ਸੈਂਸੈਕਸ 270 ਅੰਕ ਚੜ੍ਹ ਕੇ 48,950 'ਤੇ, ਨਿਫਟੀ 100 ਅੰਕ ਦੀ ਤੇਜ਼ੀ 'ਚ ਬੰਦ

05/06/2021 4:41:08 PM

ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਵੀਰਵਾਰ ਨੂੰ ਭਾਰਤੀ ਬਾਜ਼ਾਰ ਲਗਾਤਾਰ ਦੂਜੇ ਦਿਨ ਤੇਜ਼ੀ ਵਿਚ ਬੰਦ ਹੋਏ ਹਨ। ਹਾਲਾਂਕਿ, ਸਟਾਕਸ ਵਿਚ ਖ਼ਰੀਦਦਾਰੀ ਸੀਮਤ ਰਹੀ। ਮੈਟਲ ਸਟਾਕਸ ਵਿਚ ਤੇਜ਼ੀ ਨਾਲ ਬਾਜ਼ਾਰ ਨੂੰ ਬੜ੍ਹਤ ਮਿਲੀ। ਬੀ. ਐੱਸ. ਈ. ਸੈਂਸੈਕਸ 272.21 ਅੰਕ ਯਾਨੀ 0.56 ਫ਼ੀਸਦੀ ਚੜ੍ਹ ਕੇ 48,949.76 ਦੇ ਪੱਧਰ 'ਤੇ, ਜਦੋਂ ਕਿ ਐੱਨ. ਐੱਸ. ਈ. ਦਾ ਨਿਫਟੀ 106.95 ਅੰਕ ਯਾਨੀ 0.73 ਫ਼ੀਸਦੀ ਦੀ ਮਜਬੂਤੀ ਨਾਲ 14,724.80 ਦੇ ਪੱਧਰ 'ਤੇ ਬੰਦ ਹੋਇਆ ਹੈ। ਆਈ. ਟੀ., ਟੈੱਕ ਤੇ ਆਟੋ ਕੰਪਨੀਆਂ ਵਿਚ ਤੇਜ਼ੀ ਰਹੀ।

ਸੈਂਸੈਕਸ ਕੰਪਨੀਆਂ ਵਿਚ ਬਜਾਜ ਆਟੋ ਵਿਚ 2.61 ਫ਼ੀਸਦੀ, ਐੱਚ. ਡੀ. ਐੱਫ. ਸੀ. ਵਿਚ 2.20 ਫ਼ੀਸਦੀ ਅਤੇ ਟੈੱਕ ਮਹਿੰਦਰਾ ਵਿਚ 1.67 ਫ਼ੀਸਦੀ ਦੀ ਤੇਜ਼ੀ ਆਈ। ਉੱਥੇ ਹੀ, 3 ਫ਼ੀਸਦੀ ਦੀ ਬੜ੍ਹਤ ਨਾਲ ਟਾਟਾ ਸਟੀਲ ਟਾਪ ਗੇਨਰ ਰਿਹਾ। ਇਸ ਦੇ ਨਾਲ ਇੰਫੋਸਿਸ, ਨੈਸਲੇ ਇੰਡੀਆ, ਮਾਰੂਤੀ ਸੁਜ਼ੂਕੀ, ਟਾਈਟਨ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦੇ ਸ਼ੇਅਰ ਵੀ ਇਕ ਤੋਂ ਡੇਢ ਫ਼ੀਸਦੀ ਦੀ ਮਜਬੂਤੀ ਨਾਲ ਬੰਦ ਹੋਏ। ਪਾਵਗ੍ਰਿਡ ਵਿਚ ਸਭ ਤੋਂ ਵੱਧ 1.24 ਫ਼ੀਸਦੀ ਗਿਰਾਵਟ ਰਹੀ।

ਛੋਟੀ ਅਤੇ ਦਰਮਿਆਨੀ ਕੰਪਨੀਆਂ ਵਿਚ ਨਿਵੇਸ਼ਕਾਂ ਨੇ ਜ਼ਿਆਦਾ ਦਿਲਚਸਪੀ ਦਿਖਾਈ। ਬੀ. ਐੱਸ. ਈ. ਮਿਡਕੈਪ 0.91 ਫ਼ੀਸਦੀ ਚੜ੍ਹ ਕੇ 20,616.90 'ਤੇ ਅਤੇ ਸਮਾਲਕੈਪ 0.59 ਫ਼ੀਸਦੀ ਦੀ ਮਜਬੂਤੀ ਨਾਲ 22,183.93 'ਤੇ ਪਹੁੰਚ ਗਿਆ। ਗਲੋਬਲ ਪੱਧਰ 'ਤੇ ਮਿਲਿਆ-ਜੁਲਿਆ ਰੁਖ਼ ਰਿਹਾ। ਏਸ਼ੀਆਈ ਵਿਚ ਜਿੱਥੇ ਜਾਪਾਨ ਦਾ ਨਿੱਕੇਈ 1.8 ਫ਼ੀਸਦੀ, ਦੱਖਣੀ ਕੋਰੀਆ ਦਾ ਕੋਸਪੀ 1 ਫ਼ੀਸਦੀ ਅਤੇ ਹਾਂਗਕਾਂਗ ਦਾ ਹੈਂਗਸੇਂਗ 0.77 ਫ਼ੀਸਦੀ ਚੜ੍ਹੇ, ਉੱਥੇ ਹੀ ਚੀਨ ਦਾ ਸ਼ੰਘਾਈ ਕੰਪੋਜ਼ਿਟ 0.16 ਫ਼ੀਸਦੀ ਟੁੱਟਾ। ਯੂਰਪ ਵਿਚ ਸ਼ੁਰੂਆਤੀ ਕਾਰੋਬਾਰ ਵਿਚ ਬ੍ਰਿਟੇਨ ਦਾ ਐੱਫ. ਟੀ. ਐੱਸ. ਈ. 0.1 ਫ਼ੀਸਦੀ ਅਤੇ ਜਰਮਨੀ ਦਾ ਡੈਕਸ 0.08 ਫ਼ੀਸਦੀ ਮਜਬੂਤ ਵਿਚ ਸੀ।

Sanjeev

This news is Content Editor Sanjeev