''ਸ਼ਹੀਦ ਪਰਿਵਾਰ'' ਦੀ ਜਣਨੀ ‘ਬੀਬੀ ਭਾਨੀ ਜੀ’

3/22/2021 5:34:54 PM

ਬੀਬੀ ਭਾਨੀ ਜੀ ਸਿੱਖ ਕੌਮ ਦੇ ਬਹੁਤ ਹੀ ਆਦਰਯੋਗ ਤੇ ਮਹਾਨ ਸ਼ਖ਼ਸੀਅਤ ਹਨ, ਜੋ ਸਿੱਖੀ ’ਚ ਸੇਵਾ ਭਾਵਨਾ ਨੂੰ ਰੂਮਮਾਨ ਕਰਦੇ ਹਨ।ਗੁਰੂ ਪੁੱਤਰੀ, ਗੁਰੂ ਪਤਨੀ, ਗੁਰੂ ਮਾਂ, ਗੁਰੂ ਦਾਦੀ ਤੇ ਗੁਰੂ ਪੜਦਾਦੀ ਹੋਣ ਦਾ ਮਾਣ ਸਿਰਫ਼ ਬੀਬੀ ਭਾਨੀ ਜੀ ਨੂੰ ਹੀ ਪ੍ਰਾਪਤ ਹੈ।  8 ਗੁਰੂ ਸਾਹਿਬਾਨ ਬੀਬੀ ਭਾਨੀ ਜੀ ਦੇ ਹੀ ਪਰਿਵਾਰ ਨਾਲ ਸੰਬੰਧਤ ਹਨ। ਬੀਬੀ ਭਾਨੀ ਜੀ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੀ ਪੁੱਤਰੀ ਤੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੀ ਪਤਨੀ ਹਨ। ਹਾਲਾਂਕਿ ਬੀਬੀ ਭਾਨੀ ਜੀ ਦੇ ਜਨਮ ਤੇ ਚਲਾਣੇ ਸੰਬੰਧੀ ਕੋਈ ਪ੍ਰਮਾਣਿਕ ਤਾਰੀਖ਼ਾਂ ਨਹੀਂ ਮਿਲਦੀਆਂ ਪਰ ਵਿਦਵਾਨਾਂ ਅਨੁਸਾਰ ਬੀਬੀ ਭਾਨੀ ਜੀ ਦਾ ਜਨਮ ਲਗਭਗ ਸੰਨ 1535 ਵਿਚ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਤੇ ਮਾਤਾ ਮਨਸਾ ਦੇਵੀ ਦੇ ਗ੍ਰਹਿ ਵਿਖੇ  ਪਿੰਡ ਬਾਸਰਕੇ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਬੀਬੀ ਭਾਨੀ ਜੀ ਚਾਰ ਭੈਣ-ਭਰਾਵਾਂ ’ਚੋਂ ਸਭ ਤੋਂ ਛੋਟੇ ਸਨ।

ਅਧਿਆਤਮਕ ਤੇ ਸਦਾਚਾਰਕ ਗੁਣਾਂ ਦੇ ਮਾਲਕ ਬੀਬੀ ਭਾਨੀ ਜੀ ਨੇ ਇਕ ਸਿੱਖ ਦੇ ਰੂਪ ’ਚ ਪਿਤਾ ਗੁਰੂ ਅਮਰਦਾਸ ਜੀ ਦੀ ਤਨ-ਮਨ ਨਾਲ ਸੇਵਾ ਕੀਤੀ। ਬੀਬੀ ਜੀ ਸੰਗਤਾਂ ਦੀ ਟਹਿਲ ਸੇਵਾ ’ਚ ਵੀ ਕੋਈ ਘਾਟ ਨਾ ਰਹਿਣ ਦਿੰਦੇ।

ਗੁਰੂ ਅਮਰਦਾਸ ਜੀ ਵਲੋਂ ਭਾਈ ਜੇਠਾ ਜੀ ਨੂੰ ਗੁਰਗੱਦੀ ਸੌਂਪ ਕੇ ਗੁਰੂ ਰਾਮਦਾਸ ਬਣਾਏ ਜਾਣ ਦੇ ਬਾਅਦ ਵੀ ਬੀਬੀ ਭਾਨੀ ਜੀ ਸੰਗਤਾਂ ਦੀ ਸੇਵਾ ਪਹਿਲਾਂ ਵਾਂਗ ਹੀ ਕਰਦੇ ਰਹੇ। ਬੀਬੀ ਭਾਨੀ ਜੀ ਦੇ ਘਰ ਤਿੰਨ ਪੁੱਤਰਾਂ ਪ੍ਰਿਥੀ ਚੰਦ, ਮਹਾਂਦੇਵ ਤੇ ਗੁਰੂ ਅਰਜਨ ਦੇਵ ਜੀ ਨੇ ਜਨਮ ਲਿਆ।

 ਬੀਬੀ ਭਾਨੀ ਜੀ ਨੂੰ ‘ਸ਼ਹੀਦੀ ਪਰਿਵਾਰ’ ਦੀ ਜਣਨੀ ਕਰਕੇ ਵੀ ਯਾਦ ਕੀਤਾ ਜਾਂਦਾ ਹੈ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ, ਜਿੱਥੇ ਆਪ ਦੇ ਪੁੱਤਰ ਸਨ, ਉਥੇ ਹੀ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਆਪ ਦੇ ਪੜਪੋਤੇ ਸਨ ਤੇ ਅੱਗੇ ਗੁਰੂ ਤੇਗ ਬਹਾਦਰ ਜੀ ਦੇ ਪਰਿਵਾਰ ’ਚੋਂ ਬੇਅੰਤ ਸ਼ਹੀਦੀਆਂ ਹੋਈਆਂ।  ਬੀਬੀ ਭਾਨੀ ਜੀ ਆਖਰੀ ਸਮੇਂ ਤੱਕ ਸੰਗਤਾਂ ਤੇ ਦੀਨ-ਦੁਖੀਆਂ ਦੀ ਸੇਵਾ ਕਰਦੇ ਰਹੇ ਤੇ 1598 ’ਚ ਉਸ ਅਕਾਲ ਪੁਰਖ ਦੇ ਚਰਨਾਂ ’ਚ ਜਾ ਬਿਰਾਜੇ।
 


Harnek Seechewal

Content Editor Harnek Seechewal