ਕਾਰਵਾਈ ਤੋਂ ਬਾਅਦ 6 ਖੁਰਾਕ ਕੰਪਨੀਆਂ ਨੇ ਸੁਧਾਰੇ ‘ਗੁੰਮਰਾਹਕੁੰਨ ਦਾਅਵੇ’

Monday, Aug 17, 2026 - 10:11 AM (IST)

ਕਾਰਵਾਈ ਤੋਂ ਬਾਅਦ 6 ਖੁਰਾਕ ਕੰਪਨੀਆਂ ਨੇ ਸੁਧਾਰੇ ‘ਗੁੰਮਰਾਹਕੁੰਨ ਦਾਅਵੇ’

ਨਵੀਂ ਦਿੱਲੀ : ਭਾਰਤੀ ਖੁਰਾਕ ਸੁਰੱਖਿਆ ਅਤੇ ਮਾਪਦੰਡ ਅਥਾਰਟੀ (ਐੱਫ. ਐੱਸ. ਐੱਸ. ਏ. ਆਈ.) ਨੇ ਕਿਹਾ ਕਿ ਕਾਨੂੰਨ ਦੀ ਉਲੰਘਣਾ ਨੂੰ ਲੈ ਕੇ ਨੋਟਿਸ ਜਾਰੀ ਕੀਤੇ ਜਾਣ ਤੋਂ ਬਾਅਦ 6 ਖੁਰਾਕ ਕੰਪਨੀਆਂ ਨੇ ਗੁੰਮਰਾਹਕੁੰਨ ਲੇਬਲ ਅਤੇ ਟ੍ਰੇਡਮਾਰਕ ’ਚ ਸੁਧਾਰ ਕੀਤਾ ਹੈ। ਰੈਗੂਲੇਟਰੀ ਅਨੁਸਾਰ ਇਨ੍ਹਾਂ ਕੰਪਨੀਆਂ ਨੇ ਖਪਤਕਾਰ ਸੁਰੱਖਿਆ ਅਤੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਤੁਰੰਤ ਸੁਧਾਰਾਤਮਕ ਕਦਮ ਚੁੱਕੇ। ਐੱਫ. ਐੱਸ. ਐੱਸ. ਏ. ਆਈ. ਨੇ ਸੋਸ਼ਲ ਮੀਡੀਆ ’ਤੇ ਦੱਸਿਆ ਕਿ 6 ਖੁਰਾਕ ਕਾਰੋਬਾਰ ਸੰਚਾਲਕਾਂ (ਐੱਫ. ਬੀ. ਓ.) ਨੇ ਨੋਟਿਸ ਮਿਲਣ ਤੋਂ ਬਾਅਦ ਗੁੰਮਰਾਹਕੁੰਨ ਦਾਅਵਿਆਂ ਨੂੰ ਹਟਾਉਣ ਅਤੇ ਉਤਪਾਦਾਂ ਦੀ ਪੈਕੇਜਿੰਗ ’ਚ ਬਦਲਾਅ ਕਰਨ ਦੀ ਕਾਰਵਾਈ ਕੀਤੀ ਹੈ।

ਲਿਵਯੋਰ ਵੈਂਚਰਸ ਪ੍ਰਾਈਵੇਟ ਲਿਮਟਿਡ ਨੇ ਆਪਣੇ ‘ਲਿਵਯੋਰ ਰੋਸਟਿਡ ਐਡਾਮੇਮ ਬੀਨਜ਼’ ਦੇ ਲੇਬਲ ਤੋਂ ‘ਵੀਗਨ ਐਂਡ ਹੈਲਦੀ’ ਦਾ ਦਾਅਵਾ ਵਾਪਸ ਲੈ ਲਿਆ ਹੈ। ਕੰਪਨੀ ਨੇ ਕਿਹਾ ਕਿ ਰੈਗੂਲੇਟਰੀ ਲੋੜਾਂ ਦੀ ਜਾਣਕਾਰੀ ਦੀ ਕਮੀ ’ਚ ਇਹ ਦਾਅਵੇ ਅਣਜਾਣੇ ’ਚ ਲੇਬਲ ’ਤੇ ਛਪ ਗਏ ਸਨ। ਕੰਪਨੀ ਨੇ ਭੁੱਲ ’ਤੇ ਮੁਆਫੀ ਮੰਗੀ ਅਤੇ ਭਵਿੱਖ ’ਚ ਨਿਯਮਾਂ ਦੀ ਉਲੰਘਣਾ ਨਾ ਕਰਨ ਦਾ ਭਰੋਸਾ ਦਿੱਤਾ ਹੈ। ਉਸ ਨੇ ਲੇਬਲ ’ਚ ਬਦਲਾਅ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਗੈਰ-ਪਾਲਣਾ ਵਾਲੀ ਪੁਰਾਣੀ ਪੈਕੇਜਿੰਗ ਨੂੰ ਨਸ਼ਟ ਕੀਤਾ ਜਾ ਰਿਹਾ ਹੈ।

ਐੱਫ. ਐੱਸ. ਐੱਸ. ਏ. ਆਈ. ਅਨੁਸਾਰ ਆਨੇਸਟ ਇਨੋਵੇਸ਼ਨ ਫਾਰ ਯੂ ਪ੍ਰਾਈਵੇਟ ਲਿਮਟਿਡ ਅਤੇ ਹੈਲੀਓਸਟੋਨ ਸਪੈਸ਼ਲਟੀਜ਼ ਪ੍ਰਾਈਵੇਟ ਲਿਮਟਿਡ ਨੇ ਆਪਣੇ ਗੁੰਮਰਾਹਕੁੰਨ ਟ੍ਰੇਡਮਾਰਕ ’ਚ ਬਦਲਾਅ ਕੀਤਾ ਹੈ। ਰਾਜਸਥਾਨ ਐਗਰੋ ਐਂਡ ਜਨਰਲ ਇੰਡਸਟਰੀਜ਼ ਨੇ ਵੀ ਸਾਰੇ ਗੁੰਮਰਾਹਕੁੰਨ ਦਾਅਵੇ ਹਟਾ ਦਿੱਤੇ ਹਨ। ਉੱਥੇ ਹੀ ਆਈਓਟਾ ਨੈਨੋਟੈਕਨਾਲੋਜੀ ਪ੍ਰਾਈਵੇਟ ਲਿਮਟਿਡ ਨੇ ਆਪਣੇ ਉਤਪਾਦ ਦੇ ਲੇਬਲ ਤੋਂ ਗੁੰਮਰਾਹਕੁੰਨ ਦਾਅਵੇ ਹਟਾਏ ਹਨ ਅਤੇ ਸੈਨੇਟਾਈਜ਼ਡ ਨਾ ਕੀਤੇ ਪਾਣੀ ਦਾ ਉਤਪਾਦਨ ਬੰਦ ਕਰ ਦਿੱਤਾ ਹੈ।


author

SATPAL

Content Editor

Related News