ਸਵਿਟਜ਼ਰਲੈਂਡ ’ਚ ਨਿਵੇਸ਼ ਪੇਸ਼ੇਵਰਾਂ ਨਾਲ ਕੰਮ ਕਰਨਗੇ ਸੁਭਾਸ਼ ਚੰਦਰਾ, ਸਟਾਰਟਅੱਪ ’ਚ ਨਿਵੇਸ਼ ਦੀ ਯੋਜਨਾ

Sunday, Aug 30, 2026 - 03:00 AM (IST)

ਸਵਿਟਜ਼ਰਲੈਂਡ ’ਚ ਨਿਵੇਸ਼ ਪੇਸ਼ੇਵਰਾਂ ਨਾਲ ਕੰਮ ਕਰਨਗੇ ਸੁਭਾਸ਼ ਚੰਦਰਾ, ਸਟਾਰਟਅੱਪ ’ਚ ਨਿਵੇਸ਼ ਦੀ ਯੋਜਨਾ

ਨਵੀਂ ਦਿੱਲੀ - ਐੱਸਲ ਗਰੁੱਪ ਦੇ ਚੇਅਰਮੈਨ ਸੁਭਾਸ਼ ਚੰਦਰਾ ਨੇ ਕਿਹਾ ਹੈ ਕਿ ਉਹ ਸਵਿਟਜ਼ਰਲੈਂਡ ’ਚ ਨਿਵੇਸ਼ ਦੇ ਖੇਤਰ ਨਾਲ ਜੁੜੇ ਪੇਸ਼ੇਵਰਾਂ ਨਾਲ ਕੰਮ ਕਰਨ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਇਹ ਵੀ ਸੰਕੇਤ ਦਿੱਤਾ ਕਿ ਉਹ ਆਪਣੇ ਪਰਿਵਾਰ ਤੋਂ 2 ਤੋਂ 4 ਕਰੋੜ ਰੁਪਏ ਉਧਾਰ ਲੈ ਕੇ ਕੁਝ ਅਜਿਹੇ ਸਟਾਰਟਅੱਪ ’ਚ ਨਿਵੇਸ਼ ਕਰ ਸਕਦੇ ਹਨ, ਜਿਨ੍ਹਾਂ ’ਚ ਉਨ੍ਹਾਂ ਨੂੰ ਅੱਗੇ ਵਧਣ ਦੀਆਂ ਚੰਗੀਆਂ ਸੰਭਾਵਨਾਵਾਂ ਨਜ਼ਰ ਆਉਂਦੀਆਂ ਹਨ।

ਚੰਦਰਾ ਮੁਤਾਬਕ ਉਹ ਸਵਿਟਜ਼ਰਲੈਂਡ ’ਚ ਨਿਵੇਸ਼ ਨਾਲ ਜੁੜੇ ਆਪਣੇ ਮਿੱਤਰਾਂ ਨਾਲ ਕੰਮ ਕਰਨਗੇ ਅਤੇ ਆਉਣ ਵਾਲੇ ਇਕ-ਦੋ ਹਫਤਿਆਂ ’ਚ ਇਸ ਯੋਜਨਾ ਬਾਰੇ ਹੋਰ ਜਾਣਕਾਰੀ ਸਾਂਝੀ ਕਰ ਸਕਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਕੁਝ ਨਵੇਂ ਉੱਦਮਾਂ ’ਚ ਸ਼ੁਰੂਆਤੀ ਪੱਧਰ ’ਤੇ ਨਿਵੇਸ਼ ਕਰ ਕੇ ਉਹ ਆਪਣੇ ਪੇਸ਼ੇਵਰ ਜੀਵਨ ਨੂੰ ਫਿਰ ਤੋਂ ਖੜ੍ਹਾ ਕਰ ਸਕਦੇ ਹਨ।

ਇਹ ਬਿਆਨ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਵੱਲੋਂ ਉਨ੍ਹਾਂ ਦੀ ਨਿੱਜੀ ਦਿਵਾਲੀਆਪਨ ਕਾਰਵਾਈ ’ਚ ਮੁੜ-ਭੁਗਤਾਨ ਯੋਜਨਾ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਕੁਝ ਦਿਨ ਬਾਅਦ ਆਇਆ ਹੈ। ਯੋਜਨਾ ਤਹਿਤ ਲੱਗਭਗ 22,006.57 ਕਰੋੜ ਰੁਪਏ ਦੇ ਪ੍ਰਵਾਨਿਤ ਕਰਜ਼ਦਾਤਾ ਦਾਅਵਿਆਂ ਦੇ ਮੁਕਾਬਲੇ ਲੱਗਭਗ 6.5 ਕਰੋੜ ਰੁਪਏ ਉਪਲਬਧ ਹੋਣਗੇ। ਇਸ ਨਾਲ ਕਰਜ਼ਦਾਤਿਆਂ ਦੀ ਵਸੂਲੀ ਲੱਗਭਗ 0.03 ਫੀਸਦੀ ਅਤੇ ਕਟੌਤੀ ਲੱਗਭਗ 99.97 ਫੀਸਦੀ ਬੈਠਦੀ ਹੈ।

ਮਾਮਲਾ ਨਿੱਜੀ ਗਾਰੰਟੀ ਨਾਲ ਜੁੜਿਆ
ਹਾਲਾਂਕਿ, 22,006.57 ਕਰੋੜ ਰੁਪਏ ਦੀ ਪੂਰੀ ਰਾਸ਼ੀ ਨੂੰ ਸੁਭਾਸ਼ ਚੰਦਰਾ ਵੱਲੋਂ ਨਿੱਜੀ ਤੌਰ ’ਤੇ ਲਿਆ ਗਿਆ ਕਰਜ਼ਾ ਮੰਨਣਾ ਸਹੀ ਨਹੀਂ ਹੋਵੇਗਾ। ਇਹ ਰਾਸ਼ੀ ਮੁੱਖ ਤੌਰ ’ਤੇ ਉਨ੍ਹਾਂ ਕਰਜ਼ਿਆਂ ਨਾਲ ਜੁੜੇ ਦਾਅਵਿਆਂ ਦੀ ਹੈ, ਜਿਨ੍ਹਾਂ ਲਈ ਚੰਦਰਾ ਨੇ ਨਿੱਜੀ ਗਾਰੰਟੀ ਦਿੱਤੀ ਸੀ। ਸਬੰਧਤ ਕੰਪਨੀਆਂ ਅਤੇ ਮੂਲ ਕਰਜ਼ਦਾਰਾਂ ਦੇ ਖਿਲਾਫ ਕਰਜ਼ਦਾਤਿਆਂ ਦੇ ਅਧਿਕਾਰ ਵੱਖਰੇ ਬਣੇ ਹੋਏ ਹਨ।

ਚੰਦਰਾ ਨੇ ਕਿਹਾ- ਕੋਈ ਪਛਤਾਵਾ ਨਹੀਂ
75 ਸਾਲਾ ਚੰਦਰਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਫੈਸਲਿਆਂ ’ਤੇ ਕੋਈ ਪਛਤਾਵਾ ਨਹੀਂ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਉਹ ਆਪਣੇ ਪੇਸ਼ੇਵਰ ਜੀਵਨ ਨੂੰ ਫਿਰ ਤੋਂ ਬਣਾ ਸਕਦੇ ਹਨ। ਐੱਨ. ਸੀ. ਐੱਲ. ਟੀ. ਦੇ ਫੈਸਲੇ ਤੋਂ ਬਾਅਦ ਉਨ੍ਹਾਂ ਦੇ ਅਗਲੇ ਕਦਮਾਂ ’ਚ ਨਿਵੇਸ਼ ਅਤੇ ਨਵੇਂ ਕਾਰੋਬਾਰੀ ਮੌਕੇ ਤਲਾਸ਼ਣਾ ਪ੍ਰਮੁੱਖਤਾ ਨਾਲ ਸ਼ਾਮਲ ਦਿਖਾਈ ਦੇ ਰਿਹਾ ਹੈ।
 


author

Inder Prajapati

Content Editor

Related News