੀ ਬਰਾਤ ਏਸੇ ਥਾਂ ਤੋਂ ਗਈ। ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਵੀ ਏਥੇ ਹੀ ਪੈਦਾ ਹੋਏ। ਇਹ ਮਹੱਲ ਬੇਬੇ ਨਾਨਕੀ ਦਾ ਸੀ, ਜਿਸ ਵਿੱਚ ਜੈ ਰਾਮ ਦੀ ਰਿਹਾਇਸ਼ ਸੀ।”

ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਤਿੰਨ ਮੰਜ਼ਿਲੀ ਹੈ। ਨਵੀਂ ਇਮਾਰਤ ਬਣਾਉਣ ਵੇਲੇ ਖੁਦਾਈ ਕਰਦਿਆਂ ਇਸ ਦੀ ਜ਼ਮੀਨ ਹੇਠੋਂ ਇਕ ਭੋਰਾ ਨਿਕਲਿਆ ਹੈ। ਇਸ ਭੋਰੇ ਨੂੰ ਸ਼ੀਸ਼ੇ ਵਿੱਚ ਸੁਰੱਖਿਅਤ ਕਰਕੇ ਇਸ ਦੇ ਦੁਆਲੇ ਗੈਲਰੀ ਬਣਾਈ ਗਈ ਹੈ। ਉਪਰਲੀ ਮੰਜ਼ਿਲ 'ਤੇ ਆਲੀਸ਼ਾਨ ਦਰਬਾਰ ਹਾਲ ਹੈ, ਜੋ ਅਜੋਕੀ ਸ਼ਿਲਪਕਲਾ ਦਾ ਸੁੰਦਰ ਨਮੂਨਾ ਹੈ। ਸਭ ਤੋਂ ਉਪਰਲੀ ਮੰਜ਼ਿਲ 'ਤੇ ਇੱਕ ਵੱਡੇ ਹਾਲ ਦੇ ਦੁਆਲੇ ਗੈਲਰੀ ਬਣਾ ਕੇ ਸੁੰਦਰ ਨੱਕਾਸ਼ੀ ਕੀਤੀ ਗਈ ਹੈ ਅਤੇ ਗੁਰੂ ਜੀ ਦੇ ਜੀਵਨ ਨਾਲ ਸਬੰਧਤ ਤਸਵੀਰਾਂ ਲਗਾਈਆਂ ਗਈਆਂ ਹਨ।

ਵਿਹੜੇ ਵਿੱਚ ਪੁਰਾਤਨ ਖੂਹੀ ਹੈ, ਜਿਸ ਨੂੰ ਛੱਤ ਕੇ ਹੁਣ ਖ਼ੂਬਸੂਰਤ ਦਿੱਖ ਦਿੱਤੀ ਗਈ ਹੈ। ਖੂਹੀ ਉੱਪਰ ਮੋਟਰ ਲਗਾ ਕੇ ਪਾਣੀ ਦੀਆਂ ਟੂਟੀਆਂ ਲਗਾ ਦਿੱਤੀਆਂ ਗਈਆਂ ਹਨ ਤਾਂ ਜੋ ਸੰਗਤਾਂ ਖੂਹੀ ਦਾ ਜਲ ਛਕ ਸਕਣ। ਸਾਰਾ ਗੁਰਦੁਆਰਾ ਸਾਹਿਬ ਵਧੀਆ ਕਿਸਮ ਦੇ ਚਿੱਟੇ ਸੰਗਮਰਮਰ ਦਾ ਬਣਿਆ ਹੋਇਆ ਹੈ। ਇਸ ਦਾ ਦੂਧੀਆ ਪ੍ਰਭਾਵ ਸੰਗਤਾਂ ਦਾ ਮਨ ਮੋਹ ਲੈਂਦਾ ਹੈ। ਲੰਗਰ ਹਾਲ ਦੀ ਉਸਾਰੀ ਵੀ ਸ਼ੁਰੂ ਹੋ ਚੁੱਕੀ ਹੈ। ਇਸ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਬਾਬਾ ਸ਼ਬੇਗ ਸਿੰਘ ਜੀ ਦੀ ਦੇਖ-ਰੇਖ ਹੇਠ ਹੋਈ ਹੈ। ਗੁਰਦੁਆਰਾ ਸਾਹਿਬ ਜੀ ਦੇ ਦਰਬਾਰ ਹਾਲ ਨੂੰ ਚਾਂਦੀ ਦੇ ਦਰਵਾਜ਼ੇ ਲਗਾਏ ਗਏ ਹਨ।

ਕੁਲਵਿੰਦਰ ਕੌਰ ਕੰਵਲ


rajwinder kaur

Content Editor rajwinder kaur