Stock Market crash: ਸ਼ੇਅਰ ਬਾਜ਼ਾਰ ਦੀ ਗਿਰਾਵਟ ਨੇ ਮਚਾਈ ਦਹਿਸ਼ਤ, ਡੁੱਬੇ 40 ਲੱਖ ਕਰੋੜ ਰੁਪਏ

Friday, Oct 25, 2024 - 06:01 PM (IST)

ਮੁੰਬਈ - ਸ਼ੇਅਰ ਬਾਜ਼ਾਰ 'ਚ ਪੈਸਾ ਲਗਾਉਣ ਵਾਲਿਆਂ ਦਾ ਤਣਾਅ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਲਗਾਤਾਰ ਡਿੱਗ ਰਹੇ ਬਾਜ਼ਾਰ ਨੇ ਭਾਰੀ ਨੁਕਸਾਨ ਕੀਤਾ ਹੈ। ਇਸ ਹਫਤੇ ਭਾਰਤੀ ਸ਼ੇਅਰ ਬਾਜ਼ਾਰ 'ਚ ਗਿਰਾਵਟ ਦਾ ਦੌਰ ਰਿਹਾ ਹੈ। ਬੀਐਸਈ ਸੈਂਸੈਕਸ ਦੇ ਪਿਛਲੇ ਸ਼ੁੱਕਰਵਾਰ (18 ਅਕਤੂਬਰ) ਦੀ ਬੰਦ ਕੀਮਤ ਦੇ ਮੁਕਾਬਲੇ ਸੋਮਵਾਰ (21 ਅਕਤੂਬਰ) ਨੂੰ ਬਾਜ਼ਾਰ ਗਿਰਾਵਟ ਨਾਲ ਖੁੱਲ੍ਹਿਆ। ਇਸ ਨਾਲ ਹਫਤੇ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ ਅਤੇ ਅੱਜ (25 ਅਕਤੂਬਰ) ਨੂੰ ਵੀ ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਇਆ।
ਜਿਸ ਦਾ ਮੁੱਖ ਕਾਰਨ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਵਿਕਰੀ ਅਤੇ ਦੂਜੀ ਤਿਮਾਹੀ ਦੇ ਮਾੜੇ ਨਤੀਜੇ ਦੱਸੇ ਜਾਂਦੇ ਹਨ। ਸੈਂਸੈਕਸ 80,000 ਦੇ ਪੱਧਰ ਤੋਂ ਹੇਠਾਂ ਖਿਸਕ ਗਿਆ, ਜਿਸ ਕਾਰਨ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਹੋਇਆ।

ਅੱਜ BSE ਸੈਂਸੈਕਸ 662.87 ਅੰਕ ਡਿੱਗ ਕੇ 79,402.29 'ਤੇ ਅਤੇ NSE ਨਿਫਟੀ 218.60 ਅੰਕ ਡਿੱਗ ਕੇ 24,180.80 'ਤੇ ਬੰਦ ਹੋਇਆ। 18 ਅਕਤੂਬਰ 2024 ਨੂੰ ਸੈਂਸੈਕਸ 81,224.75 ਦੇ ਪੱਧਰ 'ਤੇ ਸੀ, ਜੋ ਅੱਜ ਘੱਟ ਕੇ 79,402.29 'ਤੇ ਆ ਗਿਆ ਹੈ। ਨਿਫਟੀ ਵੀ ਪਿਛਲੇ ਸ਼ੁੱਕਰਵਾਰ ਨੂੰ 24,854.05 ਦੇ ਪੱਧਰ 'ਤੇ ਬੰਦ ਹੋਇਆ ਸੀ ਅਤੇ ਅੱਜ ਇਸ ਦਾ ਬੰਦ ਮੁੱਲ 24,180.80 ਹੈ। ਅੰਕੜਿਆਂ ਮੁਤਾਬਕ ਇਸ ਹਫਤੇ ਬੀ.ਐੱਸ.ਈ. ਸੈਂਸੈਕਸ 1,822.46 ਅੰਕ ਕਮਜ਼ੋਰ ਹੋਇਆ ਹੈ ਜਦੋਂ ਕਿ ਨਿਫਟੀ 673.25 ਅੰਕ ਡਿੱਗ ਗਿਆ ਹੈ।
ਜੇਕਰ 1 ਮਹੀਨੇ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਨਿਵੇਸ਼ਕਾਂ ਨੂੰ 40 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। 27 ਸਤੰਬਰ ਤੋਂ 25 ਅਕਤੂਬਰ ਤੱਕ ਬੀਐਸਈ ਦਾ ਮਾਰਕੀਟ ਕੈਪ 4.77 ਲੱਖ ਕਰੋੜ ਰੁਪਏ ਤੋਂ ਘਟ ਕੇ 4.37 ਲੱਖ ਕਰੋੜ ਰੁਪਏ ਰਹਿ ਗਿਆ ਹੈ। 

ਇਸ ਹਫ਼ਤੇ ਸੈਂਸੈਕਸ ਕਿਵੇਂ ਰਿਹਾ?

Oct 18      81,224.75
Oct 21      81,151.27  
Oct 22      80,220.72
Oct 23    80,081.98
Oct 24      80,065.16   
Oct 25      79,402.29 

ਇਸ ਹਫਤੇ ਕਿਵੇਂ ਦਾ ਰਿਹਾ ਨਿਫਟੀ ਦਾ ਹਾਲ

Oct 18    24,854.05
Oct 21    24,781.10
Oct 22    24,472.10
Oct 23    24,435.50
Oct 24    24,399.40
Oct 25    24,180.80

ਮਾਰਕੀਟ ਗਿਰਾਵਟ ਦੇ ਮੁੱਖ ਕਾਰਨ 

ਵਿਦੇਸ਼ੀ ਨਿਵੇਸ਼ਕਾਂ ਵੱਲੋਂ ਲਗਾਤਾਰ ਵਿਕਰੀ

ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐੱਫ. ਆਈ. ਆਈ.) ਲਗਾਤਾਰ ਸ਼ੇਅਰਾਂ ਦੀ ਅੰਨ੍ਹੇਵਾਹ ਵਿਕਰੀ ਕਰ ਰਹੇ ਹਨ, ਜਿਸ ਨਾਲ ਬਾਜ਼ਾਰ ਦਾ ਮੂਡ ਸਭ ਤੋਂ ਜ਼ਿਆਦਾ ਖਰਾਬ ਹੋਇਆ ਹੈ। FII ਨੇ 24 ਅਕਤੂਬਰ ਨੂੰ ਕੁੱਲ 5,062 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਹੀਨੇ ਹੁਣ ਤੱਕ ਹਰ ਰੋਜ਼ ਇਨ੍ਹਾਂ 'ਚ ਸ਼ੇਅਰ ਵਿਕ ਰਹੇ ਹਨ ਅਤੇ ਹੁਣ ਤੱਕ ਕੁੱਲ 1 ਲੱਖ ਕਰੋੜ ਰੁਪਏ ਦੀ ਵਿਕਰੀ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਕਦੇ ਵੀ ਇੱਕ ਮਹੀਨੇ ਵਿੱਚ ਭਾਰਤੀ ਬਾਜ਼ਾਰਾਂ ਵਿੱਚ ਇੰਨੀ ਵਿਕਰੀ ਨਹੀਂ ਹੋਈ ਸੀ।

ਕਮਜ਼ੋਰ ਦੂਜੀ ਤਿਮਾਹੀ ਦੇ ਨਤੀਜੇ

ਭਾਰਤੀ ਕੰਪਨੀਆਂ ਦੀ ਸਤੰਬਰ ਤਿਮਾਹੀ ਦੀ ਕਮਾਈ ਕਮਜ਼ੋਰ ਰਹੀ ਹੈ, ਜਿਸ ਨਾਲ ਬਾਜ਼ਾਰ 'ਚ ਉੱਚ ਮੁੱਲਾਂਕਣ ਦੀ ਚਿੰਤਾ ਵਧ ਗਈ ਹੈ।

ਅਮਰੀਕੀ ਚੋਣਾਂ

ਅਮਰੀਕੀ ਚੋਣਾਂ ਨੂੰ ਲੈ ਕੇ ਅਨਿਸ਼ਚਿਤਤਾ ਬਾਜ਼ਾਰ ਦੀ ਭਾਵਨਾ 'ਤੇ ਭਾਰੀ ਪੈ ਰਹੀ ਹੈ। 5 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ, ਤਾਜ਼ਾ ਓਪੀਨੀਅਨ ਪੋਲ ਰੁਝਾਨਾਂ ਵਿੱਚ ਕਮਲਾ ਹੈਰਿਸ ਅਤੇ ਡੋਨਾਲਡ ਟਰੰਪ ਵਿਚਕਾਰ ਸਖ਼ਤ ਟੱਕਰ ਦਿਖਾਈ ਦੇ ਰਹੀ ਹੈ।

ਭੂ-ਰਾਜਨੀਤਿਕ ਤਣਾਅ

ਮੱਧ ਪੂਰਬ 'ਚ ਬਦਲਦੇ ਹਾਲਾਤ ਬਾਜ਼ਾਰ ਦੀ ਧਾਰਨਾ ਨੂੰ ਪ੍ਰਭਾਵਿਤ ਕਰ ਰਹੇ ਹਨ।


Harinder Kaur

Content Editor

Related News