ਫਿਰਿ ਬਾਬਾ ਗਿਆ ਬਗਦਾਦ ਨੋ

11/18/2021 11:15:20 AM

ਸ੍ਰੀ ਗੁਰੂ ਨਾਨਕ ਦੇਵ ਜੀ ਇਕ ਯੁੱਗ ਪੁਰਸ਼ ਅਤੇ ਆਪਣੇ ਆਪ ਵਿਚ ਮਹਾਨ ਵਿਅਕਤੀਤਵ ਦੇ ਮਾਲਕ ਸਨ। ਗੁਰੂ ਜੀ ਨੂੰ ਸਿਰਫ ਸਿੱਖ ਧਰਮ ਦੇ ਗੁਰੂ ਵਜੋਂ ਹੀ ਨਹੀਂ, ਸਗੋਂ ਸਮੁੱਚੀ ਲੋਕਾਈ ਦੇ ਰਹਿਬਰ ਵਜੋਂ ਜਾਣਿਆ ਜਾਂਦਾ ਹੈ। ਜਦੋਂ ਅਸੀਂ ਉਨ੍ਹਾਂ ਦੀ ਇਸ ਗੱਲ ਦਾ ਮੁਲਾਂਕਣ ਕਰਦੇ ਹਾਂ ਤਾਂ ਕਈ ਪਹਿਲੂ ਸਾਹਮਣੇ ਆਉਂਦੇ ਹਨ ਪਰ ਸਭ ਤੋਂ ਵੱਡਾ ਪ੍ਰਮਾਣ ਗੁਰੂ ਸਾਹਿਬ ਵੱਲੋਂ ਰਚੀ ਬਾਣੀ ਹੈ। ਉਨ੍ਹਾਂ ਨੇ ਜਪੁਜੀ ਸਾਹਿਬ, ਸਿੱਧ ਗੋਸ਼ਟਿ, ਵਾਰਾਂ, ਬਾਰਾਂਮਾਹ, ਛੰਤ, ਪੱਟੀ, ਸਲੋਕ, ਅਲਾਹੁਣੀਆਂ, ਖਿੱਤੀ ਆਦਿ ਰਚਨਾਵਾਂ ਦੀ ਰਚਨਾ ਕੀਤੀ । ਗੁਰੂ ਨਾਨਕ ਦੇਵ ਜੀ ਨੇ ਜਦ ਦੇਖਿਆ ਕਿ ਮਾਨਵਤਾ ਹਨੇਰੇ ’ਚ ਹੀ ਫਸੀ ਹੋਈ ਹੈ ਤਾਂ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਹੀ ਲੋਕਾਈ ਦੇ ਹਿੱਤ ’ਚ ਲਗਾ ਦਿੱਤਾ। ਕਾਜ਼ੀ, ਬ੍ਰਾਹਮਣ ਅਤੇ ਜੋਗੀ ਤਿੰਨੋਂ ਹੀ ਲੋਕਾਈ ਨੂੰ ਕੁਰਾਹੇ ਪਾ ਰਹੇ ਸਨ। ਇਸ ਤੋਂ ਇਲਾਵਾ ਧਰਮ ਨੂੰ ਹਿੱਸਿਆਂ ’ਚ ਵੰਡ ਦਿੱਤਾ ਗਿਆ। ਸਮਾਜ ’ਚ ਬ੍ਰਾਹਮਣਾਂ ਨੂੰ ਉੱਚਾ ਰੁਤਬਾ ਦਿੱਤਾ ਗਿਆ, ਜਦਕਿ ਨੀਵੀਂ ਜਾਤੀ ਦੇ ਲੋਕਾਂ ਦੀ ਹਾਲਤ ਬੇਹੱਦ ਤਰਸਯੋਗ ਹੋ ਗਈ ਸੀ। ਇਸ ਹਨੇਰੇ ਨੂੰ ਦੂਰ ਕਰ ਸਕੇ ਕੋਈ, ਕਿਤੇ ਨਜ਼ਰ ਨਹੀਂ ਆ ਰਿਹਾ ਸੀ । ਫੁਰਮਾਨ ਹੈ : ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥ ( ਅੰਗ ੧੪੫ ):

ਉਸ ਸਮੇਂ ਮੁਸਲਮਾਨ ਲੋਕ ਰਾਜ ਦੇ ਹੰਕਾਰ ਵਿਚ ਸਨ ਅਤੇ ਹਿੰਦ ਲੋਕ ਬਿਲਕੁਲ ਹੀ ਗੁਲਾਮੀ ’ਚ ਦੱਬੇ ਹੋਏ ਸਨ । ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਲਿਖਿਆ ਹੈ : ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥ ( ਪੰਨਾ ੬੬੨ ) ਕਾਜ਼ੀ ਵੱਢੀ ਲੈ ਕੇ ਝੂਠੇ ਫ਼ਤਵੇ ਦਿੰਦਾ ਸੀ ਅਤੇ ਕੁਰਾਨ ਦੇ ਗ਼ਲਤ ਅਰਥ ਕਰ ਕੇ ਹਕਮਰਾਨਾਂ ਨੂੰ ਗ਼ਲਤ ਰਸਤੇ ਪਾਉਂਦਾ ਸੀ । ਇਨ੍ਹਾਂ ਨੂੰ ਸਿੱਧੇ ਰਸਤੇ ਪਾਉਣ ਲਈ ਗੁਰੂ ਸਾਹਿਬ ਨੇ ਚਾਰ ਉਦਾਸੀਆਂ ਕੀਤੀਆਂ । ਤੀਜੀ ਉਦਾਸੀ ਤੋਂ ਪਿੱਛੋਂ ਕੁਝ ਸਮਾਂ ਗੁਰੂ ਜੀ ਕਰਤਾਰਪੁਰ ਰਹੇ। ਇਸ ਸਮੇਂ ਦੌਰਾਨ ਆਪ ਦੇ ਮਾਤਾ-ਪਿਤਾ ਜੀ ਅਕਾਲ ਚਲਾਣਾ ਕਰ ਗਏ ਸਨ। ਇਹ ਸਮਾਂ 1518 ਈ. ਦੇ ਲੱਗਭਗ ਦਾ ਹੈ । ਇਸ ਸਮੇਂ ਹੀ ਗੁਰੂ ਜੀ ਨੇ ਪੱਛਮੀ ਦੇਸ਼ਾਂ ਵੱਲ ਜਾਣ ਦੀ ਤਿਆਰੀ ਕੀਤੀ । ਗੁਰੂ ਜੀ ਕਰਤਾਰਪੁਰ ਤੋਂ ਚੱਲ ਕੇ ਤਲਵੰਡੀ, ਸ਼ਕਰਪੁਰ, ਡੇਰਾ ਗਾਜ਼ੀ ਖ਼ਾਂ ਹੁੰਦੇ ਹੋਏ ਸਿੰਧ ਦੇ ਰਸਤੇ ਹਿੰਦੁਸਤਾਨ ਦੇ ਹਾਜੀਆਂ ਨਾਲ ਮੱਕੇ ਪਹੁੰਚ ਗਏ । ਇਸ ਬਾਰੇ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਗੁਰੂ ਸਾਹਿਬ ਦੇ ਮੱਕੇ ਦੀ ਫੇਰੀ ਦਾ ਜ਼ਿਕਰ ਕੀਤਾ ਹੈ ਅਤੇ ਕਾਬਾ ਕਿਵੇਂ ਘੁੱਮਿਆ, ਇਸ ਦਾ ਵੇਰਵਾ ਵੀ ਦਿੱਤਾ ਹੈ। ਬਾਬਾ ਫਿਰਿ ਮੱਕੇ ਗਇਆ ਨੀਲ ਬਸਤਰ ਧਾਰੇ ਬਨਵਾਰੀ । ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮਸੱਲਾ ਧਾਰੀ । ਬੈਠਾ ਜਾਇ ਮਸੀਤ ਵਿਚਿ ਜਿਥੈ ਹਾਜੀ ਹਜਿ ਗਜਾਰੀ । ਜਾ ਬਾਬਾ ਸਤਾ ਰਾਤਿ ਨੋ ਵਲਿ ਮਹਰਾਬੇ ਪਾਇ ਪਸਾਰੀ । ਜੀਵਣਿ ਮਾਰੀ ਲਤਿ ਦੀ ਕੇਹੜਾ ਸਤਾ ਕਫਰ ਕਫਾਰੀ । ਲਤਾ ਵਲਿ ਖਦਾਇ ਦੇ ਕਿਉ ਕਰਿ ਪਇਆ ਹੋਇ ਬਜਿਗਾਰੀ । ਟੰਗੋਂ ਪਕੜਿ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ । ਹੋਇ ਹੈਰਾਨ ਕਰੇਨਿ ਜਹਾਰੀ ॥੩੨॥

PunjabKesari

ਮੱਕੇ ਦੀ ਲਾਇਬ੍ਰੇਰੀ ’ਚ ਇਤਿਹਾਸਕਾਰ ਤਾਜੁਦੀਨ ਦੀ ਲਿਖੀ ਕਿਤਾਬ ‘ਸਯਾਹਤੋ ਬਾਬਾ ਨਾਨਕ ਸ਼ਾਹ ਫਕੀਰ’ ਵਿਚ ਲਿਖਿਆ ਹੈ ਕਿ ਜਨਾਬ ਸਯਦ ਤਾਜੁਦੀਨ ਜੀ ਨੇ ਗੁਰੂ ਮਹਾਰਾਜ ਦੀ ਬਗਦਾਦ ਫੇਰੀ ਵੇਲੇ ਤਕਰੀਬਨ 2 ਸਾਲ ਤੇ 45 ਦਿਨ ਦਾ ਸਮਾਂ ਸੰਗਤ ਕੀਤੀ, ਜਿਸ ਨੇ ਪੁਸਤਕ 'ਸੀਆਹ ਤੋਂ ਬਾਬਾ ਨਾਨਕ ਫਕੀਰ ' ਲਿਖੀ ਹੈ। ਤਾਜੁਦੀਨ ਈਰਾਨ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ’ਚ ਆਇਆ ਸੀ। ਤਾਜੁਦੀਨ ਲਿਖਦੇ ਨੇ ਕਿ ਜਦੋਂ ਗੁਰੂ ਜੀ ਮੱਕੇ ਗਏ। ਮੈਂ ਉਨ੍ਹਾਂ ਦੇ ਨਾਲ ਹੀ ਸੀ, ਮੱਕੇ ਜਾਣ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਸ਼ਾਹ ਸ਼ਰਫ਼ ਤੋਂ ਅਲੱਗ ਹੋ ਗਏ ਸਨ। ਈਰਾਨ ਦੇ ਇੰਦਲਾਸ ਸ਼ਹਿਰ ਤੋਂ ਬਾਹਰ ਗੁਰੂ ਜੀ ਇਕ ਪਹਾੜੀ ’ਤੇ ਬੈਠੇ ਕੀਰਤਨ ਕਰ ਰਹੇ ਸਨ, ਅਚਾਨਕ ਤਾਜੁਦੀਨ ਉਥੋਂ ਲੰਘੇ ਤਾਂ ਗੁਰੂ ਜੀ ਦਾ ਨੂਰਾਨੀ ਚਿਹਰਾ ਤੱਕ ਕੇ ਉਹ ਕਹਿੰਦੇ ਕਿ ਮੇਰੇ ਕਦਮ ਰੁਕ ਗਏ ਤੇ ਗੁਰੂ ਜੀ ਨੇ ਮੈਨੂੰ ਬੈਠਣ ਦਾ ਇਸ਼ਾਰਾ ਕੀਤਾ, ਮੈਂ ਬੈਠ ਗਿਆ। ਮੇਰਾ ਨਮਾਜ਼ ਦਾ ਸਮਾਂ ਸੀ, ਜਦੋਂ ਮੈਂ ਉੱਠਣ ਲੱਗਾ ਤਾਂ ਗੁਰੂ ਨਾਨਕ ਜੀ ਨੇ ਫੇਰ ਬੈਠਣ ਲਈ ਕਿਹਾ, ਮੈਂ ਕਿਹਾ, ਜੀ ਪਾਣੀ ਦੀ ਤਲਾਸ਼ ’ਚ ਆ, ਮੈਂ ਬੁਜ਼ੂ ਕਰਨਾ ਏ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਮਰਦਾਨਾ ਜੀ ਨੂੰ ਇਕ ਸੋਟਾ ਦਿੱਤਾ ਤੇ ਕਿਹਾ ਸਾਹਮਣੇ ਜੋ ਪੱਥਰ ਏ ਉਸ ਨੂੰ ਪਰ੍ਹਾ ਕਰੋ, ਜਦੋਂ ਮਰਦਾਨਾ ਜੀ ਨੇ ਇੰਝ ਕੀਤਾ ਤਾਂ ਉਥੋਂ ਪਾਣੀ ਦਾ ਚਸ਼ਮਾ ਫੁੱਟ ਪਿਆ। ਮੈਂ ਬੁਜ਼ੂ ਕੀਤਾ ਤੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਕਿ ਤੁਸੀਂ ਵੀ ਨਮਾਜ਼ ਪੜ੍ਹੋ, ਗੁਰੂ ਜੀ ਕਹਿਣ ਲੱਗੇ, ਅਸੀਂ ਤਾਂ ਮੱਕੇ ਜਾ ਕੇ ਪੜ੍ਹਾਂਗੇ।  ਮੈਂ ਕਿਹਾ, ਜੀ ਨਮਾਜ਼ ਦਾ ਵਕਤ ਤੇ ਮੱਕਾ 1000 ਕੋਹ ’ਤੇ ਹੈ, ਗੁਰੂ ਜੀ ਨੇ ਮੈਨੂ ਕਿਹਾ ਨੇਤਰ ਬੰਦ ਕਰ ਤੇ ਜਦੋਂ ਨੇਤਰ ਖੋਲ੍ਹੇ ਤਾਂ ਅਸੀਂ ਮੱਕੇ ’ਚ ਪਹੁੰਚ ਗਏ। ਬਸ ਇਹ ਕਰਾਮਾਤਾਂ ਦੇਖ ਕੇ ਮੈਂ ਗੁਰੂ ਨਾਨਕ ਸਾਹਿਬ ਦਾ ਮੁਰੀਦ ਬਣ ਗਿਆ।ਗੁਰੂ ਜੀ ਉਥੇ ਕਾਬੇ ਵੱਲ ਪੈਰ ਕਰ ਕੇ ਸੌਂ ਗਏ । ਜਦ ਹਾਜੀਆਂ ਨੇ ਕਿਹਾ ਕਿ ਅੱਲ੍ਹਾ ਦੇ ਘਰ ਵੱਲ ਪੈਰ ਕਰ ਕੇ ਕਿਉਂ ਸੁੱਤੇ ਹੋ । ਅੱਗੋਂ ਗੁਰੂ ਜੀ ਨੇ ਫੁਰਮਾਇਆ, ‘‘ਜਿਧਰ ਅੱਲ੍ਹਾ ਦਾ ਘਰ ਨਹੀਂ ਮੇਰੇ ਪੈਰ ਉਧਰ ਕਰ ਦਿਓ । ਇਥੇ ਸਭਨਾਂ ਦਾ ਭਰਮ ਦੂਰ ਕੀਤਾ ਕਿਉਂਕਿ ਰੱਬ ਤਾਂ ਹਰ ਪਾਸੇ, ਸਗੋਂ ਹਰ ਇਨਸਾਨ ਦੇ ਹਿਰਦੇ ’ਚ ਵਸਦਾ ਹੈ । ਇਥੇ ਹੀ ਕਾਜ਼ੀਆਂ ਨੇ ਚਰਚਾ ਕਰਦਿਆਂ ਗੁਰੂ ਜੀ ਨੂੰ ਪੁੱਛਿਆ ਕਿ ਤੁਸੀਂ ਆਪਣੀ ਪੁਸਤਕ ਖੋਲ੍ਹ ਕੇ ਦੱਸੋ ਕਿ ਹਿੰਦੂ ਵੱਡਾ ਹੈ ਕਿ ਮੁਸਲਮਾਨ ?’’ ਗੁਰੂ ਜੀ ਨੇ ਫੁਰਮਾਇਆ, ‘‘ਸੁਭ ਅਮਲਾਂ ਬਾਝਹੁ ਦੋਨੋ ਰੋਈ ।’’ ਭਾਵ ਚੰਗਾ ਉਹ ਹੈ ਜਿਸ ਦੇ ਅਮਲ ਚੰਗੇ ਹਨ ਕਿਉਂਕਿ ਰੱਬ ਦੀ ਦਰਗਾਹ ’ਚ ਸ਼ੁਭ ਅਮਲਾਂ ਦਾ ਮੁੱਲ ਹੈ। ਉਥੇ ਨਿਸ਼ਾਨੀ ਵਜੋਂ ਸਤਿਗੁਰਾਂ ਨੇ ਕਾਜ਼ੀ ਰੁਕਨਦੀਨ ਨੂੰ ਪੈਰਾਂ ਦੀਆਂ ਖੜਾਵਾਂ ਦਿੱਤੀਆਂ। ਤਾਜੁਦੀਨ ਲਿਖਦੇ ਨੇ ਕਿ ਕਾਬਾ ਖਾਨਾਂ ਨੇ ਗੁਰੂ ਜੀ ਦੀਆਂ ਪਰਿਕਰਮਾ ਕੀਤੀਆਂ, ਇਹ ਕੌਤਕ ਮੈਂ ਆਪਣੀਆਂ ਅੱਖਾਂ ਨਾਲ ਤੱਕਿਆ ਸੀ। ਕਾਜ਼ੀ ਜੀਵਨ ਤੇ ਕਾਜ਼ੀ ਰੁਕਨਦੀਨ ਗੁਰੂ ਜੀ ਦੇ ਪ੍ਰੇਮੀ ਬਣੇ। ਕਾਜ਼ੀ ਰੁਕਨਦੀਨ ਨੇ ਪਰਮਾਰਥ ਦੇ 360 ਸਵਾਲ ਗੁਰੂ ਨਾਨਕ ਦੇਵ ਜੀ ਨੂੰ ਪੁੱਛੇ ਸਨ। ਗੁਰੂ ਨਾਨਕ ਸਾਹਿਬ ਦੇ ਜਾਣ ਤੋਂ ਬਾਅਦ ਮੱਕੇ ਦੇ ਅਮੀਰ ਨੇ ਕਾਜ਼ੀ ਰੁਕਨਦੀਨ ’ਤੇ ਫਤਵਾ ਜਾਰੀ ਕਰਵਾ ਕਿ ਇਹ ਕਾਫ਼ਿਰ ਹੈ ਤੇ 7 ਤਰ੍ਹਾਂ ਦੇ ਤਸੀਹੇ ਕਾਜ਼ੀ ਰੁਕਨਦੀਨ ਨੂੰ ਦਿੱਤੇ ਗਏ ਪਰ ਕਾਜ਼ੀ ਜੀ ਦਾ ਵਾਲ ਵੀ ਵਿੰਗਾ ਨਾ ਹੋਇਆ। ਫੇਰ ਜਿਹੜੇ ਲੋਕ ਪੱਥਰ ਚੁੱਕੀ ਖੜ੍ਹੇ ਸਨ, ਕਾਜ਼ੀ ਦੇ ਅੱਗੇ ਗੋਡੇ ਟੇਕ ਗਏ। ਇਹ ਸਭ ਕਿਰਪਾ ਗੁਰੂ ਨਾਨਕ ਸਾਹਿਬ ਦੀ ਹੋਈ।

PunjabKesari

ਮੱਕੇ ਤੋਂ ਉਪਦੇਸ਼ ਕਰਦੇ ਸਤਿਗੁਰੂ ਮਦੀਨਾ ਗਏ ਤੇ ਫਿਰ ਇਸਲਾਮੀ ਸਿੱਖਿਆ ਦਾ ਕੇਂਦਰ ਬਗਦਾਦ ਵਿਖੇ ਪਹੁੰਚੇ। ਇਸ ਦਾ ਵਰਣਨ ਭਾਈ ਗੁਰਦਾਸ ਜੀ ਨੇ ਕੀਤਾ ਹੈ : ਫਿਰਿ ਬਾਬਾ ਗਇਆ ਬਗਦਾਦਿ ਨੋ ਬਾਹਰਿ ਜਾਇ ਕੀਆ ਅਸਥਾਨਾ। ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ। (ਵਾਰ ੧;੩੫) ਬਗਦਾਦ ਦੇ ਨਬਾਬ ਨੇ ਸੰਤਾਂ ਨੂੰ ਕੈਦ ਕੀਤਾ ਸੀ ਤੇ ਕਿਸੇ ਨੇ ਕਿਹਾ ਬਾਦਸ਼ਾਹ ਪੀਰ ਸਾਹਿਬ ਜੀ ਦੇ ਘਰ ਹਿੰਦ ਤੋਂ ਫਕੀਰ ਆਇਆ ਹੋਇਆ ਹੈ ਉਸ ਨੂੰ ਵੀ ਸੱਦ ਲਓ । ਸੋ ਨਬਾਬ ਦੇ ਆਦਮੀ ਗਏ ਤਾਂ ਸ੍ਰੀ ਸਤਿਗੁਰੂ ਜੀ ਨੂੰ ਪੀਰ ਜੀ ਦੇ ਘਰੋਂ ਸੱਦ ਲਿਆਏ ਤਾਂ ਸਤਿਗੁਰੂ ਜੀ ਨੇ ਕਿਹਾ ਨਵਾਬ ਜੀ ਆਪ ਮੈਨੂੰ ਕਿਉਂ ਬੁਲਾਇਆ ਹੈ। ਨਵਾਬ ਨੇ ਕਿਹਾ ਸਾਈਂ ਪਾਤਸ਼ਾਹ ਆਪ ਜੀ ਇਨ੍ਹਾਂ ਫਕੀਰਾਂ ਨੂੰ ਪੁੱਛ ਲਓ ਏਨਾਂ ਨੂੰ ਖਾਨ ਪੀਨ ਨੂੰ ਸਭ ਕੁਝ ਮਿਲਦਾ ਹੈ ਤੇ ਕੋਈ ਤੰਗੀ ਨਹੀਂ ਹੈ ਪਰ ਮੇਰੇ ਘਰ ਬੱਚਾ ਨਹੀਂ ਹੈ ਤੇ ਕੋਈ ਫਕੀਰ ਦੁਆ ਕਰੇ ਤਾਂ ਮੇਰੇ ਘਰ ਪੁੱਤ ਹੋ ਜਾਏ। ਸਤਿਗੁਰੂ ਜੀ ਨੇ ਕਿਹਾ ਇਹ ਲੋਕ ਅਜ਼ਾਦ ਕਰੋ, ਤੇਰੇ ਘਰ ਪੁੱਤ ਹੋ ਜਾਇਗਾ।" ਨਵਾਬ ਨੇ ਕਿਹਾ, ਠੀਕ ਹੈ ਪਰ ਆਪ ਜੀ ਨੂੰ ਓਨਾ ਚਿਰ ਏਥੇ ਰਹਿਣਾ ਪਵੇਗਾ ਤਾਂ ਸਤਿਗੁਰੂ ਜੀ ਨੇ ਕਿਹਾ ਠੀਕ ਹੈ, ਅਸੀਂ ਓਨਾ ਚਿਰ ਏਥੇ ਰਹਾਂਗੇ । ਗਿਆਨੀ ਗਿਆਨ ਸਿੰਘ ਜੀ ਦੇ ਪੰਥ ਪ੍ਰਕਾਸ਼ ਦੇ ਸਫੇ 53-54 ਵਿਚ ਨਵਾਬ ਦਾ ਨਾਮ ਬਾਦਸ਼ਾਹ ਵਲੀਦ ਦਾ ਪੋਤਰਾ ਬਕਰ ਖਲਾਫਾ ਲਿਖਿਆ ਹੈ ।
ਸੋ ਸਾਰੇ ਫ਼ਕੀਰ ਸੰਤ ਛੱਡ ਦਿੱਤੇ ਤੇ ਸਤਿਗੁਰੂ ਜੀ ਪੀਰ ਦੇ ਘਰੋਂ ਮੂਸਾ ਦੀ ਕਬਰ ਪਾਸ ਦਜਲਾ ਦਰਿਆ ਦੇ ਲਾਗੇ ਆ ਕੇ ਰਹਿਣ ਲੱਗ ਪਏ ਤੇ ਨਬਾਬ ਦੇ ਘਰ ਪੁੱਤ ਹੋਇਆ ਤਾਂ ਏਸ ਦੀ ਬੇਗਮ ਨੇ ਚੋਲਾ ਆਪ ਕੱਢ ਕੇ ਦਿਤਾ ਉਸ ’ਤੇ ਕੁਰਾਨ ਦੀਆਂ ਆਇਤਾਂ ਲਿਖੀਆਂ ਤੇ ਸਤਿਗੁਰੂ ਜੀ ਦਾ ਨਾਮ ਨਾਨਕ ਸ਼ਾਹ ਫਕੀਰ ਲਿਖਿ ਕੇ ਸਤਿਗੁਰੂ ਨੂੰ ਭੇਟ ਕੀਤਾ ।

ਬਗ਼ਦਾਦ ਵਿਖੇ ਦਜਲਾ ਦੇ ਕਿਨਾਰੇ ਰੱਬੀ ਰੰਗ ਵਿਚ ਰੰਗਿਆ ਫ਼ਕੀਰ ਬਹਿਲੋਲ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੇਲ ਹੋਇਆ। ਗਿਆਨ ਦੀਆਂ ਗੱਲਾਂ ਚੱਲੀਆਂ ਅਤੇ ਸਤਿਗੁਰੂ ਜੀ ਦੀ ਸ਼ਖ਼ਸੀਅਤ ਨੇ ਪੀਰ ਨੂੰ ਦੀਵਾਨਾ ਬਣਾ ਦਿੱਤਾ। ਉਸ ਨੇ ਜ਼ਿੱਦ ਕਰਕੇ ਗੁਰੂ ਜੀ ਨੂੰ ਕਾਫੀ ਚਿਰ ਜਾਣ ਨਾ ਦਿੱਤਾ । ਆਖਿਰ ਗੁਰੂ ਜੀ ਪੀਰ ਨੂੰ ਸਮਝਾ ਕੇ ਅੱਗੇ ਚੱਲ ਪਏ। ਪੀਰ ਬਹਿਲੋਲ ਉਸ ਤੋਂ ਬਾਅਦ 60 ਸਾਲ ਜਿਊਂਦਾ ਰਿਹਾ ਪਰ ਉਸ ਦੀ ਖਾਮੋਸ਼ ਪ੍ਰੀਤ ਇਕ ਮਿਸਾਲ ਬਣ ਗਈ। ਜਿਥੇ ਬੈਠ ਕੇ ਗੁਰੂ ਸਾਹਿਬ ਇਸ ਨਾਲ ਵਾਰਤਾਲਾਪ ਕਰਦੇ ਸਨ, ਇਹ ਉਸ ਪੱਥਰ ਦੇ ਸਾਹਮਣੇ ਸਿਜਦਾ ਕਰ ਕੇ ਬੈਠ ਗਿਆ ਅਤੇ ਡੂੰਘੀ ਚੁੱਪ ਧਾਰਨ ਕਰ ਲਈ। ਨਾ ਇਹ ਕਿਸੇ ਨਾਲ ਬੋਲਦਾ ਸੀ, ਨਾ ਕਿਸੇ ਨੂੰ ਮਿਲਦਾ ਸੀ ਅਤੇ ਨਾ ਕਿਸੇ ਦੀ ਗੱਲ ਸੁਣਦਾ ਸੀ। ਇਸ ਦੀ ਅਨੋਖੀ ਦਾਸਤਾਨ ਨੂੰ ਸੁਣ ਕੇ ਅਤੇ ਇਸ ਦੀ ਡੂੰਘੀ ਸਰਸ਼ਾਰਤਾ ਨੂੰ ਦੇਖ ਕੇ ਲੋਕ ਇਸ ਦੀ ਮਾਨਤਾ ਕਰਨ ਲੱਗੇ। ਬਾਦਸ਼ਾਹ ਆਪ ਭੇਟਾਵਾਂ ਲੈ ਕੇ ਨਤਮਸਤਕ ਹੋਇਆ ਪਰ ਪੀਰ ਨੇ ਅੱਖ ਪੁੱਟ ਕੇ ਵੀ ਨਾ ਦੇਖਿਆ। 1920 ਵਿਚ ਨਾਰਵੇ ਵਿਚ ਵਸਦੇ ਸੰਨਿਆਸੀ ਆਨੰਦਾ ਚਾਰਯ ਨੇ ਉਸ ਥਾਂ ਦੇ ਦਰਸ਼ਨ ਕਰਕੇ ਦੇਖਿਆ ਕਿ ਉੱਥੇ ਇਕ ਅਰਬੀ ਭਾਸ਼ਾ ਦੀ ਇਬਾਰਤ ਖੁਣੀ ਹੋਈ ਹੈ, ਜਿਸ ਦਾ ਤਰਜਮਾ ਇਉਂ ਹੈ : 'ਇਸ ਥਾਂ ’ਤੇ ਗੁਰੂ ਨਾਨਕ ਜੀ ਨੇ ਫ਼ਕੀਰ ਬਹਿਲੋਲ ਨਾਲ ਬਚਨ ਕੀਤੇ। ਜਦੋਂ ਗੁਰੂ ਜੀ ਈਰਾਨ ਤੋਂ ਵਾਪਸ ਚਲੇ ਗਏ, ਬਹਿਲੋਲ ਦੀ ਰੂਹ ਉਨ੍ਹਾਂ ਦੇ ਬਚਨਾਂ ’ਤੇ ਟਿਕੀ ਰਹੀ, ਜਿਵੇਂ ਸ਼ਹਿਦ ਭਰੇ ਸਰਘੀ ਪ੍ਰਕਾਸ਼ ਨਾਲ ਚਮਕੇ ਗੁਲਾਬ ਉੱਤੇ ਸ਼ਹਿਦ ਦੀ ਮੱਖੀ ਟਿਕੀ ਹੁੰਦੀ ਹੈ।’

ਬਗਦਾਦ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ’ਚ ਇਤਿਹਾਸਕ ਗੁਰਦੁਆਰਾ ਸਾਹਿਬ, ਜਿਸ ਨੂੰ ਕੱਟੜਪੰਥੀਆਂ ਵੱਲੋਂ ਤਬਾਹ ਕਰ ਦਿੱਤਾ ਗਿਆ ਸੀ, ਦੇ ਪੁਨਰ-ਨਿਰਮਾਣ ਲਈ ਸਰਕਾਰ ਨੇ ਉਤਸੁਕਤਾ ਜ਼ਾਹਿਰ ਕੀਤੀ ਹੈ। ਇਰਾਕੀ ਨੈਸ਼ਨਲ ਕਾਂਗਰਸ ਦੇ ਮੁਖੀ ਅਹਿਮਦ ਚੇਲਾਬੀ, ਜੋ ਇਰਾਕ ਦੇ ਸ਼ਕਤੀਸ਼ਾਲੀ ਆਗੂਆਂ ’ਚੋਂ ਇਕ ਹਨ, ਨੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਉਪਰੰਤ ਕਿਹਾ ਸੀ, ਇਹ ਬੜੀ ਦੁੱਖਦਾਈ ਗੱਲ ਹੈ ਕਿ ਕੱਟੜਪੰਥੀਆਂ ਨੇ ਇਸ ਸਥਾਨ ਨੂੰ ਇਸਲਾਮ ਦੇ ਵਿਰੁੱਧ ਜਾਣ ਕੇ ਤਬਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਬੜੀ ਸ਼ਰਮ ਵਾਲੀ ਗੱਲ ਹੈ ਕਿ ਉਹ ਉਸ ਮਹਾਨ ਗੁਰੂ ਦਾ ਸਨਮਾਨ ਨਹੀਂ ਕਰ ਸਕੇ, ਜਿਸਦੇ ਕਿ ਦੁਨੀਆ ਭਰ ’ਚ ਕਰੋੜਾਂ ਪੈਰੋਕਾਰ ਹਨ। ਟਿਗਰਿਸ ਨਦੀ ਦੇ ਕੰਢੇ ਸਥਿਤ ਗੁਰਦੁਆਰਾ ਸਾਹਿਬ ਦਾ ਮੂਲ ਸਰੂਪ ਇਹ ਗੁਰਦੁਆਰਾ ਇਕ ਮੁਸਲਿਮ ਧਾਰਮਿਕ ਆਗੂ ਦੇ ਮਕਬਰੇ ਨੇੜੇ ਸਥਾਪਿਤ ਸੀ। ਕੱਟੜਪੰਥੀਆਂ ਨੇ ਇਸ ਮਕਬਰੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ।
ਅਵਤਾਰ ਸਿੰਘ ਆਨੰਦ
98551-20287


Manoj

Content Editor Manoj