ਗੁਰੂ ਨਾਨਕ ਦੇਵ ਜੀ ਦੇ 'ਵਿਆਹ' ਦੀ ਯਾਦ ਵਜੋਂ ਸੁਸ਼ੋਭਿਤ ਗੁਰਦੁਆਰਾ ਸ੍ਰੀ ਕੰਧ ਸਾਹਿਬ ਬਟਾਲਾ

6/21/2021 6:11:46 PM

ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਕੰਧ ਸਾਹਿਬ ਬਟਾਲਾ ਵਿਖੇ ਸੁਸ਼ੋਭਿਤ ਹੈ।  ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਭਾਈ ਮੂਲ ਚੰਦ ਦੀ ਸਪੁੱਤਰੀ (ਮਾਤਾ) ਸੁਲੱਖਣੀ ਜੀ ਨਾਲ ਬਟਾਲੇ ਵਿਖੇ ਹੋਇਆ। ਗੁਰੂ ਜੀ ਦੇ ਵਿਆਹ ਸਮੇਂ ਬਰਾਤ ਦਾ ਉਤਾਰਾ ਪਹਿਲਾਂ ‘ਗੁਰਦੁਆਰਾ ਕੰਧ ਸਾਹਿਬ’ ਦੇ ਅਸਥਾਨ 'ਤੇ ਕੀਤਾ ਗਿਆ ਸੀ। ਬਾਅਦ ਵਿੱਚ ਇਸ ਅਸਥਾਨ ‘ਤੇ ਪੱਕਾ ‘ਗੁਰ ਅਸਥਾਨ’ ਬਣਾਇਆ ਗਿਆ। ਜਿਸ ਪੁਰਾਤਨ ਕੱਚੀ ਕੰਧ ਦੇ ਹੇਠਾਂ ਜਗਤ ਗੁਰੂ, ਗੁਰੂ ਨਾਨਕ ਸਾਹਿਬ ਨੇ ਕੁਝ ਸਮਾਂ ਨਿਵਾਸ ਕੀਤਾ, ਉਹ ‘ਕੱਚੀ ਕੰਧ’ ਗੁਰਦੁਆਰਾ ਕੰਧ ਸਾਹਿਬ ਵਿਖੇ ਸ਼ੀਸ਼ੇ ਦੇ ਫਰੇਮ ਵਿਚ ਸੁਰੱਖਿਅਤ ਹੈ। ਗੁਰੂ ਜੀ ਦਾ ਵਿਆਹ ‘ਗੁਰਦੁਆਰਾ ਡੇਰਾ ਸਾਹਿਬ’ ਦੇ ਅਸਥਾਨ ‘ਤੇ ਹੋਇਆ।

PunjabKesari

ਬਟਾਲਾ ਉਹ ਸ਼ਹਿਰ ਹੈ ਜਿੱਥੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਮੁਬਾਰਕ ਚਰਨ ਪਾਏ ਸਨ ਜਦ ਗੁਰੂ ਜੀ ਆਪਣੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵਿਆਹੁਣ ਆਏ ਸਨ। ਬਟਾਲਾ ਸ਼ਹਿਰ ਵਿਚ ਗੁਰਦੁਆਰਾ ਕੰਧ ਸਾਹਿਬ ਤੋਂ ਇਲਾਵਾ ਗੁਰਦੁਆਰਾ ਡੇਰਾ ਸਾਹਿਬ ਤੇ ਗੁਰਦੁਆਰਾ ਸਤਿ ਕਰਤਾਰੀਆਂ ਦਰਸ਼ਨ ਕਰਨ ਯੋਗ ਅਸਥਾਨ ਹਨ। 

ਇਸ ਪਵਿੱਤਰ ਅਸਥਾਨ 'ਤੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਤੇ ਵਿਆਹ ਪੁਰਬ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ।  ਇਸ ਧਾਰਮਿਕ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ।


Harnek Seechewal

Content Editor Harnek Seechewal