ਨੌਵੇਂ ਪਾਤਸ਼ਾਹ ਦਾ ਚਰਨ ਛੋਹ ਅਸਥਾਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸ੍ਰੀ ਅੰਮ੍ਰਿਤਸਰ

5/8/2021 3:32:53 PM

ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਯਾਦ 'ਚ ਸ਼ੁਸ਼ੋਭਿਤ ਹੈ। ਇਹ ਅਸਥਾਨ ਸ੍ਰੀ ਅੰਮ੍ਰਿਤਸਰ ਸ਼ਹਿਰ ਤੋਂ ਉੱਤਰ ਪੂਰਬ ਦੀ ਦਿਸ਼ਾ ਵਿੱਚ ਦੋ ਕਿਲੋਮੀਟਰ ਦੂਰੀ 'ਤੇ ਸਥਿਤ ਹੈ। ਜਿਹੜੀ ਸੰਗਤ ਵੱਲਾ ਸਾਹਿਬ ਦਰਸ਼ਨਾਂ ਲਈ ਜਾਂਦੀ ਹੈ ਉਹ ਇਸ ਅਸਥਾਨ ਦੇ ਵੀ ਦਰਸ਼ਨ ਕਰਦੀ ਹੈ। ਤਿਆਗ ਦੀ ਮੂਰਤ ਗੁਰੂ ਤੇਗ਼ ਬਹਾਦਰ ਸਾਹਿਬ ਅੰਮ੍ਰਿਤਸਰ ਤੋਂ ਵੱਲਾ ਜਾਣ ਵੇਲੇ ਇਸ ਥਾਂ ਕੁਝ ਸਮੇਂ ਲਈ ਠਹਿਰੇ ਸਨ । ਗੁਰੂ ਸਾਹਿਬ ਜੀ ਦਾ ਚਰਨ ਛੋਹ ਅਤੇ ਕੁਝ ਸਮਾਂ ਠਹਿਰਣ ਕਰਕੇ ਇਹ ਅਸਥਾਨ ਪਾਵਨ ਬਣ ਗਿਆ ਤੇ ਇਸ ਥਾਂ ਦਾ ਨਾਂ ਦਮਦਮਾ ਸਾਹਿਬ ਪ੍ਰਸਿੱਧ ਹੋਇਆ।

PunjabKesari

ਗੁਰਦੁਆਰਾ ਸਾਹਿਬ ਦਾ ਇਤਿਹਾਸ

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਗੁਰਗੱਦੀ 'ਤੇ ਬਿਰਾਜਮਾਨ ਹੋਣ ਤੋਂ ਬਾਅਦ ਸਿੱਖੀ ਪ੍ਰਚਾਰ ਲਈ ਕਈ ਥਾਵਾਂ ਦਾ ਭ੍ਰਮਣ ਕੀਤਾ । ਆਪ ਜੀ ਨੇ ਮਾਝਾ, ਮਾਲਵਾ ਰਟਨ ਦਾ ਮਨ ਬਣਾਇਆ ਤਾਂ ਯਾਤਰਾ ਦਾ ਆਰੰਭ ਮਾਝੇ ਦੇ ਗੁਰਧਾਮਾਂ ਤੋਂ ਕੀਤਾ । ਸਭ ਤੋਂ ਪਹਿਲਾਂ ਗੁਰੂ ਤੇਗ਼ ਬਹਾਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ । ਸ੍ਰੀ ਅੰਮ੍ਰਿਤਸਰ ਦਾ ਪ੍ਰਬੰਧ ਉਸ ਵੇਲੇ ਮੀਣਿਆਂ ਦੇ ਹੱਥ ਸੀ। ਉਨਾਂ ਨੇ ਆਪਣੇ ਵੱਲੋਂ ਬਾਣੀ ਰਚ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਰਬਾਬੀਆਂ ਪਾਸੋਂ ਗਵਾਉਂਣੀ ਸ਼ੁਰੂ ਕਰ ਦਿੱਤੀ ਸੀ। ਗੁਰੂ ਸਾਹਿਬ ਨੂੰ ਹਰਿਮੰਦਰ ਸਾਹਿਬ ਵੱਲ ਆਉਂਦਿਆਂ ਸੁਣ ਕੇ ਮੀਣਿਆਂ ਤੇ ਮਸੰਦਾਂ ਨੇ ਦਰਸ਼ਨੀ ਡਿਉਡੀ ਦੇ ਦਰਵਾਜ਼ੇ ਬੰਦ ਕਰ ਲਏ। ਇਹ ਦੇਖ ਕੇ ਗੁਰੂ ਸਾਹਿਬ ਇਸ਼ਨਾਨ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਲਾਗੇ ਇੱਕ ਥੜ੍ਹੇ 'ਤੇ ਬਿਰਾਜ ਮਾਨ ਹੋ ਗਏ ਤੇ ਸ਼ਾਮ ਵੇਲੇ ਅੰਮ੍ਰਿਤਸਰ ਤੋਂ ਪਿੰਡ ਵੱਲਾ ਨੂੰ ਰਵਾਨਾ ਹੋ ਗਏ। ਵੱਲਾ ਜਾਂਦਿਆਂ ਰਸਤੇ ਵਿੱਚ ਇਸ ਅਸਥਾਨ ਤੇ ਗੁਰੂ ਸਾਹਿਬ ਵਿਸ਼ਰਾਮ ਕਰਨ ਲਈ ਕੁਝ ਸਮਾਂ ਰੁਕੇ ਤੇ ਸੰਗਤ ਨੇ ਸੇਵਾ ਕੀਤੀ । ਗੁਰੂ ਜੀ ਦੇ ਚਰਨ ਪੈਣ ਦੀ ਯਾਦ 'ਚ ਇੱਥੇ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਦੀ ਉਸਾਰੀ ਕੀਤੀ ਗਈ ਹੈ ਜਿੱਥੇ ਸੰਗਤਾਂ ਹੁੰਮ –ਹੁੰਮਾ ਕੇ ਪੁੱਜਦੀਆਂ ਤੇ ਦਰਸ਼ਨ ਕਰਦੀਆਂ ਹਨ । ਸੰਗਤ ਲਈ ਇੱਥੇ ਲਗਾਤਾਰ ਗੁਰਬਾਣੀ ਦਾ ਪ੍ਰਵਾਹ ਚਲਦਾ ਹੈ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਂਦੇ ਹਨ । ਸੰਗਤ ਦੀ ਮਾਨਤਾ ਹੈ ਕਿ ਇਸ਼ ਅਸਥਾਨ ਦੇ ਦਰਸ਼ਨ ਕਰਨ ਨਾਲ ਗੁਰੂ ਸਾਹਿਬ ਹਰ ਅਰਦਾਸ ਪੂਰੀ ਕਰਦੇ ਹਨ।  ਗੁਰਦੁਆਰਾ ਦਮਦਮਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਭਾਲਦੀ ਹੈ ।  


Harnek Seechewal

Content Editor Harnek Seechewal