ਸੈਂਸੈਕਸ 34,800 ਦੇ ਪਾਰ, ਨਿਫਟੀ 10,616 'ਤੇ ਖੁੱਲ੍ਹਾ

05/21/2018 9:24:13 AM

ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਹਲਕੀ ਮਜ਼ਬੂਤੀ ਨਾਲ ਹੋਈ ਹੈ। ਸੋਮਵਾਰ ਦੇ ਕਾਰੋਬਾਰੀ ਸਤਰ 'ਚ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 39.81 ਅੰਕ ਦੀ ਤੇਜ਼ੀ ਨਾਲ 34,888.11 'ਤੇ ਖੁੱਲ੍ਹਿਆ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਮਾਮੂਲੀ 20 ਅੰਕ ਮਜ਼ਬੂਤ ਹੋ ਕੇ 10,616 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੌਰਾਨ ਬੀ. ਐੱਸ. ਈ. ਮਿਡ ਕੈਪ 43 ਅੰਕ ਕਮਜ਼ੋਰ ਅਤੇ ਬੈਂਕ ਨਿਫਟੀ 50 ਅੰਕ ਮਜ਼ਬੂਤ ਦੇਖਣ ਨੂੰ ਮਿਲਿਆ। ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ-ਨਿਫਟੀ ਦੋਹਾਂ 'ਤੇ ਐੱਸ. ਬੀ. ਆਈ., ਆਈ. ਸੀ. ਆਈ. ਸੀ. ਆਈ. ਬੈਂਕ, ਟਾਟਾ ਸਟੀਲ ਦੇ ਸਟਾਕ 'ਚ ਤੇਜ਼ੀ ਦੇਖਣ ਨੂੰ ਮਿਲੀ। ਇਸ ਦੇ ਇਲਾਵਾ ਸੈਂਸੈਕਸ 'ਚ ਓ. ਐੱਨ. ਜੀ. ਸੀ. ਅਤੇ ਟੀ. ਸੀ. ਐੱਸ. 'ਚ ਤੇਜ਼ੀ ਦੇਖਣ ਨੂੰ ਮਿਲੀ। ਨਿਫਟੀ 'ਚ ਅਲਟ੍ਰਾਟੈੱਕ ਸੀਮੈਂਟ ਅਤੇ ਐੱਚ. ਪੀ. ਸੀ. ਐੱਲ. ਦੇ ਸਟਾਕ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ। 

ਇਸ ਹਫਤੇ ਬਾਜ਼ਾਰ ਦੀ ਚਾਲ ਕੌਮਾਂਤਰੀ ਰੁਖ, ਕੱਚੇ ਤੇਲ ਦੀਆਂ ਕੀਮਤਾਂ, ਭਾਰਤੀ ਕਰੰਸੀ ਦੀ ਚਾਲ ਅਤੇ ਕੰਪਨੀਆਂ ਦੇ ਵਿੱਤੀ ਨਤੀਜਿਆਂ ਨਾਲ ਤੈਅ ਹੋਵੇਗੀ। 22 ਮਈ ਨੂੰ ਡਾ. ਰੈਡੀਜ਼, ਸਿਪਲਾ, ਬਾਟਾ ਇੰਡੀਆ, ਭਾਰਤੀ ਸਟੇਟ ਬੈਂਕ, ਆਂਧਰਾ ਬੈਂਕ ਅਤੇ ਆਈ. ਓ. ਸੀ. ਦੇ ਨਤੀਜੇ ਜਾਰੀ ਹੋਣਗੇ। ਉੱਥੇ ਹੀ, 23 ਮਈ ਨੂੰ ਟਾਟਾ ਮੋਟਰਜ਼ ਅਤੇ ਜੈੱਟ ਏਅਰਵੇਜ਼, 24 ਮਈ ਨੂੰ ਗੇਲ ਅਤੇ ਗਲੈਕਸੋ ਸਮਿਥ ਕਲਾਈਨ, ਫਿਰ 25 ਨੂੰ ਸਨ ਫਾਰਮਾ, ਟੈੱਕ ਮਹਿੰਦਰਾ, ਕੈਡਿਲਾ ਹੈਲਥਕੇਅਰ, ਐੱਨ. ਬੀ. ਸੀ. ਸੀ., ਬੈਂਕ ਆਫ ਬੜੌਦਾ ਅਤੇ ਬੀ. ਈ. ਐੱਮ. ਐੱਲ. ਦੇ ਵਿੱਤੀ ਨਤੀਜੇ ਜਾਰੀ ਹੋਣ ਹਨ। ਮਾਹਰਾਂ ਮੁਤਾਬਕ, ਬੀਤੇ ਹਫਤੇ ਸ਼ਨੀਵਾਰ ਨੂੰ ਕਰਨਾਟਕ 'ਚ ਹੋਏ ਰਾਜਨੀਤਕ ਡਰਾਮੇ ਦਾ ਅਸਰ ਵੀ ਸ਼ੇਅਰ ਬਾਜ਼ਾਰ 'ਤੇ ਦਿਸੇਗਾ। ਸ਼ਨੀਵਾਰ ਨੂੰ ਭਾਜਪਾ ਦੇ ਬੀ. ਐੱਸ. ਯੇਦੀਰੱਪਾ ਨੂੰ ਹਾਈ ਵੋਲਟਜ਼ ਡਰਾਮੇ ਵਿਚਕਾਰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਨਿਵੇਸ਼ਕਾਂ ਨੇ ਇਸ ਘਟਨਾ ਦੇ ਬਾਅਦ ਇਹ ਅੰਦਾਜ਼ੇ ਲਾਉਣੇ ਸ਼ੁਰੂ ਕਰ ਦਿੱਤੇ ਹਨ ਕੀ 2019 'ਚ ਹੋਣ ਵਾਲੀਆਂ ਚੋਣਾਂ 'ਚ ਭਾਜਪਾ ਦੁਬਾਰਾ ਸੱਤਾ 'ਚ ਆਵੇਗੀ।