ਟਾਟਾ ਕੈਮੀਕਲਜ਼ ਨੇ NCD ਜਾਰੀ ਕਰ ਕੇ 1,700 ਕਰੋੜ ਰੁਪਏ ਜੁਟਾਏ
Tuesday, Aug 20, 2024 - 06:10 PM (IST)
ਨਵੀਂ ਦਿੱਲੀ (ਭਾਸ਼ਾ) - ਟਾਟਾ ਸਮੂਹ ਦੀ ਕੰਪਨੀ ਟਾਟਾ ਕੈਮੀਕਲਜ਼ ਨੇ ਨਿਵੇਸ਼ਕਾਂ ਨੂੰ ਪ੍ਰਾਈਵੇਟ ਪਲੇਸਮੈਂਟ ਦੇ ਆਧਾਰ ’ਤੇ ਗੈਰ-ਤਬਦੀਲੀਯੋਗ ਡਿਬੈਂਚਰ (ਐੱਨ. ਸੀ. ਡੀ.) ਜਾਰੀ ਕਰ ਕੇ 1,700 ਕਰੋੜ ਰੁਪਏ ਜੁਟਾਏ ਹਨ। ਟਾਟਾ ਕੈਮੀਕਲਜ਼ ਨੇ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦਿੱਤੀ ਇਕ ਸੂਚਨਾ ’ਚ ਕਿਹਾ ਕਿ ਨਿਰਦੇਸ਼ਕ ਮੰਡਲ ਵੱਲੋਂ ਗਠਿਤ ਇਕ ਅੰਤ੍ਰਿੰਗ ਕਮੇਟੀ ਨੇ 1,70,000 ਐੱਨ. ਸੀ. ਡੀ. ਵੰਡ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ’ਚੋਂ ਹਰੇਕ ਐੱਨ. ਸੀ. ਡੀ. ਦਾ ਮੁੱਲ ਇਕ ਲੱਖ ਰੁਪਏ ਹੈ।
ਕੰਪਨੀ ਨੇ ਕਿਹਾ ਕਿ ਤਿੰਨ ਸਾਲ ਲਈ ਐੱਨ. ਸੀ. ਡੀ. ਜਾਰੀ ਕਰ ਕੇ ਕੁਲ 1,700 ਕਰੋੜ ਰੁਪਏ ਜੁਟਾਏ ਹਨ। ਗੈਰ-ਤਬਦੀਲੀਯੋਗ ਡਿਬੈਂਚਰ ਨੂੰ ਚਿੰਨ੍ਹਿਤ ਨਿਵੇਸ਼ਕਾਂ ਨੂੰ ਪ੍ਰਾਈਵੇਟ ਪਲੇਸਮੈਂਟ ਦੇ ਆਧਾਰ ’ਤੇ ਜਾਰੀ ਕੀਤਾ ਗਿਆ ਹੈ। ਟਾਟਾ ਕੈਮੀਕਲਜ਼ ਨੇ ਕਿਹਾ ਕਿ 7.81 ਫੀਸਦੀ ਕੂਪਨ ਦਰ ਵਾਲੇ ਐੱਨ. ਸੀ. ਡੀ. ਨੂੰ ਕਈ ਸਾਲ ਦੇ ਰਿਟਰਨ ਵਾਲੀ ਵੰਡ ਕਾਰਜਪ੍ਰਣਾਲੀ ’ਤੇ ਜਾਰੀ ਕੀਤਾ ਗਿਆ ਹੈ। ਐੱਨ. ਸੀ. ਡੀ. ਨੂੰ ਨੈਸ਼ਨਲ ਸਟਾਕ ਐਕਸਚੇਂਜ ਦੇ ਡਾਟਾ ਸੈਕਟਰ ’ਚ ਸੂਚੀਬੱਧ ਕੀਤਾ ਜਾਵੇਗਾ।