ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

5/9/2022 9:04:30 PM

ਧਰਮ ਗ੍ਰੰਥ ਬਿਨਾਂ ਕਿਸੇ ਵੀ ਧਰਮ ਦੀ ਹੋਂਦ ਸੰਭਵ ਨਹੀਂ ਹੈ । ਧਰਮ ਗ੍ਰੰਥ ਹੀ ਆਪਣੇ ਪੈਗ਼ੰਬਰ , ਗੁਰੂ-ਪੀਰਾਂ ਵੱਲੋਂ ਦਿੱਤੇ ਗਏ ਸਿਧਾਂਤਾਂ ਨਾਲ ਆਪਣੇ ਪੈਰੋਕਾਰਾਂ ਨੂੰ ਧਰਮ ਨਾਲ ਜੋੜਨ ਦਾ ਰਾਹ ਨਿਰਧਾਰਤ ਕਰਦੇ ਹਨ ਅਤੇ ਜੀਵਨ ਨੂੰ ਸਹੀ ਸੇਧ ਦਿੰਦੇ ਹਨ । ਇਨ੍ਹਾਂ ਧਰਮ ਗ੍ਰੰਥਾਂ ਦਾ ਓਟ ਆਸਰਾ ਲੈ ਕੇ ਹੀ ਧਰਮ ਹਜ਼ਾਰਾਂ ਸਾਲ ਪੁਰਾਣੇ ਹੋਣ ਦੇ ਬਾਵਜੂਦ ਵੀ ਸਾਰਥਿਕਤਾ ਨੂੰ ਨਵਾਂ ਨਰੋਆ ਰੱਖ ਰਹੇ ਹਨ। ਇਨ੍ਹਾਂ ਕਰਕੇ ਹੀ ਮਹਾਨ ਪੁਰਖਾਂ ਦੇ ਉਪਦੇਸ਼ ਕੇਵਲ ਉਨ੍ਹਾਂ ਦੇ ਆਪਣੇ ਧਰਮ ਦੇ ਲੋਕਾਂ ਨੂੰ ਹੀ ਆਕਰਸ਼ਤ ਨਹੀਂ ਕਰਦੇ ਬਲਕਿ ਸਾਰੇ ਸੰਸਾਰ ਦੀ ਪ੍ਰੇਰਨਾ ਦਾ ਸਰੋਤ ਬਣ ਜਾਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਧਰਮ ਦੇ ਜ਼ਾਹਰਾ ਜ਼ਹੂਰ , ਹਾਜ਼ਰਾ-ਹਜ਼ੂਰ ਸੱਚੇ ਪਾਤਸ਼ਾਹ ਹਨ । ਇਸ ਦੇ ਸੰਕਲਨ ਦਾ ਆਰੰਭ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ 'ਤੇ ਪਰਗਟ ਹੋਈ 'ਧੁਰ ਕੀ ਬਾਣੀ' ਨਾਲ ਹੋਇਆ।ਗੁਰੂ ਨਾਨਕ ਪਾਤਸ਼ਾਹ ਲੋਕਾਈ ਨੂੰ ਸ਼ਬਦ ਦੇ ਹੀ ਲੜ ਲਗਾਉਣ ਆਏ ਸਨ। ਇਸੇ ਲਈ ਦਸ ਜਾਮੇ ਧਾਰੇ ਤਾਂ ਕਿ ਸਮੁੱਚੀ ਕੌਮ ਸ਼ਬਦ ਦੀ ਜ਼ਿੰਮੇਵਾਰੀ ਉਠਾਉਣ ਯੋਗ ਹੋ ਸਕੇ।

 ਗੁਰੂ ਸਾਹਿਬ ਨੇ ਕਦੇ ਵਿਅਕਤੀ, ਨਿੱਜ ਜਾਂ ਵਕਤੀ ਲੋੜ ਲਈ ਗੁਰੂ ਧਾਰਨ ਦੀ ਗੱਲ ਨਾ ਕੀਤੀ। ਸਿਰਫ਼ ਸ਼ਬਦ ਦਾ ਲੜ ਫੜਨ ਲਈ ਆਖਿਆ।ਜਦੋਂ ਸਿੱਖਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਆਪਣਾ ‘ਨਾਉਂ ਤੁਮ ਦੇਹੁ ਬਤਾਈ’ ਪੁੱਛਿਆ ਤਾਂ ਗੁਰੂ ਜੀ ਨੇ ਸਿਰਫ਼ ਇੰਨਾ ਕਿਹਾ: 'ਨਾਮ ਜਪੇ ਗਤਿ ਪਾਈ'। ਮੈਂ ਕੋਈ ਆਪਣਾ ਨਾਂ ਜਪਾਉਣ ਲਈ ਨਹੀਂ ਆਇਆ। ਭਾਈ ਨੰਦ ਲਾਲ ਜੀ ਨੇ ਵੀ ਲਿਖਿਆ ਹੈ ਕਿ ਵਾਹਿਗੁਰੂ ਨੇ ਗੁਰੂ ਨਾਨਕ ਸਾਹਿਬ ਨੂੰ ਇਹੀ ਆਗਿਆ ਕੀਤੀ ਸੀ ਕਿ ਲੋਕਾਂ ਦਾ ਮੂੰਹ ਮੇਰੇ ਵੱਲ ਫੇਰੋ...।

ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਧਰਤ ਦੀ ਲੋਕਾਈ ਨੂੰ ਸੋਧਣ ਲਈ ਨਿਕਲੇ ਸਨ ਤਾਂ ਉਨ੍ਹਾਂ ਦੇ ਹੱਥ ਆਸਾ (ਡੰਡਾ), ਕੋਲ ਕਿਤਾਬ, ਜਲ ਲਈ ਇਕ ਕੁੱਜਾ ਤੇ ਵਿਛਾਈ ਲਈ ਚਟਾਈ (ਮੁਸੱਲਾ) ਸੀ। "ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸੱਲਾ ਧਾਰੀ।"(ਵਾਰਾਂ ਭਾਈ ਗੁਰਦਾਸ ਜੀ)

ਉਸੇ ਕਿਤਾਬ ਵਿਚ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਉਚਾਰਨ ਕੀਤੀ ਬਾਣੀ ਦਰਜ ਕੀਤੀ ਉਥੇ ਜਿਨ੍ਹਾਂ ਭਗਤਾਂ ਦਾ ਵੀ ਆਪ ਨਾਲ ਮੇਲ ਹੋਇਆ ਜਾਂ ਜਿਸ ਟਿਕਾਣਿਆਂ ਤੋਂ ਭਗਤਾਂ ਦੀ ਬਾਣੀ ਮਿਲੀ ਉਹ ਵੀ ਦਰਜ ਕੀਤੀ। ਬੀੜ ਬੰਨ੍ਹਣ ਦਾ ਸਿਧਾਂਤ ਵੀ ਆਪ ਜੀ ਨੇ ਮੂਲ ਰੂਪ ਵਿਚ ਇਹ ਉਚਾਰ ਕੇ "ਨਾਨਕੁ ਵੇਚਾਰਾ ਕਿਆ ਕਹੈ॥ਸਭੁ ਲੋਕੁ ਸਲਾਹੇ ਏਕਸੈ॥ ਸਿਰੁ ਨਾਨਕ ਲੋਕਾ ਪਾਵ ਹੈ।।ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ॥" (ਅੰਗ-੧੧੬੮) ਦਰਸਾ ਦਿੱਤਾ ਸੀ।

ਪੁਰਾਤਨ ਜਨਮਸਾਖੀ ਅਨੁਸਾਰ, ਗੁਰੂ ਨਾਨਕ ਸਾਹਿਬ ਜੀ “ਅੰਗਦ ਕਉ ਸ਼ਬਦ ਕੀ ਥਾਪਣਾ ਦੇ ਕਰ ਸੰਮਤ ੧੫੯੬ ਅਸੂ ਵਦੀ ਦਸਮੀ (ਸਤੰਬਰ, ੧੫੩੯) ਨੂੰ ਸਚਖੰਡ ਕਉ ਸਿਧਾਰੇ। ਪ੍ਰਸੰਨ ਹੋ ਕੇ ਬਾਣੀ ਕਾ ਖ਼ਜ਼ਾਨਾ ਗੁਰੂ ਅੰਗਦ ਸਾਹਿਬ ਜੀ ਦੇ ਹਵਾਲੇ ਕੀਤਾ। ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ  ਜੀ ਨੇ ਸਾਰਾ ਸ਼ਬਦ ਭੰਡਾਰ ਆਪਣੀ ਬਾਣੀ ਵਿਚ ਦਰਜ ਕਰ ਕੇ ਗੁਰੂ ਅਮਰਦਾਸ ਜੀ ਨੂੰ ਅਤੇ ਫਿਰ ਉਨ੍ਹਾਂ ਨੇ ਗੁਰੂ ਰਾਮਦਾਸ ਜੀ ਨੂੰ ਅਤੇ ਚੌਥੇ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਜੀ ਨੂੰ ਸੌਂਪਿਆ।

ਇਸ ਬਾਰੇ ਵੀ ਪੁਰਾਤਨ ਜਨਮਸਾਖੀ ਦੀ ਹੀ ਗਵਾਹੀ ਦੇ ਹੈ ਕਿ "ਭਾਈ ਮਨਸੁਖ ਤੀਨ ਬਰਸ ਬਾਬੇ ਕੋਲ ਰਿਹਾ। ਫੇਰ ਬਾਬੇ ਵਿਦਿਆ ਕੀਤਾ। ਗੁਰੂ ਬਾਬੇ ਦੀ ਬਾਣੀ ਬਹੁਤ ਲਿਖਿਆ ਹੈ। ਪੋਥੀਆਂ ਲਿਖ ਲੀਤਓਸ।"
 ਬਾਬਾ ਮੋਹਨ ਜੀ ਪਾਸ ਵੀ ਉਤਾਰੇ ਦੀਆਂ ਪੋਥੀਆਂ ਸਨ। ਗੁਰੂ ਰਾਮਦਾਸ ਜੀ ਵੀ ਆਪੂੰ ਉਤਾਰਾ ਕਰਦੇ ਸਨ।ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਬੀੜ ਬੰਨ੍ਹਣ ਦਾ ਨਿਰਣਾ ਲਿਆ ਤਾਂ ਬੜੇ ਅਦਬ ਨਾਲ ਪੋਥੀਆਂ ਬਾਬਾ ਮੋਹਨ ਜੀ ਪਾਸੋਂ ਗੋਇੰਦਵਾਲ ਸਾਹਿਬ ਤੋਂ ਲੈ ਕੇ ਅੰਮ੍ਰਿਤਸਰ ਆਏ।ਇਸ ਮਹਾਨ ਕਾਰਜ ਦੀ ਪੂਰਤੀ ਲਈ ਗੁਰੂ ਜੀ ਨੇ ਉਚੇਚੀ ਇਕਾਂਤ ਵਾਲੀ ਥਾਂ ਚੁਣੀ। ਜੰਡ, ਬੇਰੀ, ਬੋਹੜ, ਅੰਜੀਰ ਤੇ ਪਿੱਪਲ ਦੇ ਬ੍ਰਿਛਾਂ ਦੀ ਘਣੀ ਛਾਂ ਦੇਖ ਕੇ ਰਾਮਸਰ ਨਾਂ ਦਾ ਸਰੋਵਰ ਬਣਾਇਆ ਤਾਂ ਕਿ ਠੰਡੀ ਹਵਾ ਰੁਮਕਦੀ ਰਹੇ। ਉਚੇਚਾ ਕਸ਼ਮੀਰ ਤੋਂ ਕਾਗ਼ਜ਼ ਮੰਗਵਾਇਆ ਤੇ ਸਿਆਹੀ ਵੀ ਖ਼ਾਸ ਤਿਆਰ ਕੀਤੀ।
ਭਾਈ ਗੁਰਦਾਸ ਜੀ ਗੁਰੂ ਸਾਹਿਬ ਦੀ ਨਿਗਰਾਨੀ ਹੇਠ ਜੋ ਰੋਜ਼ ਲਿਖਦੇ ਸਨ।ਕਈ ਥਾਵਾਂ 'ਤੇ ਭਾਈ ਜੀ ‘ਸੁਧ’ ਸ਼ਬਦ ਵੀ ਪਾ ਦਿੰਦੇ ਅਤੇ ਜੋ ਨਿਰੋਲ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੁੰਦੀ ਉਥੇ ‘ਸੁਧ ਕੀਚੈ’ ਦਾ ਸੰਕੇਤ ਦੇ ਦਿੰਦੇ ਤਾਂ ਕਿ ਮੁੜ ਗੁਰੂ ਜੀ ਦੀ ਨਜ਼ਰ ਵਿਚੋਂ ਲੰਘ ਜਾਏ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਉਪਰੰਤ ਭਾਦੋਂ ਸੁਦੀ ਏਕਮ (ਅਗਸਤ, ੧੬੦੪) ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਵਿਖੇ ਕੀਤਾ ਗਿਆ ਅਤੇ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਥਾਪਿਆ ਗਿਆ। ਗੁਰ ਬਿਲਾਸ ਪਾਤਸ਼ਾਹੀ ਛੇਵੀਂ ਅਨੁਸਾਰ ਜਿਲਦ ਬੰਨ੍ਹੇ ਜਾਣ ਤੋਂ ਪਹਿਲਾਂ ‘ਭਾਈ ਬੰਨੋ ਜੀ ਕਰਿਓ, ਸ੍ਰੀ ਗੁਰੂ ਗ੍ਰੰਥ ਉਤਾਰਾ।
ਬੰਸਾਵਲੀ ਨਾਮਾ ਵਿਚ ਵੀ ਲਿਖਿਆ ਹੈ ਕਿ ਭਾਈ ਸੁੱਖਾ, ਭਾਈ ਮਨਸਾ ਰਾਮ, ਭਾਈ ਹਰੀਆ ਤੇ ਸੰਤ ਰਾਮ ਵੀ ਉਤਾਰਾ ਕਰ ਰਹੇ ਸਨ ਤਾਂ ਕਿ ਬੀੜ ਪ੍ਰਕਾਸ਼ ਹੋਣ ਤੋਂ ਪਹਿਲਾਂ ਹੋਰ ਬੀੜਾਂ ਵੀ ਤਿਆਰ ਹੋ ਜਾਣ।ਇਹ ਸਭ ਗੁਰੂ ਅਰਜਨ ਸਾਹਿਬ ਜੀ ਦੇ ਹੁਕਮ ਨਾਲ ਹੀ ਹੋ ਰਿਹਾ ਸੀ।

ਮਾਂਗਟ ਨਿਵਾਸੀ ਭਾਈ ਬੰਨੋ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਨਕਲ ਕੀਤੀ ਅਤੇ ਆਪਣੀ ਇੱਛਾ ਅਨੁਸਾਰ ਕੁੱਝ ਵਾਧੂ ਬਾਣੀ ਦਰਜ ਕੀਤੀ ਉਸ ਦਾ ਨਾਂ ਭਾਈ ਬੰਨੋ ਵਾਲੀ ਬੀੜ ਹੋ ਗਿਆ। ਗੁਰੂ ਜੀ ਨੇ ਉਸ ਨੂੰ ਖਾਰੀ ਬੀੜ ਆਖ ਨਕਾਰ ਦਿੱਤਾ। ਇਸ ਵਿਚ ਤੀਹ ਰਾਗ ਸਨ ਅਰ ਸ਼ਬਦ ਸਰ ਆਦਿ ਦੀ ਗਿਣਤੀ ੫੭੫੭ਸੀ। ਇਹ ਬੀੜ ਹੁਣ ਮਾਂਗਟ (ਜ਼ਿਲ੍ਹਾ ਗੁਜਰਾਤ) ਵਿਚ ਭਾਈ ਬੰਨੋ ਦੀ ਔਲਾਦ ਪਾਸ ਹੈ ਜਿਸ ਦੀ ਜਿਲਦ ਕਿਤਾਬੀ ਸ਼ਕਲ ਦੀ ਹੈ।
 
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਕੀਤਾ ਗਿਆ ਅਤੇ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਥਾਪਿਆ ਗਿਆ। ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ੩੫ ਮਹਾਂਪੁਰਸ਼ਾਂ ਦੀ ਬਾਣੀ ਸ਼ਾਮਲ ਹੈ ।ਕੁਝ ਵਿਦਵਾਨਾਂ ਦਾ ਮਤ ਹੈ ਕਿ ੩੬ ਮਹਾਪੁਰਸ਼ ਹਨ। ਜਿੰਨਾ ਵਿੱਚੋ ੬ ਗੁਰੂ ਸਾਹਿਬਾਨ, ੧੫ਭਗਤ , ੧੧ ਭੱਟ ਤੇ ੩ਗੁਰਸਿੱਖ ਹਨ । ਗੋਬਿੰਦ ਸਿੰਘ ਜੀ ਨੇ ੨੦ ਅਕਤੂਬਰ ੧੭੦੮ ਈਸਵੀ ਨੂੰ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪੀ। ਗੁਰੂ ਗ੍ਰੰਥ ਸਾਹਿਬ ਦੇ ੧੪੩੦ ਅੰਗ ਹਨ ਤੇ ੩੧ ਰਾਗ ਹਨ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਮੂਲ ਮੰਤਰ ਦਰਜ ਹੈ ਤੇ ਮੂਲ ਮੰਤਰ ਵਿੱਚ ਪਰਮਾਤਮਾ ਦੇ ਸਰੂਪ ਦੀ ਵਿਆਖਿਆ ਕੀਤੀ ਗਈ ਹੈ । 

ਅਸਲ ਵਿੱਚ ਰੱਬ ਦੇ ਗੁਣ ਮਨੁੱਖ ਅੰਦਰ ਉਤਾਰਨ ਤੇ ਉਸ ਨੂੰ ਰੱਬ ਵਰਗਾ ਬਣਾਉਣ ਦਾ ਉਪਦੇਸ਼ ਪਹਿਲੀ ਵਾਰ ਗੁਰਬਾਣੀ ਨੇ ਦਿੱਤਾ । ਜੇਕਰ ਜੀਵ ਪਰਮਾਤਮਾ ਦੇ ਗੁਣਾਂ ਨੂੰ ਅੰਗੀਕਾਰ ਕਰ ਲਵੇਗਾ ਤਾਂ ਸੰਸਾਰ ਵਿੱਚ ਨਿਰਭਉ ਨਿਰਵੈਰੀ ਕੀਮਤਾਂ ਦੀ ਸਥਾਪਨਾ ਹੋਵੇਗੀ । ਇਨ੍ਹਾਂ ਕੀਮਤਾਂ ਦੀ ਸਥਾਪਨਾ ਸੱਚ ਖੰਡ ਦੀ ਸਥਾਪਨਾ ਦਾ ਮਾਰਗ ਦਰਸ਼ਨ ਕਰੇਗੀ ਅਤੇ ਸੰਸਾਰ ਬੇਗਮਪੁਰਾ ਬਣ ਜਾਵੇਗਾ ।

ਗਾੱਸਪਲ ਆੱਫ ਗੁਰੂ ਗ੍ਰੰਥ ਸਾਹਿਬ ਵਿੱਚ ਗ੍ਰੀਨ ਲੀਜ਼ ਨੇ ਗੁਰੂ ਸਾਹਿਬ ਦੀ ਮਹਿਮਾ ਵਿੱਚ ਲਿਖਿਆ ਹੈ"ਪਵਿੱਤਰਤਾ ਅਤੇ ਰੂਹਾਨੀਅਤ ਦੇ ਨੁਕਤੇ ਤੋਂ ਗੁਰੂ ਗ੍ਰੰਥ ਸਾਹਿਬ ਦਾ ਦੁਨੀਆਂ ਦੇ ਦੂਜੇ ਧਰਮਾਂ ਵਿੱਚ ਉਚਾ ਮੁਕਾਮ ਹੈ ਇਹ ਕਿਸੇ ਭੇਸ ਵਟਾਵਾਂ ਰੂਪ ਨਹੀਂ ਹੈ।ਗੁਰੂ ਗ੍ਰੰਥ ਸਾਹਿਬ ਦਾ ਰੁਤਬਾ ਚੋਟੀ ਦਾ ਹੈ।ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਬਾਣੀ ਧੁਰੋਂ ਅੰਦਰੋਂ ਅਨੁਭਵ ਤੋਂ ਪ੍ਰਕਾਸ਼ੀ ਹੈ ਅਤੇ ਇਸ ਦਾ ਪੜ੍ਹੇ ਸੁਣੇ ਨਾਲ ਕੋਈ ਸੰਬੰਧ ਨਹੀਂ।"

ਨੋਬਲ ਪ੍ਰਾਈਜ਼ ਜੇਤੂ ਪਰਲ ਐਸ. ਬੈਂਕ ਨੇ ਗੁਰੂ ਗ੍ਰੰਥ ਸਾਹਿਬ ਦਾ ਉਲਥਾ ਪੜ੍ਹ ਕੇ ਲਿਖਿਆ ਸੀ "ਜਦ ਮੈਂ ਇਕੱਲ ਮਹਿਸੂਸ ਕਰਦੀ ਹਾਂ, ਚਿੰਤਾ ਦੀ ਘੜੀ ਸਤਾਂਦੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਕਾਂਤ ਬਖ਼ਸ਼ਦੀ ਹੈ, ਤਸੱਲੀ ਦੇਂਦੀ ਹੈ ਅਤੇ ਰੂਹ ਨੂੰ ਨਸ਼ਿਆ ਦੇਂਦੀ ਹੈ। ਪੜ੍ਹਦਿਆਂ ਇਕ ਵਿਸਮਾਦੀ ਰੰਗ ਛਾ ਜਾਂਦਾ ਹੈ। ਇਹ ਰੰਗ ਹਰ ਉਸ 'ਤੇ ਚੜ੍ਹ ਜਾਏਗਾ ਜੋ ਮਨ ਚਿਤ ਇਕ ਕਰ ਕੇ ਬਾਣੀ ਪੜ੍ਹੇਗਾ।"

ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਥਾਲ ਕਿਹਾ ਹੈ ਜਿਸ ਵਿਚ ਤਿੰਨ ਵਸਤੂਆਂ, ਸਤੁ, ਸੰਤੋਖ ਤੇ ਅੰਮ੍ਰਿਤ ਨਾਮ ਠਾਕੁਰ ਕਾ ਉਚੇਚੇ ਤੌਰ ਤੇ ਪਰੋਸੀਆਂ ਹਨ ਅਤੇ ਨਾਲ ਇਹ ਵੀ ਦਰਸਾਇਆ ਹੈ ਕਿ ਸਾਰਿਆਂ ਦਾ ਆਧਾਰ 'ਅੰਮ੍ਰਿਤ ਨਾਮ ਠਾਕੁਰ' ਕਾ ਹੈ। ਚੇਤਾਵਨੀ ਵੀ ਦਿੱਤੀ ਕਿ ਇਹ ਵਸਤੂਆਂ ਖਾਣ ਤੇ ਪਚਾਣ (ਖਾਵੈ, ਭੁੰਚੇ) ਦਾ ਵਲ ਆਉਣਾ ਵੀ ਜ਼ਰੂਰੀ ਹੈ ਜਿਸ ਨੂੰ ਇਹ ਵਲ ਆ ਗਿਆ ਉਹ ਇਹ ਸੰਸਾਰ ਸਹਿਜੇ ਹੀ ਤੁਰ ਜਾਏਗਾ।
ਸਮੁੱਚੀ ਬਾਣੀ ਵਿਚ ਜੋ ਰਸ ਜਾਂ ਰੌ ਦੌੜ ਰਹੀ ਹੈ, ਉਸ ਨੂੰ ਗੁਰੂ ਅਰਜਨ ਦੇਵ ਜੀ ਨੇ ਗਉੜੀ ਕੀ ਵਾਰ ਦੀ ਇਕ ਪਉੜੀ ਵਿਚ ਉਜਾਗਰ ਕੀਤਾ ਹੈ..
"ਜਿਸੁ ਸਰਬ ਸੁਖਾ ਫਲ ਲੋੜੀਅਹਿ
ਸੋ ਸਚੁ ਕਮਾਵਉ॥
ਨੇੜੈ ਦੇਖਉ ਪਾਰਬ੍ਰਹਮੁ ਇਕੁ ਨਾਮੁ ਧਿਆਵਉ॥ 
ਹੋਇ ਸਗਲ ਕੀ ਰੇਣੁਕਾ ਹਰਿ ਸੰਗਿ ਸਮਾਵਉ॥ 
ਦੂਖੁ ਨ ਦੇਈ ਕਿਸੈ ਜੀਅ ਪਤਿ ਸਿਉ ਘਰਿ ਜਾਵਉ॥
 ਪਤਿਤ ਪੁਨੀਤ ਕਰਤਾ ਪੁਰਖੁ ਨਾਨਕ ਸੁਣਾਵਉ॥ ੧੭॥
(ਅੰਗ ੩੨੨)

ਮਨਪ੍ਰੀਤ ਕੌਰ 'ਸੁਨਾਮ'
ਚੀਮਾ ਸਾਹਿਬ 


Harnek Seechewal

Content Editor Harnek Seechewal