ਨੋਟਬੰਦੀ ਦੌਰਾਨ ਇਨ੍ਹਾਂ 10 ਬੈਂਕਾਂ 'ਚ ਬਦਲੇ ਗਏ ਸਭ ਤੋਂ ਜ਼ਿਆਦਾ ਪੁਰਾਣੇ ਨੋਟ
Tuesday, Sep 18, 2018 - 01:59 PM (IST)
ਨਵੀਂ ਦਿੱਲੀ— ਨੋਟਬੰਦੀ ਦੌਰਾਨ ਦੇਸ਼ ਦੇ 10 ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ (ਡੀ. ਸੀ. ਸੀ. ਬੀ.) 'ਚ ਸਭ ਤੋਂ ਜ਼ਿਆਦਾ ਨੋਟ ਬਦਲੇ ਗਏ ਹਨ ਅਤੇ ਉਨ੍ਹਾਂ ਸਾਰੇ ਬੈਂਕਾਂ 'ਚ ਉਪਰਲੇ ਅਹੁਦਿਆਂ 'ਤੇ ਰਾਜਨੀਤਕ ਦਲਾਂ ਦੇ ਨੇਤਾ ਹਨ। ਇਸ 'ਚ ਭਾਜਪਾ ਤੋਂ ਲੈ ਕੇ ਕਾਂਗਰਸ ਅਤੇ ਐੱਨ. ਪੀ. ਸੀ. ਤੋਂ ਲੈ ਕੇ ਸ਼ਿਵ ਸੈਨਾ ਤਕ ਦੇ ਨੇਤਾ ਸ਼ਾਮਲ ਹਨ। ਇਹ ਜਾਣਕਾਰੀ ਸੂਚਨਾ ਦੇ ਅਧਿਕਾਰ (ਆਰ. ਟੀ. ਆਈ.) ਐਕਟ ਤਹਿਤ ਇੰਡੀਅਨ ਐਕਸਪ੍ਰੈੱਸ ਨੇ ਦਿੱਤੀ ਹੈ। ਖੇਤੀ ਅਤੇ ਪੇਂਡੂ ਵਿਕਾਸ ਦੇ ਰਾਸ਼ਟਰੀ ਬੈਂਕ (ਨਾਬਾਰਡ) ਦੇ ਆਰ. ਟੀ. ਆਈ. ਰਿਕਾਰਡ ਮੁਤਾਬਕ, ਦੇਸ਼ 'ਚ 370 ਸਹਿਕਾਰੀ ਬੈਂਕਾਂ (ਡੀ. ਸੀ. ਸੀ. ਬੀ.) ਨੇ 10 ਨਵੰਬਰ ਤੋਂ 31 ਦਸੰਬਰ 2016 ਤਕ 500 ਰੁਪਏ ਅਤੇ 1000 ਰੁਪਏ ਦੇ 22,270 ਕਰੋੜ ਰੁਪਏ ਦੇ ਪੁਰਾਣੇ ਨੋਟਾਂ ਦਾ ਲੈਣ-ਦੇਣ ਕੀਤਾ, ਜਿਨ੍ਹਾਂ 'ਚੋਂ 18.82 ਫੀਸਦੀ ਯਾਨੀ 4,191.39 ਕਰੋੜ ਰੁਪਏ ਇਨ੍ਹਾਂ 10 ਬੈਂਕਾਂ 'ਚ ਬਦਲੇ ਗਏ, ਜਿੱਥੇ ਦੇ ਉੱਚੇ ਅਹੁਦਿਆਂ 'ਤੇ ਰਾਜਨੀਤਕ ਦਲਾਂ ਦੇ ਨੇਤਾ ਹਨ। ਰਿਕਾਰਡ ਮੁਤਾਬਕ, ਇਨ੍ਹਾਂ 10 ਬੈਂਕਾਂ 'ਚ ਗੁਜਰਾਤ ਦੇ ਚਾਰ ਬੈਂਕ, ਮਹਾਰਾਸ਼ਟਰ ਦੇ ਚਾਰ ਬੈਂਕ, ਹਿਮਾਚਲ ਪ੍ਰਦੇਸ਼ ਦਾ ਇਕ ਬੈਂਕ ਅਤੇ ਕਰਨਾਟਕ ਦਾ ਇਕ ਬੈਂਕ ਸ਼ਾਮਲ ਹੈ।
ਇਨ੍ਹਾਂ 10 ਸਹਿਕਾਰੀ ਬੈਂਕਾਂ 'ਚ ਬਦਲੇ ਗਏ ਸਭ ਤੋਂ ਜ਼ਿਆਦਾ ਪੁਰਾਣੇ ਨੋਟ :

- ਜਿਨ੍ਹਾਂ ਸਹਿਕਾਰੀ ਬੈਂਕਾਂ 'ਚ ਨੋਟਬੰਦੀ ਦੌਰਾਨ ਸਭ ਤੋਂ ਜ਼ਿਆਦਾ ਨੋਟ ਬਦਲੇ ਗਏ, ਉਨ੍ਹਾਂ 'ਚ ਅਹਿਮਾਬਾਦ ਦਾ ਜ਼ਿਲ੍ਹਾ ਸਹਿਕਾਰੀ ਬੈਂਕ ਹੈ। ਇਸ ਬੈਂਕ 'ਚ ਨਿਰਦੇਸ਼ਕ (ਡਾਇਰੈਕਟਰ) ਅਹੁਦੇ 'ਤੇ ਭਾਜਪਾ ਮੁਖੀ ਅਮਿਤ ਸ਼ਾਹ ਹਨ, ਜਦੋਂ ਕਿ ਭਾਜਪਾ ਨੇਤਾ ਅਜੇਭਾਈ ਐੱਚ. ਪਟੇਲ ਚੇਅਰਮੈਨ ਹਨ। ਇੱਥੇ ਨੋਟਬੰਦੀ ਦੌਰਾਨ 745.59 ਕਰੋੜ ਰੁਪਏ ਦੇ ਪੁਰਾਣੇ ਨੋਟ ਬਦਲੇ ਗਏ ਸਨ।
- ਦੂਜੇ ਨੰਬਰ 'ਤੇ ਰਾਜਕੋਟ ਜ਼ਿਲ੍ਹਾ ਸਹਿਕਾਰੀ ਬੈਂਕ ਹੈ। ਇਸ ਬੈਂਕ 'ਚ ਮੁਖੀ ਅਹੁਦੇ 'ਤੇ ਗੁਜਰਾਤ ਦੇ ਮੰਤਰੀ ਜਯੇਸ਼ਭਾਈ ਰਾਡੀਆ ਹਨ। ਇੱਥੇ ਨੋਟਬੰਦੀ ਦੌਰਾਨ 693.19 ਕਰੋੜ ਰੁਪਏ ਦੇ ਪੁਰਾਣੇ ਨੋਟ ਬਦਲੇ ਗਏ ਸਨ।
- ਤੀਜੇ ਨੰਬਰ 'ਤੇ ਮਹਾਰਾਸ਼ਟਰ ਦੇ ਪੁਣੇ ਦਾ ਜ਼ਿਲ੍ਹਾ ਸਹਿਕਾਰੀ ਬੈਂਕ ਹੈ। ਇੱਥੇ ਸਾਬਕਾ ਐੱਨ. ਸੀ. ਪੀ. ਵਿਧਾਇਕ ਰਮੇਸ਼ ਥੋਰਾਤ ਮੁਖੀ ਹਨ। ਇਸ ਬੈਂਕ 'ਚ 551.62 ਕਰੋੜ ਰੁਪਏ ਦੇ ਪੁਰਾਣੇ ਨੋਟ ਬਦਲੇ ਗਏ ਸਨ। ਕਾਂਗਰਸ ਨੇਤਾ ਅਰਚਨਾ ਗਾਰੇ ਬੈਂਕ ਦੀ ਉਪ ਮੁਖੀ ਹੈ। ਉੱਥੇ ਹੀ ਐੱਨ. ਸੀ. ਪੀ. ਪ੍ਰਮੁੱਖ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਇਸ ਦੇ ਨਿਰਦੇਸ਼ਕਾਂ 'ਚੋਂ ਇਕ ਹਨ।
- ਚੌਥੇ ਨੰਬਰ 'ਤੇ ਹਿਮਾਚਲ ਪ੍ਰਦੇਸ਼ ਦਾ ਕਾਂਗੜਾ ਕੇਂਦਰੀ ਸਹਿਕਾਰੀ ਬੈਂਕ ਹੈ। ਇੱਥੋਂ ਦੇ ਮੁਖੀ ਕਾਂਗਰਸ ਨੇਤਾ ਜਗਦੀਸ਼ ਸਫੇਹੀਆ ਸਨ, ਜਿਨ੍ਹਾਂ ਨੂੰ 9 ਮਹੀਨੇ ਪਹਿਲਾਂ ਬਰਖਾਸਤ ਕਰ ਦਿੱਤਾ ਗਿਆ। ਇਸ ਬੈਂਕ 'ਚ 543.11 ਕਰੋੜ ਰੁਪਏ ਦੇ ਪੁਰਾਣੇ ਨੋਟ ਬਦਲੇ ਗਏ ਸਨ।
- ਪੰਜਵੇਂ ਨੰਬਰ 'ਤੇ ਸੂਰਤ ਦਾ ਜ਼ਿਲ੍ਹਾ ਸਹਿਕਾਰੀ ਬੈਂਕ ਹਨ, ਜਿਸ ਦੇ ਮੁਖੀ ਭਾਜਪਾ ਨੇਤਾ ਨਰੇਸ਼ਭਾਈ ਭੀਖਾਭਾਈ ਪਟੇਲ ਹਨ। ਇੱਥੇ 369.85 ਕਰੋੜ ਰੁਪਏ ਦੇ ਪੁਰਾਣੇ ਨੋਟ ਬਦਲੇ ਗਏ ਸਨ।
- ਛੇਵੇਂ ਨੰਬਰ 'ਤੇ ਗੁਜਰਾਤ ਦਾ ਸਬਰਕਾਂਤਾ ਜ਼ਿਲ੍ਹਾ ਸਹਿਕਾਰੀ ਬੈਂਕ ਹੈ, ਜਿਸ ਦੇ ਮੁਖੀ ਭਾਜਪਾ ਨੇਤਾ ਮਹੇਸ਼ਭਾਈ ਅਮੀਰਚੰਦ ਭਾਈ ਪਟੇਲ ਹਨ। ਇੱਥੇ 328.5 ਕਰੋੜ ਰੁਪਏ ਦੇ ਪੁਰਾਣੇ ਨੋਟ ਬਦਲੇ ਗਏ ਸਨ।
- 7ਵੇਂ ਨੰਬਰ 'ਤੇ ਕਰਨਾਟਕ ਦਾ ਦੱਖਣੀ ਕੰਨੜ ਜ਼ਿਲ੍ਹਾ ਸਹਿਕਾਰੀ ਬੈਂਕ ਹੈ, ਜਿਸ ਦੇ ਮੁਖੀ ਕਾਂਗਰਸ ਨੇਤਾ ਐੱਮ. ਐੱਨ. ਰਾਜਿੰਦਰ ਕੁਮਾਰ ਹਨ। 2014 ਦੀਆਂ ਲੋਕ ਸਭਾ ਚੋਣਾਂ 'ਚ ਰਜਿੰਦਰ ਕੁਮਾਰ ਕਾਂਗਰਸ ਦੇ ਜ਼ਿਲ੍ਹਾ ਚੋਣ ਪ੍ਰਭਾਰੀ ਸਨ। ਇਨ੍ਹਾਂ ਦੀ ਬੈਂਕ 'ਚ ਨੋਟਬੰਦੀ ਦੌਰਾਨ 327.81 ਕਰੋੜ ਰੁਪਏ ਦੇ ਪੁਰਾਣੇ ਨੋਟ ਬਦਲੇ ਗਏ ਸਨ।
- ਅੱਠਵੇਂ ਨੰਬਰ 'ਤੇ ਮਹਾਰਾਸ਼ਟਰ ਦਾ ਨਾਸਿਕ ਜ਼ਿਲ੍ਹਾ ਸਹਿਕਾਰੀ ਬੈਂਕ ਹੈ, ਜਿੱਥੇ ਦੇ ਮੁਖੀ ਸ਼ਿਵ ਸੈਨਾ ਨੇਤਾ ਨਰਿੰਦਰ ਦਾਦਰੇ ਸਨ। ਹਾਲਾਂਕਿ ਹੁਣ ਉਹ ਬੈਂਕ ਨਾਲ ਨਹੀਂ ਜੁੜੇ ਹਨ। ਉਨ੍ਹਾਂ ਨੇ 30 ਨਵੰਬਰ 2017 ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦੀ ਬੈਂਕ 'ਚ 319.68 ਕਰੋੜ ਰੁਪਏ ਦੇ ਪੁਰਾਣੇ ਨੋਟ ਬਦਲੇ ਗਏ ਸਨ।
- ਨੌਂਵੇ ਨੰਬਰ 'ਤੇ ਮਹਾਰਾਸ਼ਟਰ ਦਾ ਸਤਾਰਾ ਜ਼ਿਲ੍ਹਾ ਸਹਿਕਾਰੀ ਬੈਂਕ ਹੈ, ਜਿਸ ਦੇ ਮੁਖੀ ਐੱਨ. ਸੀ. ਪੀ. ਨੇਤਾ ਅਤੇ ਸਤਾਰਾ ਜ਼ਿਲ੍ਹੇ ਦੇ ਵਿਧਾਇਕ ਛਤਰਪਤੀ ਸ਼ਿਵਿੰਦਰ ਸਿੰਘ ਰਾਜੇ ਅਭੈ ਸਿੰਘ ਰਾਜੇ ਭੋਸਲੇ ਹਨ। ਇਸ ਬੈਂਕ 'ਚ 312.04 ਕਰੋੜ ਰੁਪਏ ਦੇ ਪੁਰਾਣੇ ਨੋਟ ਬਦਲੇ ਗਏ ਸਨ।
- ਦਸਵੇਂ ਨੰਬਰ 'ਤੇ ਸਾਂਗਲੀ ਜ਼ਿਲ੍ਹਾ ਸਹਿਕਾਰੀ ਬੈਂਕ ਹੈ, ਜਿਸ ਦੇ ਉਪ ਪ੍ਰਧਾਨ ਭਾਜਪਾ ਨੇਤਾ ਸੰਗ੍ਰਾਮ ਸਿੰਘ ਸੰਪਤ ਰਾਓ ਦੇਸ਼ਮੁਖ ਹਨ। ਇਨ੍ਹਾਂ ਦੇ ਬੈਂਕ 'ਚ 301.08 ਕਰੋੜ ਰੁਪਏ ਦੇ ਪੁਰਾਣੇ ਨੋਟ ਬਦਲੇ ਗਏ ਸਨ।
