ਰਾਹਤ! ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਗਿਰਾਵਟ ਦਾ ਸਿਲਸਿਲਾ ਜਾਰੀ, ਜਾਣੋ ਕਿੰਨੀ ਘਟੀ ਕੀਮਤੀ ਧਾਤਾਂ ਦੀ ਕੀਮਤ

Monday, Nov 11, 2024 - 10:36 AM (IST)

ਰਾਹਤ! ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਗਿਰਾਵਟ ਦਾ ਸਿਲਸਿਲਾ ਜਾਰੀ, ਜਾਣੋ ਕਿੰਨੀ ਘਟੀ ਕੀਮਤੀ ਧਾਤਾਂ ਦੀ ਕੀਮਤ

ਨਵੀਂ ਦਿੱਲੀ - ਪਿਛਲੇ ਹਫਤੇ ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਗਾਹਕਾਂ ਨੂੰ ਰਾਹਤ ਦਿੱਤੀ ਸੀ। ਅੱਜ ਹਫ਼ਤੇ ਦੇ ਪਹਿਲੇ ਦਿਨ ਯਾਨੀ ਸੋਮਵਾਰ (11 ਨਵੰਬਰ) ਨੂੰ ਵੀ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਅੱਜ MCX 'ਤੇ ਸੋਨੇ ਦੀ ਕੀਮਤ 0.64 ਫੀਸਦੀ ਡਿੱਗ ਕੇ 76,775 ਰੁਪਏ 'ਤੇ ਕਾਰੋਬਾਰ ਕਰ ਰਹੀ ਹੈ ਜਦਕਿ ਚਾਂਦੀ ਦੀ ਕੀਮਤ 0.43 ਫੀਸਦੀ ਡਿੱਗ ਕੇ 90,880 ਰੁਪਏ 'ਤੇ ਹੈ। ਕੌਮਾਂਤਰੀ ਬਾਜ਼ਾਰ 'ਚ ਵੀ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਕੌਮਾਂਤਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ 

ਕੌਮਾਂਤਰੀ ਬਾਜ਼ਾਰ 'ਚ ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਨਾਲ ਸ਼ੁਰੂਆਤ ਹੋਈ। ਕਾਮੈਕਸ 'ਤੇ ਸੋਨਾ 2,692.10 ਡਾਲਰ ਪ੍ਰਤੀ ਔਂਸ 'ਤੇ ਖੁੱਲ੍ਹਿਆ। ਪਿਛਲੀ ਬੰਦ ਕੀਮਤ 2,694.80 ਡਾਲਰ ਪ੍ਰਤੀ ਔਂਸ ਸੀ। ਲਿਖਣ ਦੇ ਸਮੇਂ, ਇਹ  19.10 ਡਾਲਰ ਦੀ ਗਿਰਾਵਟ ਦੇ ਨਾਲ 2,675.70 ਡਾਲਰ ਪ੍ਰਤੀ ਔਂਸ ਦੀ ਕੀਮਤ 'ਤੇ ਵਪਾਰ ਕਰ ਰਿਹਾ ਸੀ।

ਕਾਮੈਕਸ 'ਤੇ ਚਾਂਦੀ ਦਾ ਵਾਇਦਾ ਭਾਅ 31.41 'ਤੇ ਖੁੱਲ੍ਹਿਆ, ਪਿਛਲੀ ਬੰਦ ਕੀਮਤ 31.44 ਡਾਲਰ ਸੀ। ਖ਼ਬਰ ਲਿਖੇ ਜਾਣ ਤੱਕ ਇਹ 0.20 ਡਾਲਰ ਦੀ ਗਿਰਾਵਟ ਦੇ ਨਾਲ 31.24 ਡਾਲਰ ਪ੍ਰਤੀ ਔਂਸ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।

ਸਿਰਫ਼ ਪ੍ਰਮਾਣਿਤ ਸੋਨਾ ਹੀ ਖਰੀਦੋ

ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (BIS) ਦੇ ਹਾਲਮਾਰਕ ਵਾਲਾ ਪ੍ਰਮਾਣਿਤ ਸੋਨਾ ਹੀ ਹਮੇਸ਼ਾ ਖਰੀਦੋ। ਸੋਨੇ 'ਤੇ 6 ਅੰਕਾਂ ਦਾ ਹਾਲਮਾਰਕ ਕੋਡ ਹੁੰਦਾ ਹੈ। ਇਸ ਨੂੰ ਹਾਲਮਾਰਕ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ ਯਾਨੀ HUID ਕਿਹਾ ਜਾਂਦਾ ਹੈ। ਇਹ ਨੰਬਰ ਅਲਫਾਨਿਊਮੇਰਿਕ ਹੈ ਭਾਵ ਕੁਝ ਇਸ ਤਰ੍ਹਾਂ ਦਾ ਹੈ - AZ4524। ਹਾਲਮਾਰਕਿੰਗ ਰਾਹੀਂ ਪਤਾ ਲਗਾਉਣਾ ਸੰਭਵ ਹੋ ਜਾਂਦਾ ਹੈ ਕਿ ਸੋਨਾ ਸ਼ੁੱਧ ਹੈ ਅਤੇ ਕਿੰਨੇ ਕੈਰੇਟ ਦਾ ਹੈ।

ਸ਼ੁੱਕਰਵਾਰ ਨੂੰ ਸੋਨਾ-ਚਾਂਦੀ ਹੋਏ ਸਨ ਮਹਿੰਗੇ

ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਸੋਨਾ ਇਕ ਵਾਰ ਫਿਰ 500 ਰੁਪਏ ਚੜ੍ਹ ਕੇ 80,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਪਹੁੰਚ ਗਿਆ। ਆਲ ਇੰਡੀਆ ਬੁਲੀਅਨ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿੱਤੀ। ਵੀਰਵਾਰ ਨੂੰ 99.9 ਫੀਸਦੀ ਸ਼ੁੱਧਤਾ ਵਾਲਾ ਸੋਨਾ 79,500 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ ਵੀ 800 ਰੁਪਏ ਚੜ੍ਹ ਕੇ 94,600 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ, ਜਦੋਂ ਕਿ ਪਿਛਲੇ ਕਾਰੋਬਾਰੀ ਸੈਸ਼ਨ 'ਚ ਇਸ ਦੀ ਕੀਮਤ 93,800 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 500 ਰੁਪਏ ਵਧ ਕੇ 79,600 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। 


author

Harinder Kaur

Content Editor

Related News