ਪਵਿੱਤਰ ਅਤੇ ਮੁਕੱਦਸ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ

3/1/2021 12:01:08 PM

ਅੰਮ੍ਰਿਤਸਰ ਦਾ ਮੁੱਢਲਾ ਇਤਿਹਾਸ ਆਮ ਸ਼ਹਿਰਾਂ ਅਤੇ ਨਗਰਾਂ  ਤੋਂ ਕੁਝ ਵੱਖਰਾ ਇਸ ਕਰਕੇ ਹੈ ਕਿਉਕਿ ਇਹ ਸ਼ਹਿਰ ਗੁਰੂ ਸਾਹਿਬਾਨਾਂ ਨੇ ਧਾਰਮਿਕ ਨੁਕਤਾ ਨਿਗਾਹ ਤੋਂ ਹੀ ਵਸਾਇਆ ।ਗਿਆਨੀ ਗਿਆਨ ਸਿੰਘ ਅਨੁਸਾਰ ਉਸ ਢਾਬ ਦੇ ਕਿਨਾਰੇ ਜਿਥੋਂ ਗੁਰੂ ਅਮਰਦਾਸ ਜੀ, ਗੁਰੂ ਅੰਗਦ ਦੇਵ ਜੀ ਦੇ ਅੰਗੂਠੇ ਲਈ ਅੰਮ੍ਰਿਤ ਬੂਟੀ ਲੱਭ ਕੇ ਲੈ ਗਏ ਸਨ, ਉਸ ਅਸਥਾਨ ਤੇ ਗੁਰੂ ਰਾਮਦਾਸ ਜੀ ਨੂੰ ਇਕ ਨਗਰ ਵਸਾਉਣ ਦਾ ਆਦੇਸ਼ ਦਿੱਤਾ ਸੀ।ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਤੁੰਗ, ਸੁਲਤਾਨ-ਵਿੰਡ, ਗੁਮਟਾਲਾ ਪਿੰਡ ਦੇ ਵਿਚਕਾਰ ਨਗਰ ਵਸਾਉਣ ਲਈ ਕਿਹਾ।ਗੁਰੂ ਰਾਮਦਾਸ ਜੀ ਨੇ (ਗਜ਼ਟੀਅਰ ਅੰਮ੍ਰਿਤਸਰ, ਪੰਨਾ 60 ਅਨੁਸਾਰ) 'ਤੁੰਗ' ਪਿੰਡ ਦੇ ਜ਼ਿਮੀਂਦਾਰਾਂ ਤੋਂ 700 ਰੁਪਏ ਦੀ ਜ਼ਮੀਨ ਖ਼ਰੀਦ ਕੇ 1574 ਈ. ਵਿਚ ਇਸ ਨਗਰ ਦੀ ਨੀਂਹ ਰੱਖੀ ।

ਗੁਰੂ ਰਾਮਦਾਸ ਜੀ ਨੇ ਜਿੱਥੇ ਰਹਿ ਕੇ ਅੰਮ੍ਰਿਤਸਰ ਸ਼ਹਿਰ ਅਤੇ ਸ੍ਰੀ ਦਰਬਾਰ ਸਾਹਿਬ  ਪਵਿੱਤਰ ਸੱਚਖੰਡ ਦੀ ਇਮਾਰਤ ਤਿਆਰ ਕਰਵਾਈ ਅਤੇ ਆਪਣੇ ਪਰਿਵਾਰ ਸਮੇਤ ਜਿੱਥੇ ਨਿਵਾਸ ਕੀਤਾ ਉਸ ਅਸਥਾਨ ਨੂੰ ਗੁਰੂ ਕੇ ਮਹਿਲ ਕਿਹਾ ਜਾਂਦਾ ਹੈ।ਇਸ ਪਵਿੱਤਰ ਅਤੇ ਮੁਕੱਦਸ‌ ਅਸਥਾਨ 'ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪੋਤਰੇ ਤੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਦਾ ਜਨਮ 1 ਅਪ੍ਰੈਲ 1621 ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ। ਆਪਣੇ ਭੈਣ ਭਰਾਵਾਂ 'ਚੋਂ ਸਭ ਤੋਂ ਛੋਟੇ ਗੁਰੂ ਜੀ ਦੇ ਬਾਬਾ ਗੁਰਦਿੱਤਾ ਜੀ, ਬਾਬਾ ਅਣੀ ਰਾਇ ਜੀ, ਬਾਬਾ ਸੂਰਜ ਮੱਲ, ਬਾਬਾ ਅਟੱਲ ਰਾਏ ਜੀ ਭਰਾ ਸਨ ਅਤੇ ਇਕ ਭੈਣ ਸੀ ਬੀਬੀ ਵੀਰੋ ਜੀ।

ਗੁਰੂ ਜੀ ਬਚਪਨ ਵਿੱਚ ਹੀ ਪ੍ਰੇਮ ਭਗਤੀ ਅਤੇ ਨਿਮਰ ਸੁਭਾਅ ਦੇ ਮਾਲਕ ਸਨ। ਆਪਣੇ ਆਪ 'ਚ ਮਸਤ ਰਹਿਣ ਵਾਲੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਆਪਣੇ ਸਾਥੀਆਂ ਨਾਲ ਖੇਡਣ 'ਚ ਬਹੁਤ ਘੱਟ ਸਮਾਂ ਬਿਤਾਇਆ। ਸਗੋਂ ਕੇ ਇਸ ਦੇ ਉਲਟ ਆਪ ਜੀ ਦੇ ਭਰਾਤਾ ਬਾਬਾ ਅਟੱਲ ਰਾਏ ਸਾਹਿਬ ਜੀ ਸਾਥੀਆਂ ਨਾਲ ਖੇਡਣ 'ਚ ਪ੍ਰਸੰਨ ਚਿੱਤ ਰਹਿੰਦੇ ਸਨ।  ਪ੍ਰਿੰਸੀਪਲ ਸਤਬੀਰ ਸਿੰਘ ਜੀ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਨਿਮਰਤਾ ਦੇ ਪੁੰਜ ਤੇ ਮਨ ਨੀਵਾਂ ਤੇ ਮੱਤ ਉੱਚੀ ਦੇ ਧਾਰਨੀ ਸਨ । ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪਿਤਾ ਜੀ ਦੇ ਸਨਮੁੱਖ ਬੈਠਦੇ ਤਾ ਅੱਖਾਂ ਨੀਵੀਆਂ ਕਰ ਲੈਂਦੇ। ਇਕ ਵਾਰ ਦਰਬਾਰ ਅੰਦਰ ਬੈਠੀ ਸੰਗਤ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੁੱਛਿਆ ਕੀ ਗੁਰੂ ਜੀ ਆਪ ਜੀ ਦੇ ਲਾਲ ਆਪ ਜੀ ਦੇ ਸਾਹਮਣੇ ਹਮੇਸ਼ਾ ਅੱਖਾਂ ਨੀਵੀਆਂ ਕਰ ਕੇ ਬੈਠ ਜਾਂਦੇ ਹਨ ਤਾਂ ਅੱਗੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉੱਤਰ ਦਿੱਤਾ ਜਿਸ ਨੂੰ ਅੰਦਰ ਦੇ ਸਾਰੇ ਔਗੁਣਾਂ ਦਾ ਪਤਾ ਹੋਵੇ ਉਸ ਦੇ ਸਾਹਮਣੇ ਨੇਤਰ ਨਹੀਂ ਚੁੱਕੇ ਜਾਂਦੇ।

ਗੁਰੂ ਤੇਗ ਬਹਾਦਰ ਜੀ ਦਾ ਬਚਪਨ ਗੁਰੂ ਕੇ ਮਹਿਲ ਅੰਮ੍ਰਿਤਸਰ 'ਚ ਬਤੀਤ ਹੋਇਆ । ਜਦੋਂ  1635 ਵਿਚ ਗੁਰੂ ਹਰਗੋਬਿੰਦ ਸਾਹਿਬ ਨੇ ਅੰਮ੍ਰਿਤਸਰ ਛੱਡ ਕੇ ਕਰਤਾਰਪੁਰ ਸਾਹਿਬ ਜਾਣ ਦਾ ਫ਼ੈਸਲਾ ਕੀਤਾ ਤਾਂ ਗੁਰੂ ਤੇਗ ਬਹਾਦਰ ਜੀ ਵੀ ਨਾਲ ਹੀ ਸਨ। ਇਸ ਤੋਂ ਪਿੱਛੋਂ ਕਿਸੇ ਵੀ ਗੁਰੂ ਸਾਹਿਬ ਨੇ ਅੰਮ੍ਰਿਤਸਰ ਟਿਕਾਣਾ ਨਹੀਂ ਕੀਤਾ। ਸਤਾਰ੍ਹਵੀਂ ਸਦੀ 'ਚ ਓਸ ਸਮੇਂ ਮੁਗਲਾਂ ਦੇ ਜ਼ੋਰ ਹੋਣ ਕਰਕੇ ਅਤੇ ਲਾਹੌਰ ਨੇੜੇ ਹੋਣ ਕਰਕੇ ਮੁਗਲ ਸਿੱਖੀ ਦੇ ਧਰਮ ਪ੍ਰਚਾਰ 'ਚ ਦਖ਼ਲ ਅੰਦਾਜੀ ਦੇਣ ਲੱਗੇ, ਜਿਸ ਕਰਕੇ ਗੁਰੂ ਜੀ ਦਾ ਪਰਿਵਾਰ ਗੁਰੂ ਕੇ ਮਹਿਲ ਅੰਮ੍ਰਿਤਸਰ ਤੋਂ ਚਲਾ ਗਿਆ । ਮਗਰੋਂ  ਗੁਰੂ ਕੇ ਮਹਿਲ ਅਸਥਾਨ ਅਤੇ ਸ੍ਰੀ ਦਰਬਾਰ ਸਾਹਿਬ 'ਤੇ ਗੁਰੂ ਹਰਗੋਬਿੰਦ ਜੀ ਦੇ ਤਾਇਆ ਜੀ ਦੇ ਪੁੱਤਰ ਮੀਣਾ ਸੰਪਰਦਾਇ ਦੇ ਮੁਖੀ ਮਿਹਰਬਾਨ ਅਤੇ ਉਸਦੇ ਪੁੱਤਰ ਹਰਜੀ ਨੇ ਕਬਜ਼ਾ ਕਰ ਕੇ ਪ੍ਰਬੰਧ ਸੰਭਾਲ ਲਿਆ।

ਗੁਰੂ ਤੇਗ ਬਹਾਦਰ ਜੀ ਕਰਤਾਰਪੁਰ ਸਾਹਿਬ ਚ ਕਾਫ਼ੀ ਸਮਾਂ ਬਤੀਤ ਕਰਨ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਰਾਜਾਂ 'ਚ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਉਜਾਗਰ ਕਰਨ ਲਈ  ਅਤੇ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਨਿਕਲੇ।ਗੁਰੂ ਹਰਕ੍ਰਿਸ਼ਨ ਜੀ ਦੇ ਗੁਰਪੁਰੀ ਪਿਆਨੇ ਮਗਰੋਂ ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲੇ ਵਿਖੇ ਭਗਤੀ 'ਚ ਲੀਨ ਸਨ। ਮੱਖਣ ਸ਼ਾਹ ਲੁਬਾਣਾ ਨੇ 'ਗੁਰ ਲਾਧੋ ਰੇ' ਦਾ ਹੋਕਾ ਦਿੱਤਾ । ਗੁਰੂ ਤੇਗ ਬਹਾਦਰ ਜੀ ਗੁਰਗੱਦੀ ਤੇ ਬੈਠਣ ਤੋਂ ਬਾਅਦ ਅੰਮ੍ਰਿਤਸਰ ਆਪਣੇ ਪੁਰਾਣੇ ਨਿਵਾਸ ਗੁਰੂ ਕੇ ਮਹਿਲ ਵਿਖੇ ਆਏ । ਕੁਝ ਚਿਰ ਆਰਾਮ ਕਰਨ ਮਗਰੋਂ ਜਦੋਂ ਸ੍ਰੀ ਦਰਬਾਰ ਸਾਹਿਬ ਵੱਲ ਦਰਸ਼ਨ ਕਰਨ ਆਏ ਤਾਂ ਓਥੇ ਮੌਜੂਦ ਮਿਹਰਬਾਨ ਮੀਣੇ ਦੇ ਪਰਿਵਾਰ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ੍ਰੀ ਦਰਬਾਰ ਸਾਹਿਬ ਚ ਦਾਖ਼ਲ ਨਹੀਂ ਹੋਣ ਦਿੱਤਾ । ਇਸ ਤਰ੍ਹਾਂ ਗੁਰੂ ਜੀ ਨੇ ਹਰਮਿੰਦਰ ਸਾਹਿਬ ਕੋਲ ਨਿਵਾਸ ਕੀਤਾ। ਜਿੱਥੇ ਹੁਣ ਗੁਰਦੁਆਰਾ ਥੜਾ ਸਾਹਿਬ ਸੁਸ਼ੋਭਿਤ ਹੈ।

ਇਥੋਂ ਹੀ  ਗੁਰੂ ਜੀ ਫਿਰ ਧਰਮ ਪ੍ਰਚਾਰ ਲਈ ਨਿਕਲੇ । ਸਭ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਪਿੰਡ ਵੱਲ੍ਹੇ ਅਤੇ ਫਿਰ ਘੁੱਕੇ ਵਾਲੀ ਗਏ ਜਿਥੇ ਕੁਦਰਤੀ ਸੁੰਦਰਤਾ ਬਹੁਤ ਸੀ ਜਿਸ ਤੋਂ ਖ਼ੁਸ਼ ਹੋ ਕੇ ਇਸਦਾ ਨਾਮ 'ਗੁਰੂ ਕਾ ਬਾਗ' ਰੱਖ ਦਿੱਤਾ। ਫਿਰ ਗੁਰੂ ਜੀ ਤਰਨਤਾਰਨ, ਖਡੂਰ ਸਾਹਿਬ, ਗੋਇੰਦਵਾਲ ਤੋਂ ਮਾਲਵੇ ਵੱਲ ਚਲੇ ਗਏ।ਗੁਰੂ ਜੀ ਆਪਣੇ ਜੱਦੀ ਘਰ ਵਿਚ  ਰਹਿਣਾ ਤਾਂ ਚਾਹੁੰਦੇ ਸਨ ਪਰ ਪਰਿਵਾਰ ਦੀਆਂ ਨੀਤੀਆਂ ਅਤੇ ਸੁਭਾਅ ਕਾਰਨ ਗੁਰੂ ਕੇ ਮਹਿਲ ਵਿਖੇ ਨਾ ਰਹਿਣ ਦਾ ਮਨ ਬਣਾ ਲਿਆ। ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਕਦੀ ਵੀ ਅੰਮ੍ਰਿਤਸਰ ਨਹੀਂ ਆਏ।

ਭਟਕੀ ਹੋਈ ਲੋਕਾਈ ਨੂੰ ਸੁਚੇਤ ਕਰਨ ਅਤੇ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਮਾਰਗ 'ਤੇ ਚੱਲਣ ਲਈ ਗੁਰੂ ਸਾਹਿਬ ਨੇ ਯਾਤਰਾਵਾਂ ਕਰਨ ਤੋਂ ਬਾਅਦ ਜੂਨ 1655 'ਚ ਬਿਲਾਸਪੁਰ ਦੇ ਰਾਜੇ ਭੀਮ ਚੰਦ ਦੀ ਰਾਣੀ ਜਲਾਲ ਦੇਵੀ ਤੋਂ 500 ਰੁ: ਵਿੱਚ ਜ਼ਮੀਨ ਖ਼ਰੀਦ ਕੇ ਚੱਕ ਨਾਨਕੀ ਨਾਂ ਦਾ ਸ਼ਹਿਰ ਵਸਾਇਆ ਜਿਸ ਨੂੰ ਆਨੰਦਪੁਰ ਸਾਹਿਬ ਕਿਹਾ ਜਾਣ ਲੱਗਾ।

ਇਥੇ ਹੀ ਇਕ ਦਿਨ ਭਾਈ ਕਿਰਪਾ ਰਾਮ ਦੀ ਅਗਵਾਈ 'ਚ  ਮਈ, 1675 ਦੇ ਦਿਨ 16 ਕਸ਼ਮੀਰੀ ਬ੍ਰਾਹਮਣਾਂ ਦਾ ਇਕ ਜੱਥਾ ਵੀ ਚੱਕ ਨਾਨਕੀ ਵਿਖੇ ਆਇਆ ਅਤੇ  ਗੁਰੂ ਸਾਹਿਬ ਦੇ ਦਰਬਾਰ ਵਿਚ ਆ ਫ਼ਰਿਆਦ ਕਰਨ ਲੱਗੇ ਕਿ ਸਾਨੂੰ ਕਸ਼ਮੀਰ ਦਾ ਗਵਰਨਰ ਇਫ਼ਤਿਖ਼ਾਰ ਖ਼ਾਨ ਤੰਗ ਕਰਦਾ ਹੈ। ਹਰ ਰੋਜ਼ ਸੈਂਕੜੇ ਬ੍ਰਾਹਮਣਾਂ ਨੂੰ ਜਬਰੀ ਮੁਸਲਮਾਨ ਬਣਾ ਰਿਹਾ ਹੈ। ਅਸੀ ਸਾਰੇ ਹਿੰਦੂ ਧਾਰਮਿਕ ਅਸਥਾਨਾਂ 'ਤੇ ਫ਼ਰਿਆਦ ਕਰ ਚੁੱਕੇ ਹਾਂ ਸਾਡੀ ਕਿਸੇ ਨੇ ਨਹੀਂ ਸੁਣੀ।  ਗੁਰੂ ਤੇਗ਼ ਬਹਾਦਰ ਸਾਹਿਬ ਨੇ ਪੰਡਿਤਾਂ ਨੂੰ ਕਿਹਾ ਕਿ, 'ਗੁਰੂ ਨਾਨਕ ਸਾਹਿਬ ਦੇ ਦਰ ਤੋਂ ਕਦੇ ਵੀ ਕੋਈ ਖ਼ਾਲੀ ਨਹੀਂ ਜਾਂਦਾ। ਵਾਹਿਗੁਰੂ ਤੁਹਾਡੀ ਮਦਦ ਕਰਨਗੇ। ਜਾਓ, ਸੂਬੇਦਾਰ ਨੂੰ ਆਖ ਦਿਉ ਕਿ ਜੇ ਉਹ ਗੁਰੂ ਤੇਗ਼ ਬਹਾਦਰ ਨੂੰ ਮੁਸਲਮਾਨ ਬਣਾ ਲਵੇ ਤਾਂ ਸਾਰੇ ਕਸ਼ਮੀਰੀ ਬ੍ਰਾਹਮਣ ਮੁਸਲਮਾਨ ਬਣ ਜਾਣਗੇ।'  ਆਪ ਜੀ ਦੇ ਬਚਨ ਸੁਣ ਕੇ ਪੂਰੇ ਦਰਬਾਰ ਵਿੱਚ ਸੱਨਾਟਾ ਛਾ ਗਿਆ।ਆਪ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦੇਣ ਦਾ ਫ਼ੈਸਲਾ ਕਰ ਲਿਆ।

ਅੰਤ ਮਿਤੀ 11 ਨਵੰਬਰ, 1675 ਈ: ਨੂੰ ਚਾਂਦਨੀ ਚੌਂਕ ਵਿਖੇ ਕਾਜ਼ੀ ਨੇ ਫ਼ਤਵਾ ਪੜ੍ਹਿਆ। ਜੱਲਾਦ ਜਲਾਲਦੀਨ ਨੇ ਤਲਵਾਰ ਨਾਲ ਵਾਰ ਕੀਤਾ ਅਤੇ ਗੁਰੂ ਸਾਹਿਬ ਦਾ ਸੀਸ ਧੜ ਨਾਲੋਂ ਅਲੱਗ ਹੋ ਗਿਆ। ਆਪ ਜੀ ਦੀ ਅਦੁੱਤੀ ਸ਼ਹਾਦਤ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ‘ਬਚਿਤਰ ਨਾਟਕ’ ਵਿੱਚ ਲਿਖਿਆ ਹੈ:

ਤਿਲਕ ਜੰਞੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥
ਸਾਧਨ ਹੇਤਿ ਇਤੀ ਜਿਨਿ ਕਰੀ॥ ਸੀਸੁ ਦੀਯਾ ਪਰੁ ਸੀ ਨ ਉਚਰੀ॥
ਧਰਮ ਹੇਤ ਸਾਕਾ ਜਿਨਿ ਕੀਆ॥ ਸੀਸੁ ਦੀਆ ਪਰੁ ਸਿਰਰੁ ਨ ਦੀਆ॥
(ਦਸਮ ਗ੍ਰੰਥ)

ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਪੂਰੇ ਸੰਸਾਰ ਵਿੱਚ ਇਕ ਅਨੋਖੀ ਮਿਸਾਲ ਵਜੋਂ ਜਾਣੀ ਜਾਂਦੀ ਹੈ। ਕਿਸੇ ਧਰਮ ਦੀ ਰਾਖੀ ਲਈ ਆਪਣਾ ਆਪਾ ਕੁਰਬਾਨ ਕਰਨ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਇਸ ਸਾਲ 2021 'ਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 400 ਸਾਲਾ ਪ੍ਰਕਾਸ਼ ਪੁਰਬ ਤੇ ਸ਼ਤਾਬਦੀ ਪੂਰੇ ਉਤਸਾਹ ਨਾਲ ਗੁਰਦੁਆਰਾ ਸ੍ਰੀ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਮਨਾਂ ਰਹੀ ਹੈ। ਇਸ ਮੌਕੇ 'ਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਪੁੱਜ ਰਹੀਆਂ ਹਨ। ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਹਨ।

ਅਵਤਾਰ ਸਿੰਘ ਆਨੰਦ
9877092505

 


Harnek Seechewal

Content Editor Harnek Seechewal