ਅਜੇ ਹੋਰ ਵਧਣਗੇ ਸੀਮੈਂਟ ਦੇ ਮੁੱਲ, ਘਰ ਬਣਾਉਣਾ ਹੋਵੇਗਾ ਮਹਿੰਗਾ

Monday, Apr 11, 2022 - 02:21 PM (IST)

ਅਜੇ ਹੋਰ ਵਧਣਗੇ ਸੀਮੈਂਟ ਦੇ ਮੁੱਲ, ਘਰ ਬਣਾਉਣਾ ਹੋਵੇਗਾ ਮਹਿੰਗਾ

ਨਵੀਂ ਦਿੱਲੀ (ਅਨਸ) - ਵੱਧਦੀ ਮੰਗ ਕਾਰਨ ਕੱਚੇ ਮਾਲ ਦੀਆਂ ਕੀਮਤਾਂ ਵਿਚ ਤੇਜ਼ੀ ਕਾਰਨ ਸੀਮੈਂਟ ਦੇ ਮੁੱਲ ਵਿਚ ਅਜੇ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਮੋਤੀਲਾਲ ਓਸਵਾਲ ਫਾਈਨਾਂਸ਼ੀਅਲ ਸਰਵਿਸਿਜ਼ ਮੁਤਾਬਕ ਪਿਛਲੇ ਮਹੀਨੇ ਸੀਮੈਂਟ ਦੀਆਂ ਕੀਮਤਾਂ ਵਿਚ ਮਹੀਨਾਵਾਰ ਆਧਾਰ ਉੱਤੇ 2 ਤੋਂ 3 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ ਹੈ। ਹਾਲਾਂਕਿ, ਸਾਲ ਦੇ ਆਖਿਰ ਵਿਚ ਟੀਚੇ ਦੀ ਪੂਰਤੀ ਲਈ ਸੀਮੈਂਟ ਦੇ ਉਤਪਾਦਨ ਵਿਚ ਤੇਜ਼ੀ ਵੀ ਲਿਆਈ ਗਈ ਸੀ ਪਰ ਇਸ ਨਾਲ ਵੀ ਸੀਮੈਂਟ ਦੇ ਮੁੱਲ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਿਆ ।

ਕੰਪਨੀ ਨੇ ਦੱਸਿਆ ਕਿ ਡੀਲਰਸ ਦੇ ਨਾਲ ਕੀਤੀ ਗੱਲਬਾਤ ਤੋਂ ਇਹ ਪਤਾ ਚਲਿਆ ਹੈ ਕਿ ਦੱਖਣ ਅਤੇ ਮੱਧ ਭਾਰਤ ਵਿਚ ਸੀਮੈਂਟ ਦੀਆਂ ਕੀਮਤਾਂ ਵਿਚ ਪ੍ਰਤੀ ਬੋਰੀ 15 ਤੋਂ 20 ਰੁਪਏ ਦੀ ਤੇਜ਼ੀ ਰਹੀ, ਜਦੋਂਕਿ ਪੂਰਬੀ, ਉੱਤਰੀ ਅਤੇ ਪੱਛਮ ੀ ਖੇਤਰਾਂ ਵਿਚ ਸੀਮੈਂਟ ਦੇ ਮੁੱਲ ਪ੍ਰਤੀ ਬੋਰੀ 5 ਤੋਂ 10 ਰੁਪਏ ਵਧੇ।

ਕੰਪਨੀ ਦਾ ਕਹਿਣਾ ਹੈ ਕਿ ਸੀਮੈਂਟ ਕੰਪਨੀਆਂ ਕੱਚੇ ਮਾਲ ਦੀਆਂ ਕੀਮਤਾਂ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਇਸ ਦਾ ਬੋਝ ਗਾਹਕਾਂ ਉੱਤੇ ਹੋਰ ਪਾਉਗੀਆਂ, ਜਿਸ ਨਾਲ ਸੀਮੈਂਟ ਦੇ ਮੁੱਲ ਤੇਜ਼ ਹੋਣਗੇ। ਕੋਲੇ ਅਤੇ ਪੈਟਰੋਲੀਅਮ ਕੋਕ ਦੀਆਂ ਵਧੀਆਂ ਕੀਮਤਾਂ ਦਾ ਪ੍ਰਭਾਵ ਅਪ੍ਰੈਲ 2022 ਤੋਂ ਊਰਜਾ ਦੀਆਂ ਕੀਮਤਾਂ ਉੱਤੇ ਵਿਖੇਗਾ। ਪਿਛਲੇ ਕੁੱਝ ਦਿਨਾਂ ਤੋਂ ਡੀਜ਼ਲ ਦੇ ਮੁੱਲ ਵੀ ਵੱਧ ਰਹੇ ਹਨ, ਜਿਸ ਨਾਲ ਮਾਲ ਢੁਆਈ ਦੀ ਲਾਗਤ ਜ਼ਿਆਦਾ ਹੋ ਗਈ ਹੈ।

ਸੀਮੈਂਟ ਕੰਪਨੀਆਂ ਨੇ ਪੂਰੇ ਦੇਸ਼ ਵਿਚ ਅਪ੍ਰੈਲ ਤੋਂ ਸੀਮੈਂਟ ਦੀ ਹਰ ਬੋਰੀ ਉੱਤੇ 40 ਤੋਂ 50 ਰੁਪਏ ਵਧਾਉਣ ਦੇ ਸੰਕੇਤ ਦਿੱਤੇ ਹਨ।

ਜਨਵਰੀ ਅਤੇ ਫਰਵਰੀ ਵਿਚ ਸੁਸਤੀ ਤੋਂ ਬਾਅਦ ਮਾਰਚ ਵਿਚ ਸੀਮੈਂਟ ਦੀ ਮੰਗ ਵਿਚ ਸੁਧਾਰ ਆਇਆ। ਮਾਰਚ 2022 ਵਿਚ ਸਾਲਾਨਾ ਆਧਾਰ ਉੱਤੇ ਸੀਮੈਂਟ ਦੀ ਮੰਗ 3 ਤੋਂ 5 ਫੀਸਦੀ ਵਧੀ, ਜਦੋਂਕਿ ਜਨਵਰੀ-ਫਰਵਰੀ ਦੌਰਾਨ ਇਸ ਵਿਚ 6 ਫੀਸਦੀ ਦੀ ਗਿਰਾਵਟ ਰਹੀ। ਕੁੱਝ ਡੀਲਰਸ ਦਾ ਕਹਿਣਾ ਹੈ ਕਿ ਅਪ੍ਰੈਲ ਤੋਂ ਸੀਮੈਂਟ ਦੇ ਮੁੱਲ ਵਿਚ ਤੇਜ਼ੀ ਹੋਣ ਦੇ ਖਦਸ਼ੇ ਕਾਰਨ ਮਾਰਚ ਦੇ ਆਖਿਰ ਵਿਚ ਸੀਮੈਂਟ ਦੀ ਮੰਗ ਵੱਧ ਗਈ ਸੀ। ਅਸਲੀ ਮੰਗ ਰੁਝੇਵਾਂ ਦਾ ਪਤਾ ਅਪ੍ਰੈਲ ਦੇ ਮੱਧ ਵਿਚ ਹੀ ਚੱਲੇਗਾ।


author

Harinder Kaur

Content Editor

Related News