ਚਾਂਦੀ ਦੀ ਵੀ ਹੋਵੇਗੀ ਹਾਲਮਾਰਕਿੰਗ, ਸਰਕਾਰ ਕਰ ਰਹੀ ਤਿਆਰੀ

Thursday, Dec 26, 2024 - 06:11 AM (IST)

ਚਾਂਦੀ ਦੀ ਵੀ ਹੋਵੇਗੀ ਹਾਲਮਾਰਕਿੰਗ, ਸਰਕਾਰ ਕਰ ਰਹੀ ਤਿਆਰੀ

ਨਵੀਂ ਦਿੱਲੀ - ਸੋਨੇ ਦੀ ਹਾਲਮਾਰਕਿੰਗ ਬਾਰੇ ਤਾਂ ਤੁਸੀਂ ਜਾਣਦੇ ਹੋਵੋਗੇ ਪਰ ਹੁਣ ਚਾਂਦੀ ਦੀ ਵੀ ਹਾਲਮਾਰਕਿੰਗ ਦੀ ਤਿਆਰੀ ਚੱਲ ਰਹੀ ਹੈ। ਕੇਂਦਰ ਸਰਕਾਰ ਵੱਲੋਂ ਚਾਂਦੀ ਦੀ ਵੀ ਹਾਲਮਾਰਕਿੰਗ ’ਤੇ ਵਿਚਾਰ ਚੱਲ ਰਿਹਾ ਹੈ। ਚਾਂਦੀ ਦੀ ਹਾਲਮਾਰਕਿੰਗ ਹੋਣ ਤੋਂ ਬਾਅਦ ਤੁਹਾਨੂੰ ਚਾਂਦੀ ਦੀ ਵੀ ਸ਼ੁੱਧਤਾ ਦੀ ਗਾਰੰਟੀ ਮਿਲ ਸਕੇਗੀ। ਸਰਕਾਰ ਇਸ ਗੱਲ ਨੂੰ ਲੈ ਕੇ ਕਾਫੀ ਗੰਭੀਰ ਹੈ। 

ਚਾਂਦੀ ਦੀ ਸ਼ੁੱਧਤਾ ਦੀ ਗਾਰੰਟੀ ਦੇਣ ਲਈ ਸਰਕਾਰ ਵੱਲੋਂ ਸੋਨੇ ਵਾਂਗ ਹਾਲਮਾਰਕ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ (ਐੱਚ. ਯੂ. ਆਈ. ਡੀ.) ਲਾਜ਼ਮੀ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਨੂੰ ਲੈ ਕੇ ਅਜੇ ਚਰਚਾ ਚੱਲ ਰਹੀ ਹੈ ਅਤੇ ਸਰਕਾਰ ਵੱਲੋਂ ਜ਼ਰੂਰੀ ਪ੍ਰਕਿਰਿਆ ਦੀ ਪਾਲਣਾ ਕੀਤੀ ਜਾ ਰਹੀ ਹੈ। 

ਸੋਨੇ ਦੇ 6 ਅੰਕਾਂ ਦੇ ਐਲਫਾਨਿਊਮੈਰਿਕ ਕੋਡ ਭਾਵ ਹਾਲਮਾਰਕ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ (ਐੱਚ. ਯੂ. ਆਈ. ਡੀ.) ਵਾਂਗ ਚਾਂਦੀ ’ਤੇ ਵੀ ਇਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਚਾਲੂ ਕੀਤੀ ਜਾ ਸਕਦੀ ਹੈ। ਅਜੇ ਇਸ ਨੂੰ ਲਾਗੂ ਕਰਨ ਲਈ ਐੱਚ. ਯੂ. ਆਈ. ਡੀ. ਨੂੰ ਚਾਂਦੀ ’ਤੇ ਲਿਆਉਣ ’ਚ ਦਿੱਕਤਾਂ ਤੋਂ ਬਾਹਰ ਨਿਕਲਣਾ ਹੋਵੇਗਾ। ਦਰਅਸਲ ਫਿਲਹਾਲ ਚਾਂਦੀ ’ਤੇ ਐੱਚ. ਯੂ. ਆਈ. ਡੀ. ਲਿਖਣ ’ਚ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਹਨ, ਜਿਵੇਂ ਕਿ ਚਾਂਦੀ ’ਤੇ ਇਹ ਹਾਲਮਾਰਕਿੰਗ ਆਸਾਨੀ ਨਾਲ ਮਿਟ ਜਾਂਦੀ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਕਈ ਤਕਨੀਕੀ ਪਹਿਲੂਆਂ ’ਤੇ ਕੰਮ ਜਾਰੀ ਹੈ। 

ਸੋਨੇ  ਦੇ ਮੁਕਾਬਲੇ ਚਾਂਦੀ ਦੀ ਸਤ੍ਹਾ ’ਤੇ ਐੱਚ. ਯੂ. ਆਈ. ਡੀ. ਹਾਲਮਾਰਕਿੰਗ ਹਵਾ ਦੇ ਸੰਪਰਕ ’ਚ ਆਉਣ ’ਤੇ ਜਾਂ ਤਾਂ ਖ਼ਰਾਬ ਹੋਣ ਦਾ ਡਰ ਹੈ ਜਾਂ ਇਸ ਦੇ ਮਿਟ ਜਾਣ ਦੀ ਸੰਭਾਵਨਾ ਬਣ ਜਾਂਦੀ ਹੈ। ਚਾਂਦੀ ਦੀ ਸਤ੍ਹਾ ’ਤੇ ਉੱਭਰਿਆ ਹੋਇਆ ਐੱਚ. ਯੂ. ਆਈ. ਡੀ. ਹਵਾ ਨਾਲ ਕੈਮੀਕਲ ਰਿਐਕਸ਼ਨ ਕਰ ਕੇ ਗਾਇਬ ਹੋ ਜਾਣ ਦੀ ਦਿੱਕਤ ਵੇਖੀ ਜਾ ਰਹੀ ਹੈ।

ਸਿਲਵਰ ਹਾਲਮਾਰਕਿੰਗ ਨਾਲ ਕੀ ਹੋਵੇਗੀ ਆਸਾਨੀ
ਜਿਸ ਤਰ੍ਹਾਂ ਸੋਨੇ ਦੀ ਹਾਲਮਾਰਕਿੰਗ ਨਾਲ ਇਸ ਦੀ ਸ਼ੁੱਧਤਾ ਦੀ ਗਾਰੰਟੀ ਮਿਲ ਰਹੀ ਹੈ, ਉਸੇ ਤਰ੍ਹਾਂ ਚਾਂਦੀ ਦੀ ਹਾਲਮਾਰਕਿੰਗ ਰਾਹੀਂ ਵੀ ਗਾਹਕਾਂ ਨੂੰ ਸ਼ੁੱਧ ਚਾਂਦੀ ਦਿਵਾਉਣ  ਵੱਲ ਇਹ ਵਧੀਆ ਕੋਸ਼ਿਸ਼ ਹੋ ਸਕਦਾ ਹੈ। ਸੋਨੇ ਦੀ ਹਾਲਮਾਰਕਿੰਗ ਲਈ ਵਰਤਿਆ ਜਾਣ ਵਾਲਾ ਐੱਚ. ਯੂ. ਆਈ. ਡੀ. ਇਕ ਸਟੈਂਡਰਡ ਹੈ, ਜਿਸ ’ਚ 6 ਅੰਕਾਂ ਦਾ ਐਲਫਾਨਿਊਮੈਰਿਕ ਕੋਡ ਦੇਖਣ ਨੂੰ ਮਿਲਦਾ ਹੈ। ਇਸੇ ਤਰ੍ਹਾਂ ਇਸ ’ਚ ਬੀ. ਆਈ. ਐੱਸ. ਲੋਗੋ ਅਤੇ ਸ਼ੁੱਧਤਾ ਗ੍ਰੇਡ ਵੀ ਦੇਖਣ ਨੂੰ ਮਿਲਦਾ ਹੈ, ਜੋ ਕਿ ਸੋਨੇ ਦੀ ਸ਼ੁੱਧਤਾ ਦਾ ਸਟੈਂਡਰਡ ਹੈ। 


author

Inder Prajapati

Content Editor

Related News