‘ਤਾਂਬਾ ਹੈ ਅਗਲਾ ਸੋਨਾ’ ਵੇਦਾਂਤਾ ਗਰੁੱਪ ਦੇ ਚੇਅਰਮੈਨ ਨੇ ਦਿੱਤਾ ਵੱਡਾ ਬਿਆਨ
Friday, Apr 18, 2025 - 04:31 PM (IST)

ਬਿਜ਼ਨੈੱਸ ਡੈਸਕ - ਕਾਪਰ ਭਾਵ ਤਾਂਬੇ ਦੀਆਂ ਕੀਮਤਾਂ ’ਚ ਹਾਲ ਹੀ ’ਚ ਭਾਰੀ ਉਠਾਲ ਦੇਖਣ ਨੂੰ ਮਿਲਿਆ ਹੈ। ਕੌਮਾਂਤਰੀ ਬਾਜ਼ਾਰ ’ਚ ਇਸਦੀ ਕੀਮਤ 10,000 ਡਾਲਰ ਪ੍ਰਤੀ ਟਨ ਤੋਂ ਉੱਪਰ ਪਹੁੰਚ ਗਈ ਹੈ। ਇਹ ਨਵੀਆਂ ਤਕਨੀਕਾਂ ਦੀ ਵੱਧਦੀ ਮੰਗ ਕਾਰਨ ਹੈ ਜਿਵੇਂ ਕਿ ਉਹ ਇਲੈਕਟ੍ਰਿਕ ਵਾਹਨ ਹੋਣ, ਨਵਿਆਉਣਯੋਗ ਊਰਜਾ ਹੋਵੇ, ਆਰਟੀਫੀਸ਼ੀਅਲ ਇੰਟੈਲੀਜੈਂਸ ਹੋਵੇ ਜਾਂ ਰੱਖਿਆ ਨਾਲ ਸਬੰਧਤ ਤਕਨਾਲੋਜੀ। ਤਾਂਬੇ ਨੂੰ ਹੁਣ 'ਸੁਪਰ ਮੈਟਲ' ਕਿਹਾ ਜਾ ਰਿਹਾ ਹੈ ਅਤੇ ਇਸ ਕਰਕੇ ਭਾਰਤ ਦੇ ਵੱਡੇ ਵਪਾਰਕ ਸਮੂਹ ਜਿਵੇਂ ਕਿ ਅਡਾਨੀ ਅਤੇ ਜੇ.ਐੱਸ.ਡਬਲਿਊ. ਵੀ ਇਸ ਖੇਤਰ ’ਚ ਦਾਖਲ ਹੋਏ ਹਨ। ਹੁਣ ਤੱਕ, ਭਾਰਤ ’ਚ ਸਿਰਫ਼ ਹਿੰਡਾਲਕੋ ਇੰਡਸਟਰੀਜ਼ ਅਤੇ ਸਰਕਾਰੀ ਕੰਪਨੀ ਹਿੰਦੁਸਤਾਨ ਕਾਪਰ ਹੀ ਮੁੱਖ ਤਾਂਬਾ ਉਤਪਾਦਕ ਸਨ।
ਅਨਿਲ ਅਗ੍ਰਵਾਲ ਨੇ ਕਿਹਾ - ‘ਕਾਪਰ ਹੈ ਅਗਲਾ ਸੋਨਾ’
ਵੇਦਾਂਤਾ ਗਰੁੱਪ ਦੇ ਚੇਅਰਮੈਨ ਅਨਿਲ ਅਗਰਵਾਲ ਨੇ ਵੀ ਤਾਂਬੇ ਨੂੰ ਭਵਿੱਖ ਦੀ ਸਭ ਤੋਂ ਮਹੱਤਵਪੂਰਨ ਧਾਤ ਦੱਸਿਆ ਹੈ। ਉਸ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ, "ਤਾਂਬਾ ਅਗਲਾ ਸੋਨਾ ਹੈ। ਬੈਰਿਕ ਗੋਲਡ ਹੁਣ ਤਾਂਬੇ ਵੱਲ ਵਧ ਰਿਹਾ ਹੈ। ਇਹ ਸੁਪਰ ਧਾਤ ਆਉਣ ਵਾਲੇ ਸਮੇਂ ’ਚ ਹਰ ਉਦਯੋਗ ਦੀ ਰੀੜ੍ਹ ਦੀ ਹੱਡੀ ਬਣਨ ਜਾ ਰਹੀ ਹੈ।" ਉਨ੍ਹਾਂ ਦੇ ਅਨੁਸਾਰ, ਤਾਂਬਾ ਲਿਥੀਅਮ ਅਤੇ ਕੋਬਾਲਟ ਜਿੰਨਾ ਮਹੱਤਵਪੂਰਨ ਹੁੰਦਾ ਜਾ ਰਿਹਾ ਹੈ, ਜੋ ਬੈਟਰੀਆਂ ਅਤੇ ਇਲੈਕਟ੍ਰਾਨਿਕਸ ’ਚ ਜ਼ਰੂਰੀ ਮੰਨੇ ਜਾਂਦੇ ਹਨ।
ਇਸ ਵੇਲੇ ਭਾਰਤ ’ਚ ਰਿਫਾਇੰਡ ਤਾਂਬੇ ਦਾ ਉਤਪਾਦਨ ਲਗਭਗ 5.5 ਲੱਖ ਟਨ ਪ੍ਰਤੀ ਸਾਲ ਹੈ, ਜਦੋਂ ਕਿ ਮੰਗ 7.5 ਲੱਖ ਟਨ ਤੋਂ ਵੱਧ ਹੈ। ਇਸ ਕਰਕੇ, ਦੇਸ਼ ਹਰ ਸਾਲ ਲਗਭਗ 5 ਲੱਖ ਟਨ ਤਾਂਬਾ ਦਰਾਮਦ ਕਰਦਾ ਹੈ। 2018 ’ਚ ਸਟਰਲਾਈਟ ਕਾਪਰ ਪਲਾਂਟ ਦੇ ਬੰਦ ਹੋਣ ਤੋਂ ਬਾਅਦ ਭਾਰਤ ’ਚ ਉਤਪਾਦਨ ’ਚ ਹੋਰ ਗਿਰਾਵਟ ਆਈ। ਇਸ ਪਲਾਂਟ ਨੇ ਇਕੱਲੇ 4 ਲੱਖ ਟਨ ਤਾਂਬਾ ਪੈਦਾ ਕੀਤਾ।
2030 ਤੱਕ ਦੁੱਗਣੀ ਹੋ ਸਕਦੀ ਹੈ ਮੰਗ
ਉਦਯੋਗ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ’ਚ ਤਾਂਬੇ ਦੀ ਮੰਗ 2030 ਤੱਕ ਦੁੱਗਣੀ ਹੋ ਸਕਦੀ ਹੈ। ਇਸਦਾ ਇਕ ਕਾਰਨ ਇਹ ਹੈ ਕਿ ਭਾਰਤ ’ਚ ਪ੍ਰਤੀ ਵਿਅਕਤੀ ਤਾਂਬੇ ਦੀ ਖਪਤ ਇਸ ਸਮੇਂ ਸਿਰਫ 0.6 ਕਿਲੋਗ੍ਰਾਮ ਹੈ, ਜਦੋਂ ਕਿ ਵਿਸ਼ਵ ਪੱਧਰ 'ਤੇ ਔਸਤ 3.2 ਕਿਲੋਗ੍ਰਾਮ ਹੈ।
ਦੁਨੀਆ ਦੇ ਮੋਹਰੀ ਉਤਪਾਦਕ ਦੇਸ਼
ਤਾਂਬਾ ਉਤਪਾਦਕਾਂ ਦੀ ਸੂਚੀ ’ਚ ਚਿਲੀ ਸਭ ਤੋਂ ਉੱਪਰ ਹੈ, ਉਸ ਤੋਂ ਬਾਅਦ ਪੇਰੂ, ਚੀਨ ਅਤੇ ਕਾਂਗੋ ਆਉਂਦੇ ਹਨ। ਭਾਰਤ ਨੇ 2023 ’ਚ 30 'ਮਹੱਤਵਪੂਰਨ ਖਣਿਜਾਂ' ਦੀ ਸੂਚੀ ’ਚ ਤਾਂਬੇ ਨੂੰ ਵੀ ਸ਼ਾਮਲ ਕੀਤਾ।