Yes Bank, ਕੋਰੋਨਾ ਦੇ ਅਸਰ ਕਾਰਨ ਸ਼ੇਅਰ ਬਜ਼ਾਰ 'ਚ ਭਾਰੀ ਗਿਰਾਵਟ, 1435 ਅੰਕ ਟੁੱਟਿਆ ਸੈਂਸੈਕਸ

03/06/2020 10:49:39 AM

ਮੁੰਬਈ — ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਕਿ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਭਾਰੀ ਗਿਰਾਵਟ ਨਾਲ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 1,435.14 ਅੰਕ ਯਾਨੀ ਕਿ 3.73 ਫੀਸਦੀ ਦੀ ਗਿਰਾਵਟ ਦੇ ਨਾਲ 37,035 ਦੇ ਪੱਧਰ 'ਤੇ ਖੁਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 403.15 ਅੰਕ ਯਾਨੀ ਕਿ 3.58 ਫੀਸਦੀ ਦੀ ਗਿਰਾਵਟ ਦੇ ਬਾਅਦ 10,865.85 ਦੇ ਪੱਧਰ 'ਤੇ ਖੁੱਲ੍ਹਿਆ। ਭਾਰਤ 'ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਬਾਜ਼ਾਰ 'ਚ ਗਿਰਾਵਟ ਆਈ ਹੈ।

ਕੋਰੋਨਾ ਸੰਕਟ ਦੇ ਵਧਣ ਕਰਕੇ ਕੱਲ੍ਹ ਤੋਂ ਕਾਰੋਬਾਰ 'ਚ ਯੂ.ਐਸ. ਬਾਜ਼ਾਰ 3 ਫੀਸਦੀ ਤੋਂ ਜ਼ਿਆਦਾ ਫਿਸਲ ਕੇ ਬੰਦ ਹੋਏ। ਕੱਲ੍ਹ ਡਾਓ 'ਚ 970 ਅੰਕਾਂ ਦੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਐਸ.ਐਂਡ.ਪੀ. 500 ਅਤੇ ਨੈਸਡੈਕ ਵੀ 3 ਫੀਸਦੀ ਤੋਂ ਜ਼ਿਆਦਾ ਡਿੱਗੇ ਹਨ। ਕੋਰੋਨਾ ਸੰਕਟ ਵਧਣ ਕਾਰਨ ਅਮਰੀਕੀ ਬਾਜ਼ਾਰ ਦਬਾਅ 'ਚ ਦਿਖ ਰਹੇ ਹਨ। ਅਮਰੀਕਾ 'ਚ 10 ਸਾਲ ਦੀ ਬਾਂਡ ਯੀਲਡ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ।

ਕੋਰੋਨਾ ਸੰਕਟ ਦੇ ਮੱਦੇਨਜ਼ਰ OPEC ਨੇ ਦੂਜੀ ਛਿਮਾਹੀ ਤੋਂ ਰੋਜ਼ਾਨਾ 15 ਲੱਖ ਬੈਰਲ ਕੱਚੇ ਤੇਲ ਦਾ ਉਤਪਾਦਨ ਘਟਾਉਣ ਦਾ ਫੈਸਲਾ ਲਿਆ ਹੈ। ਹੁਣ ਰੂਸ ਦੀ ਮਨਜ਼ੂਰੀ ਦਾ ਇੰਤਜ਼ਾਰ ਹੈ। ਮੰਗ ਘਟਣ ਦੇ ਖਦਸ਼ੇ ਨਾਲ ਬੇਂ੍ਰਟ ਕਰੂਡ 50 ਡਾਲਰ ਹੇਠਾਂ ਫਿਸਲ ਗਿਆ।

ਇਨ੍ਹਾਂ ਗਲੋਬਲ ਸੰਕੇਤਾਂ ਵਿਚਕਾਰ ਸੈਂਸੈਕਸ ਅਤੇ ਨਿਫਟੀ ਦੀ ਸ਼ੁਰੂਆਤ ਅੱਜ ਭਾਰੀ ਗਿਰਾਵਟ ਨਾਲ ਹੋਈ ਹੈ। ਮਿਡ ਅਤੇ ਸਮਾਲਕੈਪ ਸ਼ੇਅਰਾਂ ਵਿਚ ਭਾਰੀ ਵਿਕਰੀ ਨਜ਼ਰ ਆ ਰਹੀ ਹੈ। ਬੀ.ਐਸ.ਈ. ਦਾ ਮਿਡਕੈਪ ਇੰਡੈਕਸ 1.89 ਫੀਸਦੀ ਅਤੇ ਸਮਾਲਕੈਪ ਇੰਡੈਕਸ 1.07 ਫੀਸਦੀ ਦੀ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਿਹਾ ਹੈ। ਤੇਲ-ਗੈਸ ਸ਼ੇਅਰਾਂ ਵਿਚ ਅੱਜ ਕਮਜ਼ੋਰੀ ਨਜ਼ਰ ਆ ਰਹੀ ਹੈ। ਬੰਬਈ ਸਟਾਕ ਐਕਸਚੇਂਜ ਦਾ ਆਇਲ ਐਂਡ ਗੈਸ ਇੰਡੈਕਸ 3.2 ਫੀਸਦੀ ਦੀ ਕਮਜ਼ੋਰੀ ਨਾਲ ਕਾਰੋਬਾਰ ਕਰ ਰਿਹਾ ਹੈ।

ਯੈੱਸ ਬੈਂਕ ਦੇ ਸ਼ੇਅਰਾਂ ਵਿਚ ਭਾਰੀ ਗਿਰਾਵਟ

ਰਿਜ਼ਰਵ ਬੈਂਕ ਨੇ ਵੀਰਵਾਰ ਨੂੰ ਸੰਕਟ 'ਚ ਫਸੇ ਯੈੱਸ ਬੈਂਕ ਦੇ ਖਾਤਾਧਾਰਕਾਂ 'ਤੇ 50 ਹਜ਼ਾਰ ਰੁਪਏ ਤੋਂ ਜ਼ਿਆਦਾ ਦੀ ਰਕਮ ਕਢਵਾਉਣ 'ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਬਾਅਦ ਅੱਜ ਯੈੱਸ ਬੈਂਕ ਦੇ ਸ਼ੇਅਰ ਭਾਰੀ ਗਿਰਾਵਟ ਦੇ ਨਾਲ 33.15 ਦੇ ਪੱਧਰ 'ਤੇ ਖੁੱਲ੍ਹੇ। ਇਸ ਦੇ ਨਾਲ ਹੀ ਯੈੱਸ ਬੈਂਕ ਨੂੰ ਖਰੀਦਣ ਦੀ ਦਿਸ਼ਾ 'ਚ ਅੱਗੇ ਵਧ ਰਹੇ ਸਟੇਟ ਬੈਂਕ ਦੇ ਸ਼ੇਅਰਾਂ ਵਿਚ ਵੀ ਭਾਰੀ ਗਿਰਾਵਟ ਦੇਖੀ ਜਾ ਰਹੀ ਹੈ। 288.50 ਦੇ ਪੱਧਰ 'ਤੇ ਬੰਦ ਹੋਣ ਦੇ ਬਾਅਦ ਅੱਜ 268 ਦੇ ਪੱਧਰ 'ਤੇ ਖੁੱਲ੍ਹਿਆ।
 

ਸੈਕਟੋਰੀਅਲ ਇੰਡੈਕਸ ਦਾ ਹਾਲ

ਅੱਜ ਸਾਰੇ ਸੈਕਟਰ ਲਾਲ ਨਿਸ਼ਾਨ 'ਤੇ ਖੁੱਲ੍ਹੇ। ਇਨ੍ਹਾਂ 'ਚ ਮੀਡੀਆ, ਆਈ.ਟੀ., ਫਾਰਮਾ, ਐਫ.ਐਮ.ਸੀ.ਜੀ., ਰੀਅਲਟੀ, ਪੀ.ਐਸ.ਯੂ. ਬੈਂਕ, ਨਿੱਜੀ ਬੈਂਕ, ਆਟੋ ਅਤੇ ਮੈਟਲ ਸ਼ਾਮਲ ਹਨ।

ਟਾਪ ਲੂਜ਼ਰਜ਼

ਇੰਡਸਇੰਡ ਬੈਂਕ, ਯੈੱਸ ਬੈਂਕ, ਐਸਬੀਆਈ, ਹਿੰਦਾਲਕੋ, ਟਾਟਾ ਮੋਟਰਜ਼, ਵੇਦਾਂਤ ਲਿਮਟਿਡ, ਜੇਐਸਡਬਲਯੂ ਸਟੀਜ਼, ਜ਼ੀ ਲਿਮਟਿਡ, ਟਾਟਾ ਸਟੀਲ ਅਤੇ ਕੋਲ ਇੰਡੀਆ

ਇਹ ਖਾਸ ਖਬਰ ਵੀ ਜ਼ਰੂਰ ਪੜ੍ਹੋ : ਸਿਹਤ ਬੀਮਿਆਂ ਦੇ ਘੇਰੇ ’ਚ ਹਨ ਕੋਰੋਨਾ ਵਾਇਰਸ ਵਰਗੀਆਂ ਛੂਤ ਦੀਆਂ ਬੀਮਾਰੀਆਂ ਦੇ ਇਲਾਜ