ਸੁਧੀਰ ਗੁਲੇਰੀਆ ਰਿਹਾਅ, SDM ਦੇ ਭਰੋਸੇ ਮਗਰੋਂ ਭੁੱਖ ਹੜਤਾਲ ਸਮਾਪਤ

Friday, Jun 26, 2026 - 05:52 PM (IST)

ਸੁਧੀਰ ਗੁਲੇਰੀਆ ਰਿਹਾਅ, SDM ਦੇ ਭਰੋਸੇ ਮਗਰੋਂ ਭੁੱਖ ਹੜਤਾਲ ਸਮਾਪਤ

ਖਰੜ (ਅਮਰਦੀਪ ਸਿੰਘ ਸੈਣੀ) : ਗਰੀਨ ਬੈਲਟਾਂ ਵਿਚ ਕਥਿਤ ਤੌਰ 'ਤੇ ਪਾਸ ਕੀਤੇ ਜਾ ਰਹੇ ਨਕਸ਼ਿਆਂ ਦੇ ਵਿਰੋਧ ਵਿਚ ਖਰੜ ਵਿਕਾਸ ਗਰੁੱਪ ਦੇ ਸੰਸਥਾਪਕ ਸੁਧੀਰ ਗੁਲੇਰੀਆ ਵੱਲੋਂ 22 ਜੂਨ ਤੋਂ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਦੌਰਾਨ 25 ਜੂਨ ਦੀ ਰਾਤ ਨੂੰ ਖਰੜ ਪੁਲਸ ਨੇ ਉਨ੍ਹਾਂ ਨੂੰ ਧਰਨਾ ਸਥਾਨ ਤੋਂ ਹਿਰਾਸਤ ਵਿਚ ਲੈ ਕੇ ਮਾਮਲਾ ਦਰਜ ਕੀਤਾ ਸੀ। ਸ਼ੁੱਕਰਵਾਰ ਨੂੰ ਸਿਟੀ ਪੁਲਸ ਵੱਲੋਂ ਸੁਧੀਰ ਗੁਲੇਰੀਆ ਨੂੰ ਐੱਸ.ਡੀ.ਐਮ. ਖਰੜ ਗੁਰਮੀਤ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਲੇਰੀਆ ਦੇ ਵਕੀਲ ਮਨੀਸ਼ ਭਾਰਦਵਾਜ ਨੇ ਦੱਸਿਆ ਕਿ ਐਸ.ਡੀ.ਐਮ. ਅਦਾਲਤ ਨੇ ਗੁਲੇਰੀਆ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਐੱਸ.ਡੀ.ਐੱਮ. ਨੇ ਨਾਲ ਹੀ ਭਰੋਸਾ ਦਿੱਤਾ ਕਿ ਇਸ ਮਾਮਲੇ ਨਾਲ ਸਬੰਧਤ ਸਮੁੱਚਾ ਰਿਕਾਰਡ ਪੇਸ਼ ਕੀਤਾ ਜਾਵੇ, ਜਿਸ ਦੀ ਜਾਂਚ ਉਪਰੰਤ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਉਪਰੰਤ ਗੁਲੇਰੀਆ ਨੇ ਆਪਣੀ ਭੁੱਖ ਹੜਤਾਲ ਸਮਾਪਤ ਕਰਨ ਦਾ ਐਲਾਨ ਵੀ ਕੀਤਾ। 

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਐੱਸਡੀਐੱਮ 'ਤੇ ਪੂਰਾ ਵਿਸ਼ਵਾਸ ਹੈ ਕਿ ਪੇਸ਼ ਕੀਤੇ ਜਾਣ ਵਾਲੇ ਰਿਕਾਰਡ ਦੀ ਨਿਰਪੱਖ ਜਾਂਚ ਕਰਕੇ ਜੇਕਰ ਕੋਈ ਬੇਨਿਯਮੀਆਂ ਸਾਹਮਣੇ ਆਉਂਦੀਆਂ ਹਨ ਤਾਂ ਸਬੰਧਤ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਮਾਜ ਸੇਵੀ ਆਗੂ ਮਨੀਸ਼ ਟਾਂਕ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।


author

Gurminder Singh

Content Editor

Related News