ਵਰਲਡ ਬੈਂਕ ਨੇ ਵਧਾਇਆ ਭਾਰਤ ਦੀ GDP ਦਾ ਅੰਦਾਜ਼ਾ, 7 ਫੀਸਦੀ ਦੀ ਗ੍ਰੋਥ ਦਿਖਾਏਗੀ ਭਾਰਤੀ ਅਰਥਵਿਵਸਥਾ
Tuesday, Sep 03, 2024 - 05:43 PM (IST)
ਨਵੀਂ ਦਿੱਲੀ (ਭਾਸ਼ਾ) – ਵਿਸ਼ਵ ਬੈਂਕ (ਵਰਲਡ ਬੈਂਕ) ਦੀ ਜਾਰੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਖੇਤੀ ਖੇਤਰ ਅਤੇ ਦਿਹਾਤੀ ਮੰਗ ’ਚ ਸੁਧਾਰ ਦੇ ਕਾਰਨ ਚਾਲੂ ਮਾਲੀ ਸਾਲ ’ਚ ਭਾਰਤੀ ਅਰਥਵਿਵਸਥਾ ਦੇ 7 ਫੀਸਦੀ ਦੀ ਦਰ ਨਾਲ ਵਧਣ ਦਾ ਅੰਦਾਜ਼ਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਚੁਣੌਤੀਪੂਰਨ ਸੰਸਾਰਿਕ ਮਾਹੌਲ ਦੇ ਬਾਵਜੂਦ ਭਾਰਤ ਦੀ ਵਾਧਾ ਦਰ ਮਜ਼ਬੂਤ ਬਣੀ ਹੋਈ ਹੈ।
ਵਿਸ਼ਵ ਬੈਂਕ ਨੇ ਭਾਰਤ ਵਿਕਾਸ ਅਪਡੇਟ ’ਚ ਕਿਹਾ ਕਿ ਦੱਖਣੀ ਏਸ਼ੀਆ ਖੇਤਰ ਦੇ ਵੱਡੇ ਹਿੱਸੇ ਲਈ ਜ਼ਿੰਮੇਵਾਰ ਭਾਰਤ ਦੀ ਵਾਧਾ ਦਰ ਮਾਲੀ ਸਾਲ 2024-25 ’ਚ 7 ਫੀਸਦੀ ’ਤੇ ਮਜ਼ਬੂਤ ਰਹਿਣ ਦੀ ਉਮੀਦ ਹੈ। ਇਸ ’ਚ ਕਿਹਾ ਗਿਆ ਹੈ ਕਿ ਖੇਤੀ ’ਚ ਸੁਧਾਰ ਉਦਯੋਗ ’ਚ ਮਾਮੂਲੀ ਨਰਮੀ ਦੀ ਅੰਸ਼ਕ ਤੌਰ ’ਤੇ ਭਰਪਾਈ ਕਰੇਗਾ, ਨਾਲ ਹੀ ਕਿਹਾ ਕਿ ਸੇਵਾਵਾਂ ਮਜ਼ਬੂਤ ਬਣੀਆਂ ਰਹਿਣਗੀਆਂ। ਖੇਤੀ ’ਚ ਲੋੜੀਂਦੇ ਸੁਧਾਰ ਦੇ ਕਾਰਨ ਦਿਹਾਤੀ ਨਿੱਜੀ ਖਪਤ ’ਚ ਸੁਧਾਰ ਹੋਵੇਗਾ।
ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਮੁੱਖ ਅਰਥਵਿਵਸਥਾ ਬਣੀ ਰਹੇਗੀ
ਵਿਸ਼ਵ ਬੈਂਕ ਨੇ ਇਸ ਤੋਂ ਪਹਿਲਾਂ ਜੂਨ ’ਚ ਕਿਹਾ ਸੀ ਕਿ ਭਾਰਤ ਚਾਲੂ ਮਾਲੀ ਸਾਲ ਸਮੇਤ ਅਗਲੇ 3 ਸਾਲਾਂ ’ਚ 6.7 ਫੀਸਦੀ ਦਾ ਸਥਿਰ ਵਾਧਾ ਦਰਜ ਕਰਦੇ ਹੋਏ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਮੁੱਖ ਅਰਥਵਿਵਸਥਾ ਬਣਿਆ ਰਹੇਗਾ। ਜਦਕਿ ਦੁਨੀਆ ਦੀ ਇਕਾਨਮੀ ਦੀ ਗ੍ਰੋਥ ਨੂੰ ਲੈ ਕੇ ਕਿਹਾ ਸੀ ਕਿ ਗਲੋਬਲ ਵਿਕਾਸ 2024 ’ਚ 2.6 ਫੀਸਦੀ ’ਤੇ ਸਥਿਰ ਰਹਿਣ ਦਾ ਅੰਦਾਜ਼ਾ ਹੈ, ਜੋ 2025-26 ’ਚ ਔਸਤਨ 2.7 ਫੀਸਦੀ ਤੱਕ ਵੱਧ ਜਾਵੇਗਾ। ਇਹ ਕੋਵਿਡ-19 ਤੋਂ ਪਹਿਲਾਂ ਦੇ ਦਹਾਕੇ ਦੇ 3.1 ਫੀਸਦੀ ਦੀ ਔਸਤ ਤੋਂ ਕਾਫੀ ਘੱਟ ਹੈ।
ਮੂਡੀਜ਼ ਨੇ ਲਗਾਇਆ ਹੈ ਇਹ ਅੰਦਾਜ਼ਾ
ਮੂਡੀਜ਼ ਰੇਟਿੰਗਸ ਨੇ ਹਾਲ ਹੀ ’ਚ ਆਪਣੇ ਅੰਦਾਜ਼ੇ ’ਚ ਕੈਲੰਡਰ ਸਾਲ 2024-25 ਲਈ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਵਾਧੇ ਦਾ ਅੰਦਾਜ਼ਾ ਵਧਾ ਕੇ ਕ੍ਰਮਵਾਰ 7.2 ਫੀਸਦੀ ਅਤੇ 6.6 ਫੀਸਦੀ ਕਰ ਦਿੱਤਾ। ਰੇਟਿੰਗ ਏਜੰਸੀ ਨੇ ਕਿਹਾ ਕਿ ਜੇ ਚੱਕਰ ਗਤੀ ਵਿਸ਼ੇਸ਼ ਤੌਰ ’ਤੇ ਨਿੱਜੀ ਵਰਤੋਂ ਲਈ ਜ਼ਿਆਦਾ ਗਤੀ ਹਾਸਲ ਕਰਦੀ ਹੈ ਤਾਂ ਵਿਕਾਸ ਵੱਧ ਹੋ ਸਕਦਾ ਹੈ। ਅੰਦਾਜ਼ਿਆਂ ਦੇ ਅਨੁਸਾਰ ਭਾਰਤ ਦੀ ਕੁੱਲ ਘਰੇਲੂ ਉਤਪਾਦ ਦਾ ਵਾਧਾ 2024 ’ਚ 7.2 ਫੀਸਦੀ ਹੋਵੇਗਾ, ਜੋ ਪਹਿਲਾਂ 6.8 ਫੀਸਦੀ ਸੀ। 2025 ’ਚ ਵਾਧੇ ਦਾ ਅੰਦਾਜ਼ਾ 6.6 ਫੀਸਦੀ ਹੈ ਜਦਕਿ ਸਾਡਾ ਪਿਛਲਾ ਅੰਦਾਜ਼ਾ 6.4 ਫੀਸਦੀ ਸੀ।
ਜੁਲਾਈ ’ਚ ਸੰਸਦ ’ਚ ਪੇਸ਼ ਆਰਥਿਕ ਸਰਵੇਖਣ 2023-24 ’ਚ ਕਿਹਾ ਗਿਆ ਸੀ ਕਿ ਗਲੋਬਲ ਚੁਣੌਤੀਆਂ ਵਿਚਾਲੇ ਭਾਰਤ ਦੀ ਜੀ. ਡੀ. ਪੀ. ਚਾਲੂ ਮਾਲੀ ਸਾਲ ’ਚ 6.5 ਤੋਂ 7 ਫੀਸਦੀ ਦੀ ਦਰ ਨਾਲ ਵਧਣ ਦੀ ਸੰਭਾਵਨਾ ਹੈ, ਜਿਸ ਦਾ ਅਸਰ ਐਕਸਪੋਰਟ ’ਤੇ ਪੈ ਸਕਦਾ ਹੈ। ਮਾਲੀ ਸਾਲ 2024-25 ਲਈ ਅੰਦਾਜ਼ਨ ਵਾਧਾ ਪਿਛਲੇ ਮਾਲੀ ਸਾਲ ਲਈ ਅੰਦਾਜ਼ਨ 8.2 ਫੀਸਦੀ ਦੀ ਵਾਧਾ ਦਰ ਤੋਂ ਘੱਟ ਹੈ।