ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼ : ਸਿੱਖ ਪੰਥ ਦੀ ਮਹਾਨ ਸਖਸ਼ੀਅਤ ਬ੍ਰਹਮ ਗਿਆਨੀ ‘ਬਾਬਾ ਬੁੱਢਾ ਸਾਹਿਬ ਜੀ’
10/23/2020 10:23:13 AM
‘ਸੁਖਮਨੀ ਸਾਹਿਬ’ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ‘ਬ੍ਰਹਮ-ਗਿਆਨੀ ਦੀ 8ਵੀਂ ਅਸ਼ਟਪਦੀ ਵਿਚ ਵਿਸਤਾਰ ਸਹਿਤ ਵਿਆਖਿਆ ਕਰਦਿਆਂ ਦੱਸਿਆ ਹੈ ਕਿ ਜਿਸ ਮਨੁੱਖ ਦੇ ਮਨ ਵਿਚ ਸਦਾ ਸੱਚਾ ਪਰਮਾਤਮਾ ਵਸਦਾ ਹੈ, ਜਿਸ ਦੇ ਮੁਖ ਤੋਂ ਹਮੇਸ਼ਾਂ ਵਾਹਿਗੁਰੂ ਦਾ ਸਿਮਰਨ ਹੈ। ਜੋਪਰਮਾਤਮਾ ਤੋਂ ਬਿਨਾ ਕਿਸੇ ਹੋਰ ਦੇ ਧਿਆਨ ਵਿਚ ਮਗਨ ਨਹੀਂ ਹੁੰਦਾ, ਉਹ ਮਨੁੱਖ ‘ਬ੍ਰਹਮ-ਗਿਆਨੀ’ ਹੋਣ ਦਾ ਮਾਣ ਹਾਸਿਲ ਕਰਦਾ ਹੈ।
ਮਨਿ ਸਾਚਾ ਮੁਖਿ ਸਾਚਾ ਸੋਇ ।
ਅਵਰੁ ਨ ਪੇਖੈ ਏਕਸੁ ਬਿਨੁ ਕੋਇ ।
ਨਾਨਕ ਇਹ ਲਛਣ ਬ੍ਰਹਮ ਹੋਇ ।।
ਇਸ ਅਵਸਥਾ ਦੇ ਮਾਲਕ ਸਨ ‘ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ’। ਬਾਬਾ ਬੁੱਢਾ ਜੀ ਨੂੰ ਛੇ ਗੁਰੂ ਸਾਹਿਬਾਨ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਦੂਜੀ ਪਾਤਸਾਹੀ ਤੋਂ ਲੈ ਕੇ ਛੇਵੀਂ ਪਾਤਸ਼ਾਹੀ ਤਕ ਗੁਰਗੱਦੀ ਤਿਲਕ ਦੀ ਰਸਮ ਨਿਭਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਬਾਬਾ ਜੀ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਕੱਥੂ ਨੰਗਲ ਵਿੱਚ 1563 ਈ: ਪਿਤਾਭਾਈ ਸੁੱਗਾ ਜੀ ਦੇ ਘਰ ਮਾਤਾ ਗੌਰਾ ਜੀ ਦੀ ਕੁੱਖੋ ਹੋਇਆ।
ਬਾਬਾ ਜੀ ਦੀ ਮਾਤਾ ਗੌਰਾਂ ਜੀ ਭਜਨ ਬੰਦਗੀ ਕਰਨ ਵਾਲੀ ਇਸਤ੍ਰੀ ਸੀ। ਉਨ੍ਹਾਂ ਦੀ ਭਜਨ ਬੰਦਗੀ ਅਤੇ ਸੇਵਾ ਸਿਮਰਨ ਦਾ ਪ੍ਰਭਾਵ ਪੁੱਤਰ ਬਾਬਾ ਬੁੱਢਾ ਜੀ ’ਤੇ ਪੈਣਾ ਸੁਭਾਵਿਕ ਹੀ ਸੀ।
ਜਦ ਬਾਬਾ ਜੀ ਬਾਰ੍ਹਾਂ ਕੁ ਵਰ੍ਹਿਆਂ ਦੇ ਹੀ ਸਨ ਤਾਂ ਉਨ੍ਹਾਂ ਦੇ ਮਾਤਾ-ਪਿਤਾ ਰਮਦਾਸ ਪਿੰਡ ਵਿੱਚ ਆ ਗਏ। ਤਦ ਹੀ ਬਾਬਾ ਜੀ ਦਾ ਮੇਲਗੁਰੂ ਸ੍ਰੀ ਨਾਨਕ ਸਾਹਿਬ ਜੀ ਨਾਲ ਰਮਦਾਸ ਪਿੰਡ ਵਿੱਚ ਹੋਇਆ। ਬਾਬਾ ਬੁੱਢਾ ਜੀ ਦਾ ਬਚਪਨ ਦਾ ਨਾਮ ਬੂੜਾ ਸੀ। ਇਕ ਦਿਨ ਮੱਝਾਂ ਚਾਰ ਦਿਆ ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਆ ਗਏ ਅਤੇ ਗੁਰੂ ਜੀ ਦਾ ਉਪਦੇਸ਼ ਸੁਣਿਆ। ਬਾਅਦ ਵਿੱਚ ਉਹ ਰੋਜ਼ਾਨਾ ਗੁਰੂ ਜੀ ਕੋਲ ਆਉਂਦੇ ਅਤੇ ਉਨ੍ਹਾਂ ਵਾਸਤੇ ਦੁੱਧ ਲਿਆ ਕੇ ਭੇਟ ਕਰਦੇ। ਇੱਕ ਦਿਨ ਬੁੜਾ ਜੀ ਨੇ ਗੁਰੂ ਜੀ ਨਾਲ ਬਚਨ ਬਿਲਾਸ ਕਰਦੇ ਹੋਏ ਕਿਹਾ ਕਿ "ਬਾਬਾ ਜੀ ਜੀਵਨ ਮਰਨ ਤੋਂ ਮੁਕਤੀ ਦੇ ਦਿਓ" ਤਾਂ ਗੁਰੂ ਜੀ ਨੇ ਬੂੜਾ ਜੀ ਦਾ ਦੀਆਂ ਗੱਲਾਂ ਸੁਣ ਕੇ ਕਿਹਾ ਕਿ ‘ਤੂੰ ਹੈਂ ਤਾਂ ਬੱਚਾ, ਪਰ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਹੈਂ। ਤੂੰ ਬੱਚਾ ਨਹੀਂ, ਤੂੰ ਬੁੱਢਾ ਹੈਂ।’ ਉਸ ਦਿਨ ਤੋਂ ਬੂੜਾ ਜੀ ਦਾ ਨਾਂ ‘ਬੁੱਢਾ ਜੀ’ ਪੈ ਗਿਆ।
ਬਾਬਾ ਬੁੱਢਾ ਦਾ ਵਿਆਹ ਸੰਮਤ 1590 ਨੂੰ ਅਚੱਲ ਪਿੰਡ ਦੇ ਜ਼ਿਮੀਦਾਰ ਦੀ ਲੜਕੀ ਮਿਰੋਆ ਨਾਲ ਹੋ ਗਿਆ। ਬਾਬਾ ਜੀ ਦੇ ਘਰ ਚਾਰ ਪੁੱਤਰਾਂ ਬਾਬਾ ਸੁਧਾਰੀ, ਬਾਬਾ ਭਖਾਰੀ, ਬਾਬਾ ਮਹਿਮੂ,ਅਤੇ ਬਾਬਾ ਭਾਨਾ ਜੀ ਦਾ ਜਨਮ ਹੋਇਆ।
ਬਾਬਾ ਬੁੱਢਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਰਹਿ ਕੇ ਸਾਰਾ ਦਿਨ ਸੰਗਤਾਂ ਦੀ ਸੇਵਾ ਕਰਦੇ, ਖੇਤਾਂ ਵਿੱਚ ਜਾ ਕੇ ਖੇਤੀ-ਬਾੜੀ ਦਾ ਕੰਮ ਵੀ ਕਰਦੇ। ਉਨ੍ਹਾਂ ਨੇ ਆਪਣਾ ਜੀਵਨ ਸੰਗਤਾਂ ਦੀ ਸੇਵਾ ਵਿਚ ਲਗਾਇਆ ਅਤੇ ਗੁਰੂ ਜੀ ਦੇ ‘ਨਾਮ ਜਪਣ, ਕਿਰਤ ਕਰਨ ਤੇ ਵੰਡ ਕੇ ਛਕਣ’ ਦੇ ਉਪਦੇਸ਼ ਨੂੰ ਕਮਾ ਕੇ ਦਿਖਾਇਆ। ਸ੍ਰੀ ਗੁਰੂ ਨਾਨਕ ਦੇਵ ਜੀ ਬਾਬਾ ਬੁੱਢਾ ਜੀ ਦੇ ਜੀਵਨ ਤੋਂ ਬਹੁਤ ਪ੍ਰਸੰਨ ਸਨ।
ਮਾਂ-ਬਾਪ ਦੇ ਚਲਾਣਾ ਕਰ ਜਾਣ ਤੋਂ ਬਾਅਦ ਪਰਿਵਾਰ ਦੀ ਜ਼ਿੰਮੇਵਾਰੀ ਪੈਣ ਕਰਕੇ ਸ੍ਰੀ ਗੁਰੂ ਨਾਨਕ ਜੀ ਵੱਲੋਂ ਦਸਤਾਰ ਬਾਬਾ ਬੁੱਢਾ ਜੀ ਦੇ ਸਿਰ ਰੱਖ ਦਿੱਤੀ ਗਈ। ਬਾਬਾ ਬੁੱਢਾ ਜੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਕਰਤਾਰਪੁਰ ਵਿਖੇ ਹੀ ਗੁਰੂ ਦੀ ਸੇਵਾ ਲਈ ਹਾਜ਼ਿਰ ਰਹਿਣ ਲੱਗ ਗਏ। ਅੰਤਿਮ ਸਮੇਂ ਬਾਬਾ ਬੁੱਢਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਸਨ। ਜਦੋਂ ਸ੍ਰੀ ਗੁਰੂ ਨਾਨਕ ਜੀ ਨੇ ਗੁਰਗੱਦੀ ਗੁਰੂ ਅੰਗਦ ਸਾਹਿਬ ਜੀ ਨੂੰ ਸੌਂਪੀ, ਤਾਂ ਉਨ੍ਹਾਂ ਨੇ ਗੁਰਿਆਈ ਦੀ ਰਸਮ ਬਾਬਾ ਬੁੱਢਾ ਜੀ ਪਾਸੋਂ ਅਦਾ ਕਰਵਾਈ।
ਜਦੋਂ ਸ੍ਰੀ ਗੁਰੂ ਨਾਨਕ ਦੇਵ ਦੇ ਜੋਤੀ ਜੋਤ ਸਮਾਉਣ ’ਤੇ 6 ਮਹੀਨੇ ਤਕ ਗੁਰੂ ਅੰਗਦ ਦੇਵ ਜੀ ਨੇ ਆਪਣੇ ਆਪ ਨੂੰ ਸੰਗਤਾ ਤੋਂ ਉਹਲੇ ਰਖਿਆ ਤਾਂ ਸੰਗਤਾਂ ਗੁਰੂ ਦੀ ਤਲਾਸ਼ ਕਰਦੀਆਂ ਬਾਬਾ ਬੁੱਢਾ ਜੀ ਕੋਲ ਪਹੁੰਚ ਗਈਆਂ ਕਿਓਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਨ੍ਹਾਂ ਲਈ ਆਸ਼ੀਰਵਾਦ ਸੀ ਕਿ “ਤੇਥੋਂ ਉਹਲੇ ਨਾ ਹੋਸਾਂ”। ਬਾਬਾ ਬੁਢਾ ਜੀ ਖਡੂਰ ਸਾਹਿਬ ਜਾ ਕੇ ਮਾਈ ਭਰਾਈ ਜੋ ਗੁਰੂ ਸਾਹਿਬ ਦੀ ਭੂਆ ਲਗਦੇ ਸੀ ਦੇ ਘਰ ਪੁਜੇ। ਗੁਰੂ ਸਾਹਿਬ ਜੀ ਭਗਤੀ ਵਿਚ ਲੀਨ ਹੋਣ ਕਰਕੇ ਦਰਵਾਜ਼ੇ ’ਤੇ ਲਿਖਿਆ ਸੀ ਜੋ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰੇਗਾ, ਉਹ ਮੇਰਾ ਸਿਖ ਨਹੀਂ ਹੋਵੇਗਾ। ਬਾਬਾ ਬੁਢਾ ਜੀ ਨੇ ਤਰਤੀਬ ਨਾਲ ਕੰਮ ਲਿਆ ਦਰਵਾਜ਼ਾ ਨਾ ਖੋਲ੍ਹਕੇ ਪਿਛੋਂ ਕੰਧ ਨੂੰ ਪਾੜ ਦਿੱਤਾ ਅਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਬਾਹਰ ਸੰਗਤਾਂ ਆਪ ਜੀ ਦੇ ਦਰਸ਼ਨ ਕਰਨ ਲਈ ਖੜੀਆ ਹਨ। ਤਾਂ ਇਸ ਤਰਾ ਗੁਰੂ ਅੰਗਦ ਦੇਵ ਜੀ ਕਮਰੇ ਚੀ ਬਾਹਰ ਆਏ। ਇਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਆਪਣਾ ਕੇਂਦਰ ਖਡੂਰ ਸਾਹਿਬ ਵਿਚ ਹੀ ਸਥਾਪਤ ਕਰ ਲਿਆ ।
ਗੁਰੂ ਅਮਰਦਾਸ ਜੀ ਦੇ ਸਮੇਂ ਉਨ੍ਹਾਂ ਦੀ ਨਿਗਰਾਨੀ ਹੇਠ ਹੀ 1552 ਈਸਵੀ ਨੂੰ ਗੋਇੰਦਵਾਲ ਸਾਹਿਬ ਦੀ ਬਾਉਲੀ ਦਾ ਨਿਰਮਾਣ ਹੋਇਆ। ਗੁਰੂ ਅਮਰਦਾਸ ਜੀ ਦੇ ਸਮੇਂ ਜਦੋਂ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ 22 ਮੰਜੀਆਂ ਦੀ ਸਥਾਪਨਾ ਹੋਈ ਤਾਂ ਇਨ੍ਹਾਂ ਦੇ ਪ੍ਰਮੁੱਖ ਪ੍ਰਬੰਧਕ ਦੀ ਸੇਵਾ ਵੀ ਬਾਬਾ ਬੁੱਢਾ ਜੀ ਨੇ ਹੀ ਬਾਖ਼ੂਬੀ ਨਿਭਾਈ।
ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਸਮੇਂ ਬਾਬਾ ਬੁੱਢਾ ਜੀ ਨੇ ਇੱਕ ਬੇਰੀ ਹੇਠ ਬੈਠ ਕੇ ਸਰੋਵਰ ਦੀ ਕਾਰ ਸੇਵਾ ਕਰਵਾਈ। ਇਹ ਬੇਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿੱਚ ਅੱਜ ਵੀ ਮੌਜੂਦ ਹੈ। ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਦਿ ਬੀੜ ਦੀ ਸੰਪਾਦਨਾ ਕਰਕੇ ਸ੍ਰੀ ਦਰਬਾਰ ਸਾਹਿਬ ਵਿੱਚ ਪ੍ਰਕਾਸ਼ ਕੀਤਾ ਤਾਂ ਸਭ ਤੋਂ ਪਹਿਲਾ ਮੁੱਖ ਵਾਕ ਬਾਬਾ ਬੁੱਢਾ ਜੀ ਨੇ ਹੀ ਲਿਆ। ਬਾਬਾ ਬੁੱਢਾ ਜੀ ਨੂੰ ਸ੍ਰੀ ਹਰਮੰਦਰ ਸਾਹਿਬ ਦਾ ਪਹਿਲਾ ਮੁੱਖ ਗ੍ਰੰਥੀ ਥਾਪਿਆ ਗਿਆ। ਛੇਵੇਂ ਗੁਰੂ ਹਰਗੋਬਿੰਦ ਜੀ ਦਾ ਜਨਮ ਵੀ ਬਾਬਾ ਬੁੱਢਾ ਜੀ ਵੱਲੋਂ ਮਾਤਾ ਗੰਗਾ ਨੂੰ ਦਿੱਤੇ ਪੁੱਤਰ ਦੇ ਵਰ ਨਾਲ ਹੀ ਹੋਇਆ ਸੀ।
ਬਾਬਾ ਬੁੱਢਾ ਜੀ ਦਾ ਗੁਰੂ ਸਾਹਿਬ ਦੀ ਨਜ਼ਰ ਵਿਚ ਇੰਨਾ ਮਾਣ ਸਤਿਕਾਰ ਸੀ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੀ ਸਿਖਲਾਈ ਪੜ੍ਹਾਈ ਦਾ ਕੰਮ ਆਪ ਦੇ ਹਵਾਲੇ ਕੀਤਾ। ਇਨ੍ਹਾਂ ਨੇ ਸ੍ਰੀ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਮੁਖੀ, ਗੁਰਬਾਣੀ ਤੇ ਗੁਰ-ਇਤਿਹਾਸ ਦੀ ਪੜ੍ਹਾਈ ਦੇ ਨਾਲ ਨਾਲ ਹੀ ਘੋੜ ਸਵਾਰੀ, ਸ਼ਸਤਰਾਂ ਦੀ ਵਰਤੋਂ, ਕੁਸ਼ਤੀ (ਘੋਲ) ਅਤੇ ਹੋਰ ਸਰੀਰਕ ਸਿਖਲਾਈ ਵੀ ਦਿਤੀ ।
ਜੀਵਨ ਵਿੱਚ 6 ਗੁਰੂ ਸਾਹਿਬਾਨ ਦੀ ਸੇਵਾ ਕਰਨ ਵਾਲੇ ਬਾਬਾ ਬੁੱਢਾ ਸਾਹਿਬ ਜੀ ਦਾ ਜਦੋਂ ਅਕਾਲ ਚਲਾਣੇ ਦਾ ਟਾਈਮ ਆਇਆ ਤਾਂ ਛੇਵੇਂ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਬਾਬਾ ਜੀ ਕੋਈ ਹੁਕਮ ਹੋਵੇ ਤਾਂ ਕਰ ਸਕਦੇ ਹੋ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਕਿ ਪਾਤਸ਼ਾਹ ਜੀ, ਮੈਨੂੰ ਜੀ ਨਾ ਕਹੋ; ਸਗੋਂ ਉਵੇਂ ਹੀ ਅਵਾਜ਼ ਮਾਰੋ ਜਿਵੇਂ ਪਹਿਲੇ ਜਾਮੇ ਵਿਚ ਮਾਰਦੇ ਹੁੰਦੇ ਸੀ, ਗੁਰੂ ਸਾਹਿਬ ਨੇ ਕਿਹਾ ਕਿ ਨਹੀਂ ਬਾਬਾ ਜੀ ਤੁਸੀਂ ਸਾਰੀ ਉਮਰ ਸੇਵਾ ਕੀਤੀ ਆ ਤੇ ਅਸੀਂ ਹੁਣ ਤੁਹਾਨੂੰ ਉਵੇਂ ਸੰਬੋਧਨ ਨਹੀਂ ਕਰ ਸਕਦੇ ਪਰ ਆਪ ਜੀ ਦੇ ਜਿੱਦ ਕਰਨ ਤੇ ਗੁਰੂ ਸਾਹਿਬ ਨੇ ਉਵੇਂ ਹੀ ਅਵਾਜ ਮਾਰੀ ਜਿਵੇਂ ਗੁਰੂ ਨਾਨਕ ਦੇਵ ਜੀ ਬਾਬਾ ਬੁੱਢਾ ਸਾਹਿਬ ਜੀ ਸੰਬੋਧਨ ਕਰਦੇ ਸੀ। ਛੇਵੇਂ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਸਾਹਮਣੇ ਬੈਠ ਕੇ ਹੱਥ ਚ ਹੱਥ ਫੜਕੇ ਕਿਹਾ ਕਿ ਜਾਹ ਬੁੱਢਿਆ ਤੈਨੂੰ ਬਖਸ਼ ਤਾਏਨਾ ਸੁਣਦਿਆਂ ਈ ਬਾਬਾ ਬੁੱਢਾ ਸਾਹਿਬ ਜੀ ਨੇ ਸਰੀਰ ਛੱਡ ਤਾ। ਬਾਬਾ ਬੁੱਢਾ ਜੀ 125 ਸਾਲ ਦੀ ਉਮਰ ਭੋਗ ਕੇ 1688 ਬਿਕਰਮੀ ਨੂੰ ਇਸ ਦੁਨੀਆ ਤੋਂ ਸਦਾ ਲਈ ਵਿਦਾ ਹੋ ਗਏ। ਅੰਤਿਮ ਸਾਹ ਸਮੇਂ ਉਨ੍ਹਾਂ ਦਾ ਸੀਸ ਗੁਰੂ ਹਰਗੋਬਿੰਦ ਜੀ ਦੀ ਗੋਦ ਵਿੱਚ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਆਪ ਬਾਬਾ ਬੁੱਢਾ ਜੀ ਦਾ ਸਸਕਾਰ ਕਰਵਾਇਆ ਅਤੇ ਅੰਤਿਮ ਰਸਮਾਂ ਤਕ ਪਰਿਵਾਰ ਪਾਸ ਰਹੇ।
ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਜਨਮ ਅਸਥਾਨ ਕੱਥੂਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਬੜੀ ਸਰਧਾ ਭਾਵਨਾ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਦੇ ਸਹਿਯੋਗ ਨਾਲ 22-23 ਅਕਤੂਬਰ ਨੂੰ ਮਨਾ ਰਹੀ ਹੈ।
ਅਵਤਾਰ ਸਿੰਘ ਆਨੰਦ