ਸੈਂਸੈਕਸ ਨਵੇਂ ਰਿਕਾਰਡ 'ਤੇ ਬੰਦ, ਨਿਵੇਸ਼ਕਾਂ ਨੂੰ 2.48 ਲੱਖ ਕਰੋੜ ਰੁ: ਦਾ ਫਾਇਦਾ

01/08/2021 5:03:46 PM

ਨਵੀਂ ਦਿੱਲੀ- ਸ਼ੁੱਕਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਰਿਕਾਰਡ ਉੱਚ ਪੱਧਰ 'ਤੇ ਬੰਦ ਹੋਏ। ਆਟੋ, ਆਈ. ਟੀ. ਫਰਮਾਂ ਵਿਚ ਤੇਜ਼ੀ ਨਾਲ ਚੌਤਰਫ਼ਾ ਖ਼ਰੀਦਦਾਰੀ ਨਾਲ ਬਾਜ਼ਾਰ ਨੂੰ ਮਜਬੂਤੀ ਮਿਲੀ। ਗਲੋਬਲ ਸੰਕੇਤਾਂ ਦਾ ਵੀ ਚੰਗਾ ਅਸਰ ਰਿਹਾ। ਸੈਂਸੈਕਸ 689.19 ਅੰਕ ਯਾਨੀ 1.43 ਫ਼ੀਸਦੀ ਦੀ ਬੜ੍ਹਤ ਨਾਲ 48,782.51 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ, ਨਿਫਟੀ 209.90 ਅੰਕ ਯਾਨੀ 1.48 ਫ਼ੀਸਦੀ ਦੀ ਮਜਬੂਤੀ ਨਾਲ 14,347.25' ਤੇ ਬੰਦ ਹੋਇਆ ਹੈ। ਇਹ ਦੋਹਾਂ ਸੂਚਕਾਂ ਦਾ ਇਤਿਹਾਸਕ ਉੱਚ ਪੱਧਰ ਹੈ।

ਬੀ. ਐੱਸ. ਈ. ਸੂਚੀਬੱਧ ਫਰਮਾਂ ਦਾ ਕੁੱਲ ਮਾਰਕੀਟ ਕੈਪ 195.66 ਲੱਖ ਕਰੋੜ ਤੱਕ ਪਹੁੰਚਣ ਨਾਲ ਨਿਵੇਸ਼ਕਾਂ ਨੂੰ 2.48 ਲੱਖ ਕਰੋੜ ਰੁਪਏ ਦਾ ਫਾਇਦਾ ਹੋਇਆ।

ਸੈਂਸੈਕਸ ਵਿਚ 6 ਫ਼ੀਸਦੀ ਦੀ ਤੇਜ਼ੀ ਨਾਲ ਮਾਰੂਤੀ ਸੁਜ਼ੂਕੀ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਸਟਾਕ ਰਿਹਾ। ਇਸ ਤੋਂ ਇਲਾਵਾ ਟੈੱਕ ਮਹਿੰਦਰਾ, ਇੰਫੋਸਿਸ, ਪਾਵਰ ਗਰਿੱਡ ਅਤੇ ਅਲਟ੍ਰਾਟੈੱਕ ਸੀਮੈਂਟ ਵਿਚ ਵੀ ਤੇਜ਼ੀ ਰਹੀ। ਦੂਜੇ ਪਾਸੇ ਇੰਡਸਇੰਡ ਬੈਂਕ, ਭਾਰਤੀ ਏਅਰਟੈੱਲ ਤੇ ਐੱਸ. ਬੀ. ਆਈ. ਵਿਚ ਕਮਜ਼ੋਰੀ ਦੇਖਣ ਨੂੰ ਮਿਲੀ। ਸੈਂਸੈਕਸ ਦੇ 30 ਸ਼ੇਅਰਾਂ ਵਿਚੋਂ 25 ਹਰੇ ਨਿਸ਼ਾਨ 'ਤੇ ਬੰਦ ਹੋਏ।

ਸਰਕਾਰ ਨੇ ਕਿਹਾ ਹੈ ਕਿ ਵਿੱਤੀ ਸਾਲ 2020-21 ਵਿਚ ਜੀ. ਡੀ. ਪੀ. ਵਿਚ 7.7 ਫ਼ੀਸਦੀ ਦੀ ਗਿਰਾਵਟ ਆ ਸਕਦੀ ਹੈ, ਜੋ ਕਿ ਪਹਿਲਾਂ ਦੇ ਅਨੁਮਾਨ ਨਾਲੋਂ ਘੱਟ ਹੈ। ਇਸ ਨਾਲ ਵੀ ਨਿਵੇਸ਼ਕਾਂ ਦੀ ਅਰਥਵਿਵਸਥਾ ਨੂੰ ਲੈ ਕੇ ਧਾਰਨਾ ਮਜਬੂਤ ਹੋਈ, ਜਿਸ ਨਾਲ ਬਾਜ਼ਾਰ ਨੂੰ ਤੇਜ਼ੀ ਮਿਲੀ। ਉੱਥੇ ਹੀ, ਟਰੰਪ ਵੱਲੋਂ ਬਾਈਡੇਨ ਨੂੰ ਆਰਾਮ ਨਾਲ ਸੱਤਾ ਸੌਂਪਣ ਦੇ ਬਿਆਨ ਨਾਲ ਗਲੋਬਲ ਬਾਜ਼ਾਰਾਂ ਵਿਚ ਰੌਣਕ ਰਹੀ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਮੰਨਿਆ ਕਿ ਬਾਈਡੇਨ ਅਗਲੇ ਅਮਰੀਕੀ ਰਾਸ਼ਟਰਪਤੀ ਹੋਣਗੇ।
 

Sanjeev

This news is Content Editor Sanjeev