ਆਲੂ ਦੀ ਕੀਮਤ ਨੇ ਫਿਰ ਸੂਤੇ ਕਿਸਾਨਾਂ ਦੇ ਸਾਹ, ਹੋਵੇਗਾ ਕਰੋੜਾਂ ਦਾ ਨੁਕਸਾਨ

11/17/2018 5:16:40 PM

ਨਵੀਂ ਦਿੱਲੀ — ਦੇਸ਼ ਭਰ ਵਿਚ ਆਲੂ ਕਿਸਾਨ ਬਹੁਤ ਹੀ ਮਾੜੇ ਸਮੇਂ ਚੋਂ ਲੰਘ ਰਹੇ ਹਨ। ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਨੇ ਜਿਹੜੇ ਆਲੂ ਕੋਲਡ ਸਟੋਰ ਵਿਚ ਰੱਖੇ ਸਨ ਉਨ੍ਹਾਂ ਦੀ ਕੀਮਤ ਅਚਾਨਕ ਧੜਾਮ ਹੋ ਗਈ ਹੈ। ਪਹਾੜੀ ਸੁਬਿਆਂ 'ਚ ਜਿਥੇ ਆਲੂ ਦੀ ਕੀਮਤ 1000 ਰੁਪਏ ਤੱਕ ਡਿੱਗੀ ਹੈ ਉਥੇ ਮੈਦਾਨੀ ਖੇਤਰਾਂ ਵਿਚ ਫਿਲਹਾਲ 100 ਰੁਪਏ ਪ੍ਰਤੀ ਕਵਿੰਟਲ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ। 

ਸੰਭਲ 'ਚ 1000 ਰੁਪਏ ਤੱਕ ਡਿੱਗੀ ਕੀਮਤ 

ਹਿਮਾਚਲ ਪ੍ਰਦੇਸ਼ ਦੇ ਊਨਾ ਖੇਤਰ ਦਾ ਨਵਾਂ ਆਲੂ ਦਿੱਲੀ ਮੰਡੀ 'ਚ ਪਹੁੰਚਣਾ ਸ਼ੁਰੂ ਹੋ ਗਿਆ ਹੈ। ਨਵਾਂ ਆਲੂ ਆਜ਼ਾਰ ਵਿਚ ਆਉਣ ਕਰਕੇ ਸੰਭਲ ਦੇ ਆਲੂ ਦੀ ਕੀਮਤ ਬਹੁਤ ਜ਼ਿਆਦਾ ਡਿੱਗ ਗਈ ਹੈ। 15 ਦਿਨਾਂ ਅੰਦਰ ਹੀ ਆਲੂ ਦੀ ਕੀਮਤ 'ਚ 200 ਤੋਂ 400 ਰੁਪਏ ਪ੍ਰਤੀ ਕਵਿੰਟਲ ਤੱਕ ਦੀ ਮੰਦੀ ਆਈ ਹੈ। ਇਸ ਦੇ ਨਾਲ ਹੀ ਰੋਜ਼ਾਨਾ ਅਧਾਰ 'ਤੇ ਕੀਮਤਾਂ ਡਿੱਗ ਰਹੀਆਂ ਹਨ।
ਪੁਖਰਾਜ ਆਲੂ 800 ਰੁਪਏ ਪ੍ਰਤੀ ਕਵਿੰਟਲ ਹੋ ਗਿਆ ਹੈ ਜਦੋਂਕਿ ਇਸ ਦੀ ਕੀਮਤ 7 ਦਿਨ ਪਹਿਲਾਂ 1000 ਰੁਪਏ ਪ੍ਰਤੀ ਕਵਿੰਟਲ ਸੀ। ਚਿਪਸੋਨਾ 1000-1100 ਰੁਪਏ ਪ੍ਰਤੀ ਕਵਿੰਟਲ ਵਿਕ ਰਿਹਾ ਹੈ। ਇਹ ਆਲੂ 10 ਦਿਨ ਪਹਿਲੇ 1200-1400 ਰੁਪਏ ਪ੍ਰਤੀ ਕਵਿੰਟਲ ਵਿਕ ਰਿਹਾ ਸੀ। ਆਲੂ ਦੀ 3797 ਕਿਸਮ ਦੀ ਕੀਮਤ 900 ਰੁਪਏ ਪ੍ਰਤੀ ਕਵਿੰਟਲ ਹੋ ਗਈ ਹੈ ਜਦੋਂਕਿ ਇਹ ਆਲੂ 1100-1200 ਰੁਪਏ ਪ੍ਰਤੀ ਕਵਿੰਟਲ ਵਿਕ ਚੁੱਕਾ ਹੈ। 

ਕੀਮਤਾਂ ਡਿੱਗਣ ਕਾਰਨ ਕਿਸਾਨ ਚਿੰਤਤ

ਅਚਾਨਕ ਆਲੂ ਤੇਜ਼ੀ ਤੋਂ ਮੰਦੀ ਵੱਲ ਚਲਾ ਗਿਆ ਹੈ। ਕਿਸਾਨ ਉਮੀਦ ਕਰ ਰਹੇ ਸਨ ਕਿ ਉਨ੍ਹਾਂ ਨੂੰ ਫਰਵਰੀ 'ਚ ਲਾਭ ਮਿਲੇਗਾ। ਨਵੰਬਰ ਵਿਚ ਹੀ ਆਲੂ ਮੰਦੀ ਦਾ ਸ਼ਿਕਾਰ ਹੋ ਗਿਆ ਹੈ। ਇਕ ਮਹੀਨੇ 'ਚ 600 ਰੁਪਏ ਪ੍ਰਤੀ ਕਵਿੰਟਲ ਦੀ ਗਿਰਾਵਟ ਦਰਜ ਹੋਣ ਕਾਰਨ ਕਿਸਾਨ ਚਿੰਤਾ 'ਚ ਹਨ।

ਹਿਮਾਚਲ 'ਚ ਹਜ਼ਾਰ ਰੁਪਏ ਤੱਕ ਦੀ ਗਿਰਾਵਟ

ਹਿਮਾਚਲ ਦੇ ਊਨਾ 'ਚ ਬਾਜ਼ਾਰ ਵਿਚ ਆਲੂ ਦੀ ਨਵੀਂ ਫਸਲ ਦਾ ਮੁੱਲ ਸਿਰਫ 4 ਦਿਨਾਂ ਵਿਚ ਹੀ 1000 ਰੁਪਏ ਪ੍ਰਤੀ ਕਵਿੰਟਲ ਡਿੱਗ ਗਿਆ ਹੈ। ਇਸ ਕਾਰਨ ਕਿਸਾਨਾਂ ਨੂੰ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ। ਜ਼ਿਲੇ 'ਚ ਕਈ ਅਜਿਹੇ ਕਿਸਾਨ ਵੀ ਹਨ ਜਿਨ੍ਹਾਂ ਨੇ ਕਾਮੇ ਨਾ ਮਿਲਣ ਕਾਰਨ ਅਜੇ ਤੱਕ ਆਲੂ ਦੀ ਫਸਲ ਨੂੰ ਕੱਢਿਆ ਤੱਕ ਨਹੀਂ।
ਹਾਲਾਂਕਿ ਕੁਝ ਕਿਸਾਨਾਂ ਵਲੋਂ ਜਲੰਧਰ, ਹੁਸ਼ਿਆਰਪੁਰ ਸਮੇਤ ਯੂ.ਪੀ. ਬਿਹਾਰ ਤੋਂ ਕਾਮਿਆਂ ਨੂੰ ਆਲੂਆਂ ਦੀ ਪੁਟਾਈ ਲਈ ਬੁਲਾਇਆ ਜਾ ਰਿਹਾ ਹੈ। ਦੂਜੇ ਪਾਸੇ ਕੁਝ ਕਿਸਾਨ ਜਲੰਧਰ, ਹੁਸ਼ਿਆਰਪੁਰ ਤੋਂ ਖੁਦ ਹੀ ਗੱਡੀਆਂ 'ਚ ਕਾਮਿਆਂ ਨੂੰ ਲਿਆ ਰਹੇ ਹਨ। ਇਸਦੇ ਨਾਲ ਉਨ੍ਹਾਂ ਦੇ ਰਹਿਣ ਅਤੇ ਖਾਣ-ਪੀਣ ਦਾ ਇੰਤਜ਼ਾਮ ਵੀ ਕਿਸਾਨਾਂ ਨੂੰ ਆਪਣੇ ਪੱਲ੍ਹਿਓਂ ਹੀ ਕਰਨਾ ਪੈ ਰਿਹਾ ਹੈ। ਆਲੂ ਦੀ ਫਸਲ ਦੀ ਕੀਮਤ 1000 ਰੁਪਏ ਘੱਟ ਹੋ ਕੇ ਬਜ਼ਾਰ ਵਿਚ 3300 ਰੁਪਏ ਤੋਂ ਸਿੱਧੇ 2300 ਰੁਪਏ ਹੋ ਗਈ ਹੈ।