ਵਾਹਨ ਖ਼ਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਝਟਕਾ, ਵਧ ਸਕਦੀਆਂ ਹਨ ਕੀਮਤਾਂ
Monday, Dec 06, 2021 - 11:12 AM (IST)
ਨਵੀਂ ਦਿੱਲੀ (ਭਾਸ਼ਾ) - ਉਤਪਾਦਨ ਲਾਗਤ ’ਚ ਵਾਧੇ ਦੇ ਦਰਮਿਆਨ ਟਾਟਾ ਮੋਟਰਸ, ਹੌਂਡਾ ਅਤੇ ਰੇਨੋ ਵਰਗੀਆਂ ਵਾਹਨ ਕੰਪਨੀਆਂ ਨਵੇਂ ਸਾਲ ਯਾਨੀ ਜਨਵਰੀ ਤੋਂ ਆਪਣੇ ਵਾਹਨਾਂ ਦੇ ਮੁੱਲ ਵਧਾਉਣ ’ਤੇ ਵਿਚਾਰ ਕਰ ਰਹੀਆਂ ਹਨ। ਬਾਜ਼ਾਰ ਦੀ ਮੋਹਰੀ ਕੰਪਨੀ ਮਾਰੂਤੀ ਸੁਜ਼ੂਕੀ ਅਤੇ ਲਗਜ਼ਰੀ ਕਾਰ ਕੰਪਨੀ ਆਡੀ ਤੇ ਮਰਸਿਡੀਜ਼-ਬੈਂਜ਼ ਅਗਲੇ ਮਹੀਨੇ ਤੋਂ ਆਪਣੇ ਵਾਹਨਾਂ ਦੀਆਂ ਕੀਮਤਾਂ ’ਚ ਵਾਦੇ ਦਾ ਐਲਾਨ ਪਹਿਲਾਂ ਹੀ ਕਰ ਚੁੱਕੀਆਂ ਹਨ। ਮਾਰੂਤੀ ਨੇ ਕਿਹਾ ਹੈ ਕਿ ਜਨਵਰੀ 2022 ਤੋਂ ਉਸ ਦੇ ਵਾਹਨਾਂ ਦੇ ਮੁੱਲ ਵਧਣਗੇ। ਵੱਖ-ਵੱਖ ਮਾਡਲਾਂ ਦੀਆਂ ਕੀਮਤਾਂ ’ਚ ਵਾਧਾ ਵੱਖ-ਵੱਖ ਹੋਵੇਗਾ।
ਇਹ ਵੀ ਪੜ੍ਹੋ : ਪੈਪਸੀਕੋ ਇੰਡੀਆ ਨੂੰ ਝਟਕਾ, ਆਲੂਆਂ ਦੀ ਇਕ ਕਿਸਮ ਉਗਾਉਣ ਨੂੰ ਲੈ ਕੇ ਕਿਸਾਨਾਂ ਦੇ ਹੱਕ 'ਚ ਆਇਆ ਫ਼ੈਸਲਾ
ਉਥੇ ਹੀ ਮਰਸਿਡੀਜ਼-ਬੈਂਜ਼ ਨੇ ਕਿਹਾ ਹੈ ਕਿ ਉਸ ਦੇ ਚੋਣਵੇਂ ਮਾਡਲਾਂ ਦੇ ਮੁੱਲ 2 ਫ਼ੀਸਦੀ ਤੱਕ ਵਧ ਜਾਣਗੇ। ਦੂਜੇ ਪਾਸੇ ਆਡੀ ਨੇ 1 ਜਨਵਰੀ, 2022 ਤੋਂ ਆਪਣੀ ਸਮੁੱਚੀ ਮਾਡਲ ਲੜੀ ਦੀਆਂ ਕੀਮਤਾਂ ’ਚ 3 ਫ਼ੀਸਦੀ ਤੱਕ ਦੇ ਵਾਧੇ ਦਾ ਐਲਾਨ ਕੀਤਾ ਹੈ। ਕੀਮਤ ਵਾਧੇ ਬਾਰੇ ਸੰਪਰਕ ਕਰਨ ’ਤੇ ਟਾਟਾ ਮੋਟਰਸ ਦੇ ਪ੍ਰਧਾਨ (ਯਾਤਰੀ ਵਾਹਨ ਕਾਰੋਬਾਰ) ਸ਼ੈਲੇਸ਼ ਚੰਦਰਾ ਨੇ ਕਿਹਾ, ‘‘ਜਿਣਸਾਂ ਦੇ ਮੁੱਲ, ਕੱਚੇ ਮਾਲ ਅਤੇ ਹੋਰ ਲਾਗਤਾਂ ’ਚ ਲਗਾਤਾਰ ਵਾਧਾ ਜਾਰੀ ਹੈ। ਲਾਗਤ ’ਚ ਇਸ ਵਾਧੇ ਦੇ ਪ੍ਰਭਾਵ ਨੂੰ ਅੰਸ਼ਿਕ ਰੂਪ ਨਾਲ ਘੱਟ ਕਰਨ ਲਈ ਨੇੜ ਭਵਿੱਖ ’ਚ ਕੀਮਤਾਂ ’ਚ ਉਚਿਤ ਵਾਧੇ ਤੋਂ ਬਚਿਆ ਨਹੀਂ ਜਾ ਸਕਦਾ। ਟਾਟਾ ਮੋਟਰਸ ਘਰੇਲੂ ਬਾਜ਼ਾਰ ’ਚ ਪੰਜ, ਨੈਕਸਾਨ ਅਤੇ ਹੈਰਿਅਰ ਵਰਗੇ ਵਾਹਨਾਂ ਦੀ ਵਿਕਰੀ ਕਰਦੀ ਹੈ। ਇਸ ’ਚ ਹੌਂਡਾ ਕਾਰਸ ਇੰਡੀਆ ਨੇ ਵੀ ਕਿਹਾ ਹੈ ਕਿ ਉਹ ਨੇੜ ਭਵਿੱਖ ’ਚ ਕੀਮਤਾਂ ’ਚ ਵਾਧੇ ’ਤੇ ਵਿਚਾਰ ਕਰ ਰਹੀ ਹੈ।
ਇਹ ਵੀ ਪੜ੍ਹੋ : ਇੱਕ ਝਟਕੇ 'ਚ ਘਟੀ ਟਾਪ ਅਰਬਪਤੀਆਂ ਦੀ ਦੌਲਤ , ਏਲਨ ਮਸਕ ਨੂੰ 15 ਅਰਬ ਡਾਲਰ ਦਾ ਘਾਟਾ
ਜਿਣਸਾਂ ਦੀਆਂ ਕੀਮਤਾਂ ’ਚ ਵਾਧੇ ਕਾਰਨ ਲਾਗਤ ’ਤੇ ਪੈ ਰਿਹੈ ਪ੍ਰਭਾਵ
ਕੰਪਨੀ ਦੇ ਇਕ ਬੁਲਾਰੇ ਨੇ ਕਿਹਾ, ‘‘ਜਿਣਸਾਂ ਦੀਆਂ ਕੀਮਤਾਂ ’ਚ ਵਾਧੇ ਦੇ ਕਾਰਨ ਉਤਪਾਦਨ ਲਾਗਤ ’ਤੇ ਗੰਭੀਰ ਪ੍ਰਭਾਵ ਪਿਆ ਹੈ। ਅਸੀਂ ਅਜੇ ਇਸ ਗੱਲ ਦਾ ਅਧਿਐਨ ਕਰ ਰਹੇ ਹਾਂ ਕਿ ਇਸ ’ਚੋਂ ਕਿੰਨੇ ਭਾਰ ਨੂੰ ਖੁਦ ਸਹਿਣ ਕੀਤਾ ਜਾ ਸਕਦਾ ਹੈ। ਸਿਟੀ ਅਤੇ ਅਮੇਜ਼ ਵਰਗੇ ਬਰਾਂਡ ਵੇਚਣ ਵਾਲੀ ਕੰਪਨੀ ਨੇ ਇਸ ਸਾਲ ਅਗਸਤ ’ਚ ਵੀ ਆਪਣੇ ਵਾਹਨਾਂ ਦੀਆਂ ਕੀਮਤਾਂ ’ਚ ਵਾਧਾ ਕੀਤਾ ਸੀ। ਉਥੇ ਹੀ ਰੇਨੋ ਨੇ ਵੀ ਕਿਹਾ ਹੈ ਕਿ ਉਹ ਜਨਵਰੀ ਤੋਂ ਆਪਣੀ ਵਾਹਨ ਲੜੀ ’ਚ ‘ਲੋੜੀਂਦੇ’ ਮੁੱਲ ਵਾਧੇ ’ਤੇ ਵਿਚਾਰ ਕਰ ਰਹੀ ਹੈ। ਫਰਾਂਸੀਸੀ ਕੰਪਨੀ ਭਾਰਤੀ ਬਾਜ਼ਾਰ ’ਚ ਕਵਿਡ, ਟ੍ਰਾਇਬਰ ਅਤੇ ਕਾਇਗਰ ਵਰਗੇ ਮਾਡਲ ਵੇਚਦੀ ਹੈ। ਪਿਛਲੇ ਇਕ ਸਾਲ ’ਚ ਇਸਪਾਤ, ਐਲੂਮੀਨੀਅਮ, ਤਾਂਬਾ, ਪਲਾਸਟਿਕ ਅਤੇ ਕੀਮਤੀ ਧਾਤਾਂ ਵਰਗੀਆਂ ਜ਼ਰੂਰੀ ਜਿਣਸਾਂ ਦੀਆਂ ਕੀਮਤਾਂ ’ਚ ਭਾਰੀ ਵਾਧੇ ਕਾਰਨ ਵਾਹਨ ਕੰਪਨੀਆਂ ਨੂੰ ਮੁੱਲ ਵਧਾਉਣ ਵਰਗੇ ਕਦਮ ਚੁੱਕਣੇ ਪੈ ਰਹੇ ਹਨ। ਇਸ ਤੋਂ ਇਲਾਵਾ ਹਾਲ ਦੇ ਮਹੀਨਿਆਂ ’ਚ ਟ੍ਰਾਂਸਪੋਰਟ ਦੀ ਲਾਗਤ ਵੀ ਵਧੀ ਹੈ ਜਿਸ ਨਾਲ ਵਾਹਨ ਕੰਪਨੀਆਂ ਪ੍ਰਭਾਵਿਤ ਹੋਈਆਂ ਹਨ।
ਇਹ ਵੀ ਪੜ੍ਹੋ : ‘ਯੂਨੀਕਾਰਨ ਦੀ ਰੇਸ ’ਚ ਚੀਨ ਤੋਂ ਅੱਗੇ ਨਿਕਲਿਆ ਭਾਰਤ’
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।