ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਸਿੱਖੀ ਦੇ ਪ੍ਰਚਾਰ ਲਈ ਕੀਤੇ ਮਹਾਨ ਕਾਰਜ

4/27/2021 5:52:00 PM

ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਤੇ ਪਾਸਾਰ ਲਈ ਬਹੁਤ ਮਹਾਨ ਕਾਰਜ ਕੀਤੇ। ਸ੍ਰੀ ਗੋਇੰਦਵਾਲ ਸਾਹਿਬ ਨੂੰ ਪ੍ਰਚਾਰ ਲਈ ਕੇਂਦਰ ਬਣਾਇਆ। ਬਾਉਲੀ ਦੀ ਰਚਨਾ ਕੀਤੀ ਤੇ ਵਿਸਾਖੀ ਦਾ ਮੇਲਾ ਆਰੰਭ ਕੀਤਾ। ਗੁਰੂ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਬਾਈ ਮੰਜੀਆਂ ਸਥਾਪਤ ਕੀਤੀਆਂ। ਜਾਤ ਪਾਤ ਤੇ ਛੂਤ ਛਾਤ ਦੇ ਵਿਤਕਰੇ ਕਰਨ ਤੋਂ ਸਮਾਜ ਨੂੰ ਵਰਜਿਆ। ਸਤੀ ਦੀ ਰਸਮ ਵਰਗੀਆਂ ਅਨੇਕਾਂ ਸਮਾਜਿਕ ਬੁਰਾਈਆਂ ਦੂਰ ਕਰਨ ਦੇ ਉਪਰਾਲੇ ਕੀਤੇ ਤੇ ਗੁਰੂ ਕੇ ਲੰਗਰ ਸੰਬੰਧੀ ਵਿਸ਼ੇਸ਼ ਹੁਕਮ ਜਾਰੀ ਕੀਤੇ। ਸੰਖੇਪ ਵਿੱਚ ਅਸੀਂ ਇਉਂ ਵਿਚਾਰ ਕਰਦੇ ਹਾਂ :

ਗੋਇੰਦਵਾਲ ਵਸਾਉਣਾ :
ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਤਾਗੱਦੀ ਪਰ ਬਿਰਾਜਮਾਨ ਹੋਣ ਤੋਂ ਪਹਿਲਾਂ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹੁਕਮ ਨਾਲ ਗੋਇੰਦੇ ਖੱਤਰੀ ਦੀ ਬੇਨਤੀ ਮੰਨ ਕੇ 1546 ਈ. ਵਿੱਚ ਗੋਇੰਦਵਾਲ ਵਸਾਇਆ ਸੀ। ਗੋਇੰਦੇ ਨੂੰ ਭਰਮ ਸੀ ਕਿ ਇਸ ਧਰਤੀ 'ਤੇ ਪਰੇਤ ਵਸਦੇ ਹਨ, ਜੋ ਪਿੰਡ ਬੱਝਣ ਨਹੀਂ ਦਿੰਦੇ। ਇਸ ਨਾਲ ਸਮਾਜ ਨੂੰ ਮਾਨਸਿਕ ਸ਼ਕਤੀ ਵੀ ਮਿਲੀ ਕਿ ਜਿੱਥੇ ਗੁਰੂ ਤੇ ਗੁਰਬਾਣੀ ਦਾ ਸਿਮਰਨ ਹੋਵੇ, ਉਥੇ ਕੋਈ ਬੁਰੀ ਰੂਹ ਨਹੀਂ ਰਹਿ ਸਕਦੀ। ਗੁਰਿਆਈ ਮਿਲਣ ਉਪਰੰਤ ਤੀਜੇ ਪਾਤਸ਼ਾਹ ਜੀ ਨੇ ਪੱਕੇ ਰੂਪ ਵਿੱਚ ਇਥੇ ਆ ਟਿਕਾਣਾ ਕੀਤਾ। ਇਸੇ ਲਈ ਗੋਇੰਦਵਾਲ ਸਾਹਿਬ ਨੂੰ ਅੱਜ ਵੀ ਸਿੱਖੀ ਦਾ ਧੁਰਾ ਕਿਹਾ ਜਾਂਦਾ ਹੈ, ਕਿਉਂਕਿ ਇਥੇ ਸਿੱਖੀ ਦੀ ਮਰਯਾਦਾ ਪ੍ਰਪੱਕ ਹੋਈ। ਇੱਥੇ ਹੀ ਤੀਜੇ ਤੇ ਚੌਥੇ ਪਾਤਸ਼ਾਹ ਜੋਤੀ ਜੋਤ ਸਮਾਏ ਅਤੇ ਪੰਜਵੇਂ ਸਤਿਗੁਰਾਂ ਦਾ ਇੱਥੇ ਪ੍ਰਕਾਸ਼ ਹੋਇਆ।

ਬਾਉਲੀ ਸਾਹਿਬ ਦੀ ਰਚਨਾ
ਸ੍ਰੀ ਗੁਰੂ ਅਮਰਦਾਸ ਜੀ ਨੇ ਸੰਨ 1559 ਵਿਚ ਗੋਇੰਦਵਾਲ ਵਿਖੇ ਬਾਉਲੀ ਦੀ ਖੁਦਾਈ ਆਰੰਭ ਕਰਵਾਈ, ਜੋ 1564 ਈ. ਵਿੱਚ ਸੰਪੂਰਨ ਹੋਈ। ਇਸ ਬਾਉਲੀ ਦੀਆਂ 84 ਪਾਉੜੀਆਂ ਬਣਾਈਆਂ ਅਤੇ ਇਹ ਸਿੱਖ ਤੀਰਥਾਂ ਵਿੱਚੋਂ ਪਹਿਲਾ ਤੀਰਥ ਹੈ। ਇਸ ਦੇ ਬਣਨ ਨਾਲ ਸਿੱਖ ਸਮਾਜ ਅਨੇਕ ਤੀਰਥਾਂ ਦੀ ਭਟਕਣਾ ਤੋਂ ਹਟ ਕੇ ਗੁਰੂ ਘਰ ਵੱਲ ਕੇਂਦਰਤ ਹੋਇਆ।

ਵਿਸਾਖੀ ਦਾ ਮੇਲਾ :
ਇਤਿਹਾਸ ਵਿੱਚ ਆਉਂਦਾ ਹੈ ਕਿ ਇਕ ਦਿਨ ਭਾਈ ਪਾਰੋ ਜੀ ਨੇ ਤੀਸਰੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ! ਵੱਖ-ਵੱਖ ਥਾਵਾਂ ਤੋਂ ਬੇਅੰਤ ਸੰਗਤਾਂ ਆਪ ਜੀ ਦੇ ਦਰਸ਼ਨਾਂ ਲਈ ਆਉਂਦੀਆਂ ਹਨ। ਸਾਨੂੰ ਕੋਈ ਸਾਂਝੇ ਜੋੜ ਮੇਲੇ ਦਾ ਦਿਨ ਪੱਕਾ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਸਾਰੀਆਂ ਸਿੱਖ ਸੰਗਤਾਂ ਇਕੱਠੀਆਂ ਹੋ ਜਾਇਆ ਕਰਨਗੀਆਂ। ਗੁਰੂ ਜੀ ਨੇ ਗੋਇੰਦਵਾਲ ਵਿਖੇ ਸਭ ਤੋਂ ਪਹਿਲਾਂ 1567 ਈ. ਵਿਚ ਵਿਸਾਖੀ ਦਾ ਮੇਲਾ ਸ਼ੁਰੂ ਕੀਤਾ। ਇਥੇ ਸੰਗਤਾਂ ਦੀ ਰਿਹਾਇਸ਼ ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਹੌਲੀ-ਹੌਲੀ ਵਿਸਾਖੀ ਸਿੱਖ ਪੰਥ ਦਾ ਕੌਮੀ ਤਿਉਹਾਰ ਬਣ ਗਿਆ।


rajwinder kaur

Content Editor rajwinder kaur