ਸ਼ਹੀਦੀ ਪੰਦਰਵਾੜੇ ਦਾ ਸੰਖੇਪ ਇਤਿਹਾਸ : ਪਹਿਲਾ ਦਿਨ- 01 ਪੋਹ
12/18/2023 2:17:26 PM
ਸ਼ਹੀਦੀ ਪੰਦਰਵਾੜਾ : ਪਹਿਲਾ ਦਿਨ- 01 ਪੋਹ/16 ਦਸੰਬਰ
ਗੁਰੂ ਸਵਾਰੇ ਸਤਿਸੰਗੀਓ ਅਤੇ ਮਿੱਤਰ ਪਿਆਰਿਓ !
ਗੌਰਵਸ਼ਾਲੀ ਸਿੱਖ ਇਤਿਹਾਸ ਦੱਸਦਾ ਹੈ ਕਿ ਦਸਮ ਪਾਤਸ਼ਾਹ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਾਬਰ ਮੁਗ਼ਲ ਹਾਕਮਾਂ ਨਾਲ ਯੁੱਧਾਂ ਦਾ ਸਿਲਸਲਾ ਅਪਰੈਲ 1689 ਈਸਵੀ ਵਿੱਚ ਭੰਗਾਣੀ ਦੇ ਯੁੱਧ ਨਾਲ ਆਰੰਭ ਹੋਇਆ। ਉਪਰੰਤ ਨਦੌਣ ਅਤੇ ਹੁਸੈਨੀ ਦੇ ਯੁੱਧ ਹੋਏ ਪਰ ਸੰਨ 1699 ਈਸਵੀ ਦੇ ਵੈਸਾਖੀ ਵਾਲੇ ਦਿਨ ਖ਼ਾਲਸੇ ਦੀ ਸਿਰਜਣਾ ਤੋਂ ਬਾਅਦ ਬਾਈਧਾਰ ਦੇ ਪਹਾੜੀ ਰਾਜਿਆਂ ਅਤੇ ਮੁਗ਼ਲ ਹਾਕਮਾਂ ਦਾ ਦਸਮ ਪਾਤਸ਼ਾਹ ਪ੍ਰਤੀ ਵੈਰ ਭਾਵ ਹੋਰ ਤਿੱਖਾ ਹੋ ਗਿਆ। ਸਿੱਟੇ ਵਜੋਂ ਸੰਨ 1701 ਈਸਵੀ ਦੇ ਅੰਤ ਤੋਂ ਲੈ ਕੇ ਸੰਨ 1704 ਈਸਵੀ ਦੇ ਮਾਰਚ ਮਹੀਨੇ ਤੱਕ ਦੁਸ਼ਟ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਦੇ ਵੱਡੇ-ਵੱਡੇ ਭਾੜੇ ਦੇ ਲਸ਼ਕਰਾਂ ਨੇ ਇੱਕਾ-ਦੁੱਕਾ ਮੁਠਭੇੜਾਂ ਤੋਂ ਇਲਾਵਾ ਥੋੜ੍ਹੇ-ਥੋੜ੍ਹੇ ਅਰਸੇ ਬਾਅਦ ਸਤਿਗੁਰਾਂ ਦੇ ਸਿਰਲੱਥ ਸੂਰਮਿਆਂ ਦੀ ਅਨੋਖੀ ਪਿਆਰ ਦੀਵਾਨੀ ਮੁੱਠੀ ਭਰ ਫ਼ੌਜ ਨਾਲ ਆਨੰਦਪੁਰ ਦੇ ਅੰਦਰ ਚਾਰ ਵੱਡੀਆਂ ਲੜਾਈਆਂ ਲੜੀਆਂ।
ਇਨ੍ਹਾਂ ਚਾਰ ਲੜਾਈਆਂ ਤੋਂ ਬਾਅਦ ਆਨੰਦਪੁਰ ਦੀ ਪੰਜਵੀਂ ਅਤੇ ਆਖ਼ਰੀ ਸਭ ਤੋਂ ਲੰਮੇਰੀ, ਅਕਾ ਅਤੇ ਥਕਾ ਕੇ ਰੱਖ ਦੇਣ ਵਾਲੀ ਜੰਗ ਅੰਦਾਜ਼ਨ 20 ਮਈ, ਸੰਨ 1704 ਈਸਵੀ ਨੂੰ ਸ਼ੁਰੂ ਹੋ ਕੇ 21 ਦਸੰਬਰ, ਸੰਨ 1704 ਈਸਵੀ (06 ਪੋਹ, ਸੰਮਤ 1761 ਬਿਕਰਮੀ) ਅਰਥਾਤ ਸਤਿਗੁਰਾਂ ਦੇ ਆਨੰਦਪੁਰ ਛੱਡਣ ਤੱਕ ਨਿਰੰਤਰ ਜਾਰੀ ਰਹੀ। ਇਹ ਜੰਗ ਗੁਰੂ ਦੇ ਖ਼ਾਲਸੇ ਦੇ ਸਿਰੜ, ਸਮਰਪਣ ਭਾਵ, ਪਿਆਰ ਅਤੇ ਸਿਦਕ ਨੂੰ ਪਰਖਣ ਵਾਲੀ ਸਭ ਤੋਂ ਵੱਧ ਕਰੜੀ ਪ੍ਰੀਖਿਆ ਸੀ। ਹਰਿੰਦਰ ਸਿੰਘ ਮਹਿਬੂਬ ਅਨੁਸਾਰ ਇਸ ਜੰਗ ਦੇ ਆਰੰਭ ਸਮੇਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਪਾ ਵਾਰਨ ਵਾਲੇ ਲਗਭਗ 5000 ਸਿੰਘ ਸੂਰਮੇ ਮੌਜੂਦ ਸਨ। ਦੂਜੇ ਪਾਸੇ ਆਨੰਦਪੁਰੀ ਨੂੰ ਘੇਰਾ ਘੱਤਣ ਵਾਲੇ ਦੁਸ਼ਮਣਾਂ ਦੇ ਟਿੱਡੀ ਦਲ ਦੀ ਗਿਣਤੀ ਦਾ ਕੋਈ ਹਿਸਾਬ ਨਹੀਂ ਸੀ।
ਇਸ ਜੰਗ ਦਾ ਇਤਿਹਾਸ ਦੱਸਦਾ ਹੈ ਕਿ ਮਾਝੇ ਦੇ 40 ਸਿੰਘਾਂ ਦੁਆਰਾ ਦਿੱਤੇ ਬੇਦਾਵੇ ਵਾਲੇ ਦੁਖਦਾਈ ਘਟਨਾਕ੍ਰਮ ਤੋਂ ਲੈ ਕੇ ਸਤਿਗੁਰਾਂ ਦੇ ਆਨੰਦਪੁਰ ਛੱਡਣ ਤੱਕ ਦਾ ਸਮਾਂ, ਵਿਸ਼ੇਸ਼ ਕਰਕੇ ਆਨੰਦਪੁਰ ਤਿਆਗਣ ਤੋਂ ਪਹਿਲਾਂ ਦਾ ਪੰਜ ਦਿਨਾਂ (01 ਤੋਂ 05 ਪੋਹ) ਦਾ ਸਮਾਂ ਅਤੇ ਬਾਅਦ ਦਾ ਲਗਭਗ ਦਸ ਦਿਨਾਂ (06 ਤੋਂ 15 ਪੋਹ) ਦਾ ਸਮਾਂ ਦਸਮ ਪਾਤਸ਼ਾਹ, ਉਨ੍ਹਾਂ ਦੇ ਸਾਰੇ ਪਰਿਵਾਰ ਅਤੇ ਜਾਨ ਤੋਂ ਪਿਆਰੇ ਮੁਰੀਦਾਂ ਲਈ ਅਤਿ ਦੁਖਦਾਈ, ਉਦਾਸ, ਵੈਰਾਗਮਈ ਅਤੇ ਪੀੜਾਦਾਇਕ ਸੀ। ਇਨ੍ਹਾਂ 15 ਬੇਹੱਦ ਉਦਾਸ (ਬੇਨਿਆਜ਼ੀ ਅਤੇ ਬੇਲਾਗਤਾ ਵਾਲੇ) ਦਿਨਾਂ ਨੂੰ ਸਿੱਖ ਇਤਿਹਾਸ ਅੰਦਰ ਸ਼ਹੀਦੀ ਪੰਦਰਵਾੜੇ (01 ਤੋਂ 15 ਪੋਹ/16 ਤੋਂ 30 ਦਸੰਬਰ) ਵਜੋਂ ਜਾਣਿਆ ਜਾਂਦਾ ਹੈ। ਸੋ ਬਹੁਤ ਪਿਆਰੇ ਗੁਰ-ਭਾਈਓ ਅਤੇ ਦੋਸਤੋ, ਅੱਜ ਇਸ ਸ਼ਹੀਦੀ ਪੰਦਰਵਾੜੇ ਦੇ ਪਹਿਲੇ ਦਿਨ (01 ਪੋਹ/16 ਦਸੰਬਰ) ਦੀ, ਦਾਸ ਦੀ ਹਾਜ਼ਰੀ ਕਬੂਲ ਕਰੋ।
ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫ਼ੈਸਰ, ਪੰਜਾਬੀ ਵਿਭਾਗ
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ