ਇੰਟਰਨੈੱਟ ਯੂਜ਼ਰਜ਼ ਲਈ ਬੁਰੀ ਖ਼ਬਰ, ਲੱਗਣ ਵਾਲਾ ਹੈ ਇਹ ਵੱਡਾ ਝਟਕਾ

Monday, Sep 07, 2020 - 10:54 PM (IST)

ਇੰਟਰਨੈੱਟ ਯੂਜ਼ਰਜ਼ ਲਈ ਬੁਰੀ ਖ਼ਬਰ, ਲੱਗਣ ਵਾਲਾ ਹੈ ਇਹ ਵੱਡਾ ਝਟਕਾ

ਨਵੀਂ ਦਿੱਲੀ— ਇੰਟਰਨੈੱਟ ਡਾਟਾ ਲਈ ਜਲਦ ਹੀ ਤੁਹਾਨੂੰ ਜੇਬ ਢਿੱਲੀ ਕਰਨੀ ਪਵੇਗੀ। ਡਾਟਾ ਅਤੇ ਕਾਲ ਦਰਾਂ ਦੇ ਪਲਾਨ ਮਹਿੰਗੇ ਹੋਣ ਜਾ ਰਹੇ ਹਨ।

ਵੋਡਾਫੋਨ ਆਈਡੀਆ ਇਸ ਦੀ ਪਹਿਲ ਕਰਨ ਜਾ ਰਿਹਾ ਹੈ। ਕੰਪਨੀ ਨੇ ਕਿਹਾ ਹੈ ਕਿ ਕਰਜ਼ੇ ਦੀ ਮਾਰ 'ਚ ਡੁੱਬੇ ਦੂਰਸੰਚਾਰ ਸੈਕਟਰ ਲਈ ਦਰਾਂ 'ਚ ਵਾਧਾ ਕਰਨਾ ਲਾਜ਼ਮੀ ਹੈ। ਕੰਪਨੀ ਦੇ ਸੀ. ਈ. ਓ. ਰਵਿੰਦਰ ਟੱਕਰ ਨੇ ਕਿਹਾ ਕਿ ਦਰਾਂ ਵਧਾਉਣ ਲਈ ਵੋਡਾਫੋਨ ਆਈਡੀਆ ਪਹਿਲਾ ਕਦਮ ਚੁੱਕਣ ਲਈ ਤਿਆਰ ਹੈ।

ਵੋਡਾਫੋਨ ਆਈਡੀਆ ਦੇ ਪ੍ਰਬੰਧਕ ਨਿਰਦੇਸ਼ਕ (ਐੱਮ. ਡੀ.) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਰਵਿੰਦਰ ਟੱਕਰ ਨੇ ਸੋਮਵਾਰ ਨੂੰ ਇਕ ਮੀਡੀਆ ਬ੍ਰੀਫਿੰਗ 'ਚ ਕਿਹਾ ਕਿ “ਹਰ ਕੋਈ ਲਾਗਤ ਤੋਂ ਹੇਠਾਂ ਦਰਾਂ 'ਤੇ ਪਲਾਨ ਵੇਚ ਰਿਹਾ ਹੈ'' ਅਤੇ ਦਰਾਂ 'ਚ ਵਾਧਾ ਕਰਨ ਦੇ ਕਦਮ ਚੁੱਕਣ ਤੋਂ ਕੰਪਨੀ ਗੁਰੇਜ਼ ਨਹੀਂ ਕਰ ਸਕਦੀ। ਉਨ੍ਹਾਂ ਅੱਗੇ ਕਿਹਾ ਕਿ ਸੈਕਟਰ ਰੈਗੂਲੇਟਰ ਨੂੰ ਵੀ ਟੈਰਿਫ ਚਾਰਟਾਂ ਵੱਲ ਧਿਆਨ ਦੇਣ ਦੀ ਲੋੜ ਹੈ।

ਰਵਿੰਦਰ ਟੱਕਰ ਨੇ ਕਿਹਾ ਕਿ ਨਵਾਂ ਟੈਰਿਫ ਕੰਪਨੀ ਦੇ ਏ. ਆਰ. ਪੀ. ਯੂ. ਯਾਨੀ ਪ੍ਰਤੀ ਗਾਹਕ ਤੋਂ ਹੋਣ ਵਾਲੀ ਔਸਤ ਆਮਦਨੀ ਨੂੰ ਬਿਹਤਰ ਬਣਾਉਣ 'ਚ ਮਦਦ ਕਰੇਗਾ, ਜੋ ਮੌਜੂਦਾ ਸਮੇਂ 114 ਰੁਪਏ ਹੈ, ਜਦੋਂ ਕਿ ਏਅਰਟੈੱਲ ਅਤੇ ਜਿਓ ਦਾ ਏ. ਆਰ. ਪੀ. ਯੂ. ਕ੍ਰਮਵਾਰ 157 ਰੁਪਏ ਅਤੇ 140 ਰੁਪਏ ਹੈ।

ਗੌਰਤਲਬ ਹੈ ਕਿ ਵੋਡਾਫੋਨ ਆਈਡੀਆ ਹੁਣ ਤੋਂ 'ਵੀ' ਨਾਂ ਨਾਲ ਜਾਣੀ ਜਾਵੇਗੀ, ਕੰਪਨੀ ਨੇ ਇਸ ਦੀ ਰੀਬ੍ਰਾਂਡਿੰਗ ਕਰ ਦਿੱਤੀ ਹੈ। ਇਸ ਕੰਪਨੀ ਦਾ ਮਾਲਕੀ ਹੱਕ ਬ੍ਰਿਟੇਨ ਦੀ ਵੋਡਾਫੋਨ ਅਤੇ ਆਦਿੱਤਿਆ ਬਿਰਲਾ ਗਰੁੱਪ ਕੋਲ ਹੈ। ਜਿਓ ਦੀ ਬਾਜ਼ਾਰ 'ਚ ਦਸਤਕ ਤੋਂ ਬਾਅਦ ਦੋਹਾਂ ਕੰਪਨੀਆਂ ਨੇ ਆਪਸ 'ਚ ਰਲੇਵਾਂ ਕਰ ਦਿੱਤਾ ਸੀ।


author

Sanjeev

Content Editor

Related News