ਦੁਖੀਆਂ, ਬੇਸਹਾਰਿਆਂ ਦੇ ਆਸਰੇ ਪਿੰਗਲਵਾੜਾ ਦੇ ਸੰਸਥਾਪਕ ‘ਭਗਤ ਪੂਰਨ ਸਿੰਘ ਜੀ’

4/9/2021 5:28:05 PM

ਭਗਤ ਪੂਰਨ ਸਿੰਘ ਜੀ 4 ਜੂਨ 1904 ਨੂੰ ਲੁਧਿਆਣਾ ਦੇ ਪਿੰਡ ਰਾਜੇਵਾਲ ਰੋਹਣੋਂ ਵਿਖੇ ਹਿੰਦੂ ਘਰਾਣੇ ‘ਚ ਪੈਦਾ ਹੋਏ। ਭਗਤ ਜੀ ਦੇ ਪਿਤਾ ਸ਼ਿੱਭੂ ਮੱਲ ਤੇ ਮਾਤਾ ਮਹਿਤਾਬ ਕੌਰ ਨੇ ਉਨ੍ਹਾਂ ਦਾ ਨਾਂ ਰਾਮ ਜੀ ਦਾਸ ਰੱਖਿਆ। ਰਾਮ ਜੀ ਦਾਸ 14 ਸਾਲ ਦੇ ਸਨ, ਜਦੋਂ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜਮੇਲ ਤੇ ਫਤਿਹਗੜ ਸਾਹਿਬ ਗਏ। ਫਤਿਹਗੜ ਸਾਹਿਬ ਵਿਖੇ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਦੇ ਇਤਿਹਾਸ ’ਤੇ ਇੱਕ ਦਸਤਾਰਧਾਰੀ ਨੌਜਵਾਨ ਦੇ ਸਿੱਖੀ ਸਰੂਪ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਵਾਪਸ ਘਰ ਆਕੇ ਉਨਾਂ ਨੇ ਆਪਣੀ ਮਾਂ ਨੂੰ ਆਖਿਆ ਕਿ ਉਹ ਕੇਸ ਰੱਖਣਾ ਚਾਹੁੰਦੇ ਹਨ। 

ਬਾਅਦ ‘ਚ ਉਹ ‘ਚ ਅੰਮ੍ਰਿਤ ਛੱਕ ਕੇ ਰਾਮ ਜੀ ਦਾਸ ਤੋਂ ਪੂਰਨ ਸਿੰਘ ਬਣ ਗਏ। 20 ਸਾਲ ਦੀ ਉਮਰ ਹੋਈ ਤਾਂ ਪੜ੍ਹਾਈ ਸਮਾਪਤ ਕਰਕੇ ਲਾਹੌਰ ਦੇ ਗੁਰਦੁਆਰਾ ਡੇਹਰਾ ਸਾਹਿਬ ਨਾਲ ਗੂੜਾ ਨਾਤਾ ਜੋੜ ਲਿਆ, ਜੋ ਕਿ 1924 ਤੋਂ ਲੈ ਕੇ 18 ਅਗਸਤ 1947 ਦੀ ਵੰਡ ਦੇ ਵੇਲੇ ਤੱਕ ਰਿਹਾ। ਇਸ ਅਸਥਾਨ ਤੋਂ ਗੁਰਸਿੱਖੀ ਦੀ ਐਸੀ ਪਾਨ ਚੜੀ ਕਿ ਬੇਸਹਾਰਿਆਂ ਦੀ ਸੇਵਾ ਦੇ ਕਾਰਜ ਨੂੰ ਆਰੰਭ ਦਿੱਤਾ। 1930 ਈ. ਨੂੰ ਉਨ੍ਹਾਂ ਨੇ ਮਰਨ ਬਿਸਤਰੇ ਪਈ ਆਪਣੀ ਮਾਂ ਨੂੰ ਆਖ ਦਿੱਤਾ ਕਿ ਉਹ ਵਿਆਹ ਨਹੀਂ ਕਰਵਾਉਣਗੇ ਤੇ ਸਾਰਾ ਜੀਵਨ ਲੋਕ ਸੇਵਾ ’ਚ ਲਗਾਉਣਗੇ।

1947 ’ਚ ਜਦੋਂ ਦੇਸ਼ ਵੰਡ ਹੋਈ ਤਾਂ ਭਗਤ ਜੀ ਨੇ ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਆਪਣਾ ਟਿਕਾਣਾ ਬਣਾ ਲਿਆ। ਉਹ ਇੱਕ ਰਿਫਿਊਜ਼ੀ ਦੇ ਤੌਰ ’ਤੇ ਲਾਹੌਰ ਤੋਂ ਅੰਮ੍ਰਿਤਸਰ ਪੁੱਜੇ ਤੇ ਉਸ ਵੇਲੇ ਉਨ੍ਹਾਂ ਕੋਲ ਕੇਵਲ ਸਵਾ ਰੁਪਿਆ ਹੀ ਸੀ, ਜੋ ਕਿ ਕਿਸੇ ਨੇ ਦਾਨ ਵਜੋਂ ਦਿੱਤਾ ਸੀ। ਪਾਕਿ ਤੋਂ ਉਹ ਆਪਣੇ ਨਾਲ ਇੱਕ ਬਜੁਰਗ ਤੇ ਲੂਲੇ ਬਾਲਕ ਪਿਆਰਾ ਸਿੰਘ ਨੂੰ ਵੀ ਲੈ ਆਏ। ਜਦੋਂ ਭਗਤ ਪੂਰਨ ਸਿੰਘ ਅੰਮ੍ਰਿਤਸਰ ਦੇ ਖਾਲਸਾ ਕਾਲਜ ਪਹੁੰਚੇ ਤਾਂ ਰਿਫਿਊਜੀ ਕੈਂਪ ’ਚ ਬਹੁਤ ਸਾਰੇ ਬੇਸਹਾਰਾ, ਅਪਾਹਿਜ਼ਾਂ ਤੇ ਰੋਗੀਆਂ ਨੂੰ ਮਿਲੇ। ਇੱਥੋਂ ਹੀ ਪਿੰਗਲਵਾੜਾ ਸੰਸਥਾ ਦਾ ਮੁੱਢ ਬੱਝਿਆ। 

ਉਨ੍ਹਾਂ ਨੇ ਰਫਿਊਜ਼ੀ ਕੈਂਪ ਦੇ ਬਾਹਰ ਰੁਲ ਰਹੇ ਅਪਾਹਿਜ਼ਾਂ ਤੇ ਰੋਗੀਆਂ ਦੀ ਸੇਵਾ ਸੰਭਾਲ ਆਰੰਭ ਦਿੱਤੀ। ਥੋੜੇ ਦਿਨਾਂ ’ਚ ਹੀ ਸੱਤ ਰੋਗੀ ਤੇ ਅਪਾਹਿਜ ਇਕੱਠੇ ਹੋ ਗਏ । ਭਗਤ ਪੂਰਨ ਸਿੰਘ ਜੀ ਨੇ ਅੰਮ੍ਰਿਤਸਰ ਦੀਆਂ ਸੜਕਾਂ ’ਤੇ ਰੁਲ ਰਹੇ ਕੁਝ ਲਾਵਾਰਸ ਤੇ ਪਿੰਗਲੇ ਬਾਲਕਾਂ ਨੂੰ ਵੀ ਸ਼ਾਮਲ ਕਰ ਲਿਆ। ਉਹ ਸਤਿਨਾਮ ਦੀ ਆਵਾਜ਼ ਦੇਕੇ ਲੋਕਾਂ ਦੇ ਘਰਾਂ ਤੋਂ ਪ੍ਰਸ਼ਾਦਾ ਉਗਰਾਉਂਦੇ ਤੇ ਇੰਨਾਂ ਨੂੰ ਛਕਾਉਂਦੇ। ਸੰਗਤ ਸਾਥ ਦਿੰਦੀ ਰਹੀ ਤੇ ਪਿੰਗਲਵਾੜੇ ਦੀ ਪ੍ਰਸਿੱਧੀ ਵਧਦੀ ਗਈ। ਉਨ੍ਹਾਂ ਨੇ ਸੈਕੜੇ ਬੇਸਹਾਰਾ ਲੋੜਵੰਦ ਤੇ ਯਤੀਮਾਂ ਦੀ ਹੱਥੀਂ ਸੇਵਾ ਕੀਤੀ। 

ਇਸ ਤੋਂ ਇਲਾਵਾ ਭਗਤ ਜੀ ਨੇ ਕੁਦਰਤੀ ਆਫਤਾਂ ਤੋਂ ਬਚਾਉਣ ਲਈ ਲੋਕਾਂ ਨੂੰ ਕੁਦਰਤ ਪ੍ਰਤੀ ਜਾਗਰੂਕ ਕੀਤਾ। ਉਨ੍ਹਾਂ ਨੇ ਪਾਣੀ, ਹਵਾ ਤੇ ਧਰਤੀ ਨੂੰ ਜ਼ਹਿਰੀਲੀ ਹੋਣ ਤੋਂ ਬਚਾਉਣ ਲਈ ਵੀ ਕਈ ਕਾਰਜ ਕੀਤੇ। ਭਗਤ ਜੀ ਨੇ ਵਾਤਾਵਰਣ ਦੀ ਸੰਭਾਲ ਲਈ ਸਾਹਿਤ ਲਿਖਿਆ ਅਤੇ ਲੋਕਾਂ ’ਚ ਮੁਫ਼ਤ ਵੰਡਿਆ। ਭਗਤ ਜੀ ਵੱਲੋਂ ਸੇਵਾ ਦਾ ਲਾਇਆ ਬੂਟਾ ਇੰਨਾਂ ਵੱਡਾ ਹੋਇਆ ਕਿ ਅੱਜ ਲੋੜਵੰਦਾਂ ਲਈ ਕਈ ਮੈਡੀਕਲ ਲੈਬਾਰਟਰੀ, ਮੁਫ਼ਤ ਵਿਦਿਅਕ ਅਦਾਰੇ ਤੇ ਵਾਤਾਵਰਣ ਦੀ ਸੰਭਾਲ ਲਈ ਕਈ ਕਾਰਜ ਜਾਰੀ ਹਨ। ਉਨ੍ਹਾਂ ਦੀ ਸੇਵਾ ਬਦਲੇ ਉਨ੍ਹਾਂ ਨੂੰ ਕਈ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ, ਜਿਨਾ ’ਚੋਂ ਪਦਮ ਸ੍ਰੀ ਅਵਾਰਡ, ਹਾਰਮਨੀ ਐਵਾਰਡ, ਰੋਗ ਰਤਨ ਅਵਾਰਡ, ਭਾਈ ਘਨੱਈਆ ਅਵਾਰਡ ਸ਼ਾਮਲ ਸਨ।

1984 ’ਚ ਭਾਰਤੀ ਫੌਜ ਦੇ ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਕਾਰਨ ਉਨ੍ਹਾਂ ਨੂੰ ਇੰਨਾ ਸਦਮਾ ਪਹੁੰਚਿਆ ਕਿ ਉਨ੍ਹਾਂ ਨੇ ਪਦਮ ਸ੍ਰੀ ਅਵਾਰਡ ਵਾਪਸ ਕਰ ਦਿੱਤਾ। ਭਗਤ ਪੂਰਨ ਸਿੰਘ ਜੀ 5 ਅਗਸਤ 1992 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਭਗਤ ਪੂਰਨ ਸਿੰਘ ਭਾਵੇਂ ਸਰੀਰ ਕਰਕੇ ਦੁਨੀਆਂ ’ਚ ਨਹੀਂ ਪਰ ਲੋਕਾ ਦੇ ਦਿਲਾਂ ’ਚ ਅੱਜ ਵੀ ਵਸਦੇ ਹਨ। ਉਨ੍ਹਾਂ ਵਲੋਂ ਜਾਰੀ ਕੀਤੇ ਸੇਵਾ ਦੇ ਮਹਾਨ ਕਾਰਜਾਂ ਨੂੰ ਅੱਜਕੱਲ ਸੰਗਤ ਦੇ ਸਹਿਯੋਗ ਨਾਲ ਡਾ. ਇੰਦਰਜੀਤ ਕੌਰ ਨਿਭਾ ਰਹੇ ਹਨ।


rajwinder kaur

Content Editor rajwinder kaur