ਸੈਂਸੈਕਸ 1,100 ਅੰਕ ਲੁੜਕ ਕੇ 48,000 ਤੋਂ ਥੱਲ੍ਹੇ, ਨਿਫਟੀ 360 ਅੰਕ ਡਿੱਗਾ

04/19/2021 9:17:12 AM

ਮੁੰਬਈ- ਗਲੋਬਲ ਬਾਜ਼ਾਰਾਂ ਵਿਚ ਮਿਲੇ-ਜੁਲੇ ਰੁਝਾਨਾਂ ਅਤੇ ਦੇਸ਼ ਵਿਚ ਕੋਰੋਨਾ ਦੇ ਰਿਕਾਰਡ ਤੋੜ ਮਾਮਲਿਆਂ ਵਿਚਕਾਰ ਸੋਮਵਾਰ ਨੂੰ ਭਾਰਤੀ ਬਾਜ਼ਾਰ ਲਾਲ ਨਿਸ਼ਾਨ 'ਤੇ ਸ਼ੁਰੂ ਹੋਏ ਹਨ। ਬੀ. ਐੱਸ. ਈ. ਦਾ ਸੈਂਸੈਕਸ 1,146.81 ਅੰਕ ਯਾਨੀ 2.35 ਫ਼ੀਸਦੀ ਦੀ ਵੱਡੀ ਗਿਰਾਵਟ ਨਾਲ 47,685.22 ਦੇ ਪੱਧਰ 'ਤੇ ਖੁੱਲ੍ਹਾ ਹੈ, ਜਦੋਂ ਕਿ ਐੱਨ. ਐੱਸ. ਈ. ਨਿਫਟੀ ਨੇ 358.30 ਅੰਕ ਯਾਨੀ 2.45 ਫ਼ੀਸਦੀ ਦੀ ਗਿਰਾਵਟ ਨਾਲ 14,259.55 ਦੇ ਪੱਧਰ 'ਤੇ ਸ਼ੁਰੂਆਤ ਕੀਤੀ ਹੈ।

ਕੋਵਿਡ-19 ਮਾਮਲੇ ਦੁਬਾਰਾ ਤੇਜ਼ੀ ਨਾਲ ਵਧਣ ਵਿਚਕਾਰ ਪ੍ਰਮੁੱਖ ਬ੍ਰੋਕਰੇਜ ਕੰਪਨੀਆਂ ਨੇ ਭਾਰਤ ਦੀ ਜੀ. ਡੀ. ਪੀ. ਵਿਕਾਸ ਦਰ ਦੇ ਅਨੁਮਾਨ ਨੂੰ ਘਟਾ ਕੇ ਹੁਣ 10 ਫ਼ੀਸਦੀ ਤੱਕ ਕਰ ਦਿੱਤਾ ਹੈ। ਇਸ ਦਾ ਕਾਰਨ ਸਥਾਨਕ ਪੱਧਰ 'ਤੇ ਲਾਈ ਜਾ ਰਹੀ ਤਾਲਾਬੰਦੀ ਕਾਰਨ ਆਰਥਿਕਤਾ ਨੂੰ ਨੁਕਸਾਨ ਹੋਣ ਦਾ ਵੱਧ ਰਿਹਾ ਜੋਖਮ ਹੈ।

ਕਾਰੋਬਾਰ ਦੇ ਸ਼ੁਰੂ ਵਿਚ ਬੀ. ਐੱਸ. ਈ. ਸੈਂਸੈਕਸ ਦੇ 30 ਪ੍ਰਮੁੱਖ ਸ਼ੇਅਰ ਲਾਲ ਨਿਸ਼ਾਨ 'ਤੇ ਸਨ। ਮਿਡਕੈਪ ਵਿਚ ਵੀ ਇਹੀ ਹਾਲ ਸੀ। ਸਮਾਲਕੈਪ ਵਿਚ ਮਾਈਂਡਟ੍ਰੀ ਸਣੇ ਕੁਝ ਸ਼ੇਅਰਾਂ ਵਿਚ ਤੇਜ਼ੀ ਸੀ।

ਅੱਜ ਇਨ੍ਹਾਂ ਕੰਪਨੀਆਂ ਦੇ ਨਤੀਜੇ-
ਏ. ਸੀ. ਸੀ., ਆਈ. ਸੀ. ਆਈ. ਸੀ. ਆਈ. ਪਰੂਡੈਂਸ਼ੀਅਲ ਲਾਈਫ ਇੰਸ਼ੋਰੈਂਸ, ਬਜਾਜ ਕੰਜ਼ਿਊਮਰ ਕੇਅਰ, ਕ੍ਰਿਸਿਲ, ਐਜੀਓ ਪੇਪਰ ਐਂਡ ਇੰਡਸਟਰੀਜ਼, ਪ੍ਰਤੀਕ ਪੈਨਲਸ, ਰਿਸਪਾਂਸ ਇੰਫ੍ਰਮੈਟਿਕਸ ਤੇ ਸ਼੍ਰੀ ਚੱਕਰਾ ਅੱਜ ਆਪਣੇ ਤਿਮਾਹੀ ਨਤੀਜਿਆਂ ਦਾ ਐਲਾਨ ਕਰਨਗੀਆਂ। ਹਫ਼ਤੇ ਦੌਰਾਨ ਨੈਸਲੇ ਇੰਡੀਆ, ਰੈਲਿਸ ਇੰਡੀਆ ਤੇ ਟਾਟਾ ਅਲੈਕਸੀ ਦੇ ਵੀ ਨਤੀਜੇ ਆਉਣੇ ਹਨ। ਬਾਜ਼ਾਰ ਦੀ ਨਜ਼ਰ ਐੱਚ. ਸੀ. ਐੱਲ. ਟੈੱਕ ਤੇ ਮਹਿੰਦਰਾ ਫਾਈਨੈਂਸ ਦੇ ਤਿਮਾਹੀ ਨਤੀਜਿਆਂ 'ਤੇ ਵੀ ਰਹੇਗੀ।

ਗਲੋਬਲ ਬਾਜ਼ਾਰ-
ਏਸ਼ੀਆਈ ਬਾਜ਼ਾਰ ਦੇਖੀਏ ਤਾਂ ਸ਼ੁਰੂ ਵਿਚ ਇਹ ਗਿਰਾਵਟ ਵਿਚ ਸਨ ਜਦੋਂ ਕਿ ਬਾਅਦ ਵਿਚ ਹਰੇ ਨਿਸ਼ਾਨ 'ਤੇ ਆ ਗਏ। ਚੀਨ ਦੇ ਬਾਜ਼ਾਰ ਸ਼ੰਘਾਈ ਕੰਪੋਜ਼ਿਟ ਵਿਚ 1.3 ਫ਼ੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ ਅਤੇ ਇਹ 3,470 'ਤੇ ਸੀ। ਹਾਂਗਕਾਂਗ ਦਾ ਹੈਂਗ ਸੇਂਗ 294 ਅੰਕ ਯਾਨੀ 1.02 ਫ਼ੀਸਦੀ ਦੀ ਮਜਬੂਤੀ ਨਾਲ 29,264 ਦੇ ਪੱਧਰ 'ਤੇ ਚੱਲ ਰਿਹਾ ਸੀ। ਜਾਪਾਨ ਦਾ ਨਿੱਕੇਈ 64 ਅੰਕ ਯਾਨੀ 0.22 ਫ਼ੀਸਦੀ ਦੀ ਤੇਜ਼ੀ ਨਾਲ 29,748 'ਤੇ ਸੀ। ਸਿੰਗਾਪੁਰ ਐਕਸਚੇਂਜ 'ਤੇ ਐੱਸ. ਜੀ. ਐਕਸ. ਨਿਫਟੀ 213 ਅੰਕ ਯਾਨੀ 1.46 ਫ਼ੀਸਦੀ ਦੀ ਕਮਜ਼ੋਰੀ ਨਾਲ 14,411 'ਤੇ ਸੀ। ਕੋਰੀਆ ਦੇ ਕੋਸਪੀ ਵਿਚ 10 ਅੰਕ ਯਾਨੀ 0.3 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ।

Sanjeev

This news is Content Editor Sanjeev