ਜਨਮ ਦਿਹਾੜੇ 'ਤੇ ਵਿਸ਼ੇਸ਼ : ਵਹਿਮ-ਭਰਮ ਅਤੇ ਜਾਤ-ਪਾਤ ਦੇ ਭਰਮ ਤੋੜਨ ਵਾਲੇ ਭਗਤ ਕਬੀਰ ਜੀ

6/24/2021 11:21:41 AM

ਧੰਨ ਧੰਨ ਭਗਤ ਕਬੀਰ ਜੀ ਦਾ ਬਚਪਨ ਵੀ ਆਚੰਭੇ ਜਨਕ ਰਿਹਾ ਹੈ। ਇਤਿਹਾਸ ਅਨੁਸਾਰ ਬਨਾਰਸ ਦੇ ਨੇੜੇ ਗ਼ਰੀਬ ਜੁਲਾਹਿਆਂ ਦੀ ਇੱਕ ਬਸਤੀ ਸੀ ਅਤੇ ਇਸ ਬਸਤੀ ਵਿੱਚ ਬਹੁਤ ਹੀ ਗ਼ਰੀਬ ਪਰਿਵਾਰ ਰਹਿੰਦਾ ਸੀ। ਪਤੀ ਪਤਨੀ ਦੇ ਨਾਂ ਨੀਰੂ ਅਤੇ ਨੀਮਾ ਸਨ। ਉਹ ਮੁਸਲਮਾਨ ਸਨ ਪਰ ਕਿਰਤ ਕਰਕੇ ਖੱਡੀ ਪਰ ਕੱਪੜਾ ਬੁਣ ਕੇ ਆਪਣਾ ਗੁਜ਼ਾਰਾ ਕਰਦੇ ਸਨ। ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਕਿ ਸੰਮਤ 1455 ਜੇਠ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਉਨ੍ਹਾਂ ਦੇ ਘਰ ਇੱਕ ਬਾਲਕ ਨੇ ਜਨਮ ਲਿਆ ਅਤੇ ਉਹ ਬੱਚੇ ਨੂੰ ਦੇਖ ਬਹੁਤ ਖੁਸ਼ ਹੋਏ। ਥੋੜਾ ਵੱਡਾ ਹੋਣ ’ਤੇ ਬੱਚੇ ਦਾ ਨਾਂ 'ਕਬੀਰ' ਰੱਖਿਆ ਗਿਆ। ਬੱਚੇ ਦੇ ਮਾਤਾ ਪਿਤਾ ਚਾਹੁੰਦੇ ਸਨ ਕਿ ਜੀਵਨ ਵਿੱਚ ਬੱਚਾ ਵੱਡਾ ਵਿਅਕਤੀ ਬਣੇ ਅਤੇ ਇਸ ਲਈ ਬੱਚੇ ਦਾ ਨਾਂ 'ਕਬੀਰ' ਜਿਸ ਦਾ ਮਤਲਬ 'ਵੱਡਾ' ਰੱਖ ਦਿੱਤਾ।ਬੱਚਾ ਕਬੀਰ ਘਰ ਵਿੱਚ ਹੱਸਦਾ-ਖੇਡਦਾ ਆਪਣੇ ਮਾਤਾ-ਪਿਤਾ ਦੇ ਕੰਮ ਵਿੱਚ ਉਨ੍ਹਾਂ ਦੀ ਮਦਦ ਕਰਦਾ ।ਪ੍ਰਮਾਤਮਾ ਦੀ ਉਸ ’ਤੇ ਬਚਪਨ ਤੋਂ ਹੀ ਮਿਹਰ ਸੀ । ਉਹ ਲੰਬਾ-ਲੰਬਾ ਸਮਾਂ ਹੱਥ ਜੋੜ ਅਤੇ ਅੱਖਾਂ ਮੀਟ ਪ੍ਰਮਾਤਮਾ ਦਾ ਧਿਆਨ ਧਰ ਬੈਠਾ ਰਹਿੰਦਾ। ਉਸ ਦੇ ਮਾਤਾ-ਪਿਤਾ ਉਸ ਦੀ ਇਸ ਭਗਤੀ ਨੂੰ ਸਮਝ ਨਾ ਸਕੇ ਸਗੋਂ ਉਸ ਨੂੰ ਰੋਗੀ ਸਮਝ ਲੈਂਦੇ, ਪੀਰਾਂ ਨੂੰ ਦਿਖਾਉਣ ਲੱਗੇ ਪਰ ਕਬੀਰ ਜੀ ਸ਼ਾਂਤ ਰਹਿੰਦੇ।

ਉਨ੍ਹਾਂ ਦੇ ਜੀਵਨ ਵਿੱਚ ਇਹ ਵੀ ਬਚਿੱਤਰ ਸੀ ਕਿ ਉਹ ਮੁਸਲਮਾਨਾਂ ਦੇ ਘਰ ਵਿੱਚ ਪੈਦਾ ਹੋ ਕੇ ਅਤੇ ਮੁਸਲਮਾਨ ਪਰਿਵਾਰ ਵਿੱਚ ਹੀ ਰਹਿੰਦੇ ਹੋਏ 'ਰਾਮ' ਨਾਮ ਜਪਦੇ ਸਨ। ਬੱਚਿਆਂ ਵਿੱਚ ਖੇਡਦੇ ਹੋਏ ਵੀ ਉਹ ਸਦਾ ਆਪਣਾ ਧਿਆਨ ਆਪਣੇ ਪ੍ਰਭੂ 'ਰਾਮ' ਵੱਲ ਲਗਾਈ ਰੱਖਦੇ। 

ਮੁਸਲਮਾਨ ਲੋਕ ਉਸਦੇ ਵਿਰੁੱਧ ਹੋ ਗਏ ਅਤੇ ਪੰਡਿਤ ਲੋਕ ਉਸ ਦੀ ਜਾਤੀ ਦੇ ਕਾਰਨ ਉਸਦੇ ਵਿਰੁੱਧ ਹੋ ਗਏ ਕਿਉਂਕਿ ਉਹ ਆਪਣੀ ਉੱਚ ਜਾਤੀ ਦੇ ਕਾਰਨ ਹੰਕਾਰ ਵਿੱਚ ਸਨ। ਉਨ੍ਹਾਂ ਨੂੰ ਕਬੀਰ ਜੀ ਦੇ ਪ੍ਰਭੂ ਪ੍ਰੇਮ ਦਾ ਗਿਆਨ ਨਹੀਂ ਸੀ ਪਰ ਕਬੀਰ ਜੀ ਨੇ ਕਦੇ ਵੀ ਕਿਸੇ ਦੀ ਗੱਲ ਦਾ ਗੁੱਸਾ ਨਹੀਂ ਕੀਤਾ। ਜਦੋਂ ਕਬੀਰ ਜੀ ਅੱਠ ਸਾਲ ਦੇ ਹੀ ਸਨ ਤਾਂ ਉਹਨਾਂ ਨੂੰ ਰਾਮ ਦਾ ਨਾਮ ਜਪਣ ਕਰਕੇ ਧਰਮ ਦੇ ਠੇਕੇਦਾਰਾਂ ਦਾ ਵਿਰੋਧ ਕਰਨਾ ਪਿਆ ਪਰ ਉਹ ਬੜੇ ਤਰਕ ਨਾਲ ਬਾਣੀ ਰਾਹੀਂ ਹੀ ਸਭ ਨੂੰ ਉਪਦੇਸ਼ ਦੇ ਕੇ ਚੁੱਪ ਕਰਵਾ ਦਿੰਦੇ ਸਨ। 8 ਸਾਲ ਦੀ ਛੋਟੀ ਉਮਰ ਵਿੱਚ ਹੀ ਭਗਤ ਕਬੀਰ ਜੀ ਵੱਡੇ ਰਿਸ਼ੀ ਮੁਨੀਆਂ ਦੀ ਤਰ੍ਹਾਂ ਬਾਣੀ ਦਾ ਪ੍ਰਚਾਰ ਕਰਦੇ ਸਨ।

ਅਸੀਂ ਜਾਣਦੇ ਹਾਂ ਕਿ ਭਗਤ ਜੀ ਦੀ ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਰਖ ਕਸਵੱਟੀ ਪਰ ਸਹੀ ਉਤਰੀ ਅਤੇ ਇਸੇ ਕਰਕੇ ਉਨ੍ਹਾਂ ਨੇ ਭਗਤ ਜੀ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਤਿਕਾਰਯੋਗ ਸਥਾਨ ਦਿੱਤਾ। ਕਬੀਰ ਜੀ ਨੇ ਆਪਣੇ 229 ਪਦਾਂ ਬਾਵਨ ਅੱਖਰੀ ਤੇ ਸਤਵਾਰੇ ਲਈ 17 ਮੁੱਖ ਅਤੇ 8 ਉਪ ਰਾਗਾਂ ਦਾ ਪ੍ਰਯੋਗ ਕੀਤਾ। ਉਨ੍ਹਾਂ ਦੀ ਬਾਣੀ ਜਾਤ-ਪਾਤ ਧਰਮ ਤੋਂ ਉਪਰ ਉਠ ਕੇ ਨੈਤਿਕਤਾ ਦੇ ਸਿਧਾਂਤ ਪਰ ਪ੍ਰਭੂ ਦੇ ਗੁਣ ਗਾਉਣ ਵਾਲੀ ਹੈ। ਆਪਣੀ ਬਾਣੀ ਵਿੱਚ ਭਗਤ ਜੀ ਨੇ ਦੱਸਿਆ ਕਿ ਪ੍ਰਭੂ ਹਰ ਇਕ ਇਨਸਾਨ ਵਿੱਚ ਬਿਰਾਜਮਾਨ ਹੈ ਅਤੇ ਚੱਪੇ-ਚੱਪੇ ਦਾ ਮਾਲਕ ਹੈ ਅਤੇ ਉਹ ਹੀ ਸਭ ਕੁਝ ਕਰਨ-ਕਰਾਉਣ ਵਾਲਾ ਹੈ । ਉਹ ਆਪ ਹੀ ਸਾਰੀ ਸ੍ਰਿਸ਼ਟੀ ਵਿੱਚ ਵਸਿਆ ਹੋਇਆ ਹੈ। ਇਸ ਲਈ ਉਹ ਲਿਖਦੇ ਹਨ-
ਅਵਲਿ ਅਲਹ ਨੂਰ ਉਪਾਇਆ ਕੁਦਰਤਿ ਦੇ ਸਭ ਬੰਦੇ।।
ਏਕ ਨੂਰ ਤੇ ਸਭੁ-ਜਗੁ ਉਪਜਿਆ ਕਉਨ ਭਲੇ ਕੋ ਮੰਦੇ ।।

ਭਗਤ ਕਬੀਰ ਜੀ ਵਹਿਮਾਂ-ਭਰਮਾਂ ਦੇ ਬਹੁਤ ਵਿਰੁੱਧ ਸਨ। ਮਗਹਰ ਵਿੱਚ ਮਰਨ ਵਾਲਿਆਂ ਨੂੰ ਨਰਕਾਂ ਦੇ ਭਾਗੀ ਦੱਸਣ ਵਾਲਿਆਂ ਲਈ ਉਹ ਆਪ ਆਖਰੀ ਸਮੇਂ ਮਗਹਰ ਵਿੱਚ ਚਲੇ ਗਏ ਅਤੇ ਆਪਣੀ ਬਾਣੀ ਵਿੱਚ ਸਪੱਸ਼ਟ ਕੀਤਾ ਕਿ:-
ਤੇਰੇ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤਿ ਬੁਝਾਈ।।

ਜਾਤ-ਪਾਤ ਦੇ ਤਾਂ ਕਬੀਰ ਜੀ ਬਹੁਤ ਵਿਰੁੱਧ ਸਨ ਕਿਉਂਕਿ ਉਨ੍ਹਾਂ ਦੀ ਆਪਣੀ ਜਾਤੀ ਨੂੰ ਮਾੜਾ ਸਮਝਿਆ ਜਾਂਦਾ ਸੀ ਇਸ ਲਈ ਉਨ੍ਹਾਂ ਕਿਹਾ-
ਕਬੀਰ ਮੇਰੀ ਜਾਤਿ ਕਉ, ਸਭ ਕੋ ਹਸਨੇਹਾਰ।।
ਬਲਿਹਾਰੀ ਇਸ ਜਾਤਿ ਕਉ ਜਿਹ ਜਪਿਓ ਸਿਰਜਨਹਾਰ ।।

ਕਬੀਰ ਜੀ ਦੀ ਬਾਣੀ ਵਿੱਚ ਕਥਨੀ ਅਤੇ ਕਰਨੀ ਦੀ ਸਮਾਨਤਾ ਨਜ਼ਰ ਆਉਂਦੀ ਹੈ। ਜਿਨ੍ਹਾਂ ਉਪਦੇਸ਼ਾਂ ਦੀ ਉਨ੍ਹਾਂ ਨੇ ਪ੍ਰੇਰਣਾ ਦਿੱਤੀ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਅਪਣਾਇਆ। ਆਪਣੀ ਸੱਚੀ ਗੱਲ ਕਹਿਣ ਬਦਲੇ, ਉਹ ਯੋਧੇ ਵਾਂਗ ਮੈਦਾਨ ਵਿੱਚ ਉਤਰੇ ਅਤੇ ਉਨ੍ਹਾਂ ਲਿਖਿਆ -
ਸੂਰਾ ਸੋ ਪਹਿਚਾਨੀਐ ਜੁ ਲੜੇ ਦੀਨ ਕੇ ਹੇਤ।।
ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੇ ਖੇਤ।।

ਕਬੀਰ ਜੀ ਦੀ ਬਾਣੀ ਕਿਤੇ ਵੀ  ਘਰੇਲੂ ਜ਼ੁੰਮੇਵਾਰੀਆਂ ਤੋਂ ਦੂਰ ਭੱਜਣ ਦੀ ਕਦੇ ਵੀ ਸਿੱਖਿਆ ਨਹੀਂ ਦੇਂਦੀ ਅਤੇ ਉਨ੍ਹਾਂ ਆਪਣੀ ਬਾਣੀ ਵਿੱਚ ਲਿਖਿਆ ਹੈ:-
ਨਾ ਮੈਂ ਜੋਗ ਧਿਆਨ ਚਿਤੁ ਲਾਇਆ।।
ਬਿਨ ਬੈਰਗਾ ਨ ਛੂਟਸਿ ਮਾਇਆ।।

 ਇੱਕ ਵਾਰ ਜਦੋਂ ਕਬੀਰ ਜੀ ਦੇ ਘਰ ਅੰਤਾਂ ਦੀ ਗਰੀਬੀ ਆ ਗਈ ਤਾਂ ਉਨ੍ਹਾਂ ਦੇ ਪ੍ਰਮਾਤਮਾ ਨੂੰ ਸੰਬੋਧਿਤ ਹੁੰਦੇ ਕਿਹਾ ਸੀ''-
ਭੂਖੇ ਭਗਤ ਨਾ ਕੀਜੈ।। ਯਹ ਮਾਲਾ ਆਪਣੀ ਲੀਜੈ।।
ਹਉ ਮਾਂਗਉ ਸੰਤਨ ਰੇਨਾ।। ਮੈਂ ਨਾਹੀ ਕਿਸੇ ਕਾ ਦੇਨੇਂ।।

ਕਬੀਰ ਜੀ ਦੀ ਬਾਣੀ ਮਨੁੱਖ ਨੂੰ ਜੀਵਨ ਦੀ ਸੇਧ ਪ੍ਰਦਾਨ ਕਰਦੀ ਹੈ ਅਤੇ ਉਨ੍ਹਾਂ ਦਾ ਕਹਿਣਾ ਸੀ ਮਨੁੱਖ ਨੂੰ ਪ੍ਰਭੂ ਦੇ ਨਾਮ ਨਾਲ ਜੁੜ ਕੇ ਸਭ ਕੁਝ ਉਸਨੂੰ ਸਮਰਪਿਤ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਦੀ ਬਾਣੀ ਅਨੁਸਾਰ - 
ਕਬੀਰ ਮੇਰਾ ਮੁਝ ਮਹਿ ਕਿਛੁ ਨਹੀਂ ਜੇ ਕਿਛੁ ਹੈ ਸੋ ਤੇਰਾ।।
ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ।। 

 ਮਹਾਨ ਭਗਤ ਕਬੀਰ ਜੀ 120 ਵਰ੍ਹਿਆ ਦੀ ਉਮਰ ਭੋਗ ਕੇ 1518 ਈ: ਨੂੰ ਮਗਹਰ ਵਿਖੇ ਅਕਾਲ ਚਲਾਣਾ ਕਰ ਗਏ। ਮਨੁੱਖਤਾ ਉਨ੍ਹਾਂ ਦੀ ਦੇਣ ਨੂੰ ਸਦਾ ਯਾਦ ਰੱਖੇਗੀ।

ਬਹਾਦਰ ਸਿੰਘ ਗੋਸਲ
ਮਕਾਨ ਨੰ: 3098, ਸੈਕਟਰ-37ਡੀ,
ਚੰਡੀਗੜ੍ਹ। ਮੋ.ਨੰ: 98764-52223


Shyna

Content Editor Shyna