ਸ਼ੇਅਰ ਬਾਜ਼ਾਰ 'ਚ ਵੱਡਾ ਭੂਚਾਲ: ਸੈਂਸੈਕਸ 1687 ਤੇ ਨਿਫਟੀ 509 ਅੰਕ ਡਿੱਗ ਕੇ ਹੋਇਆ ਬੰਦ

11/26/2021 4:05:46 PM

ਮੁੰਬਈ - ਇਸ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਭਾਰਤੀ ਸ਼ੇਅਰ ਬਾਜ਼ਾਰ ਵੱਡੀ ਗਿਰਾਵਟ ਦੇ ਨਾਲ ਬੰਦ ਹੋਏ। BSE ਸੈਂਸੈਕਸ 1687.94 ਅੰਕ ਜਾਂ 2.87% ਡਿੱਗ ਕੇ 57,107.15 'ਤੇ ਬੰਦ ਹੋਇਆ। ਇਸੇ ਤਰ੍ਹਾਂ ਨਿਫਟੀ 509.80 ਅੰਕ ਜਾਂ 2.91 ਫੀਸਦੀ ਡਿੱਗ ਕੇ 17,026.45 'ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਸਵੇਰੇ BSE 540.3 ਅੰਕ ਦੀ ਗਿਰਾਵਟ ਨਾਲ 58,254.79 'ਤੇ ਖੁੱਲ੍ਹਿਆ। ਦਿਨ ਦੇ ਕਾਰੋਬਾਰ ਦੌਰਾਨ ਇਹ 1,801.2 ਅੰਕ ਡਿੱਗ ਗਿਆ। ਦੂਜੇ ਪਾਸੇ ਨਿਫਟੀ 197.5 ਅੰਕ ਡਿੱਗ ਕੇ 17,338.75 'ਤੇ ਖੁੱਲ੍ਹਿਆ। ਦਿਨ ਦੇ ਕਾਰੋਬਾਰ ਦੌਰਾਨ ਇਹ 550.55 ਅੰਕ ਤੱਕ ਡਿੱਗ ਗਿਆ ਸੀ।

ਗਿਰਾਵਟ ਦੇ ਕਾਰਨ

ਕੋਵਿਡ-19 ਦਾ ਨਵਾਂ ਵੇਰੀਐਂਟ

ਦੱਖਣੀ ਅਫਰੀਕਾ ਵਿੱਚ ਕੋਰੋਨਾ ਵਾਇਰਸ ਦਾ ਇੱਕ ਨਵਾਂ ਰੂਪ ਪਾਇਆ ਗਿਆ ਹੈ। ਵੇਰੀਐਂਟ ਦੇ ਸਾਹਮਣੇ ਆਉਣ ਤੋਂ ਬਾਅਦ, ਭਾਰਤ ਸਰਕਾਰ ਦੇ ਸਿਹਤ ਸਕੱਤਰ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਭਾਰਤ ਆਉਣ ਵਾਲੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਦੀ ਕੋਰੋਨਾ ਦੀ ਤੀਬਰਤਾ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਸ ਦਾ ਅਸਰ ਸਿੱਧੇ ਤੌਰ 'ਤੇ ਨਿਵੇਸ਼ਕਾਂ 'ਤੇ ਵੀ ਦਿਖਾਈ ਦੇ ਰਿਹਾ ਹੈ ਅਤੇ ਯੂਰਪ ਦੇ ਕਈ ਦੇਸ਼ਾਂ 'ਚ ਪਾਬੰਦੀਆਂ ਸਖਤ ਹੋਣ ਦੀਆਂ ਖਬਰਾਂ ਵਿਚਾਲੇ ਨਿਵੇਸ਼ਕ ਡਰੇ ਹੋਏ ਹਨ।

ਇਹ ਵੀ ਪੜ੍ਹੋ : ਯੂ.ਕੇ. ਵਿਚ ਰਹਿ ਰਹੇ 13 ਲੱਖ ਭਾਰਤੀਆਂ ਦੀ ਨਾਗਰਿਕਤਾ 'ਤੇ ਗਹਿਰਾਇਆ ਸੰਕਟ

ਵਿਦੇਸ਼ੀ ਨਿਵੇਸ਼ਕਾਂ  ਨੇ ਕੀਤੀ ਵਿਕਰੀ

ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਕੋਲ ਉਪਲਬਧ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐਫਪੀਆਈ) ਨੇ ਘਰੇਲੂ ਬਾਜ਼ਾਰ ਵਿੱਚ ਲਗਭਗ 2,300.65 ਕਰੋੜ ਰੁਪਏ ਦੀ ਵਿਕਰੀ ਕੀਤੀ ਹੈ। ਐਫਪੀਆਈ ਦੀ ਇਹ ਵਿਕਰੀ ਘਰੇਲੂ ਸੰਸਥਾਗਤ ਨਿਵੇਸ਼ਕਾਂ ਨਾਲੋਂ ਜ਼ਿਆਦਾ ਹੈ। ਭਾਰੀ ਵਿਕਰੀ ਨੇ ਨਿਵੇਸ਼ਕਾਂ ਦੀਆਂ ਭਾਵਨਾਵਾਂ 'ਤੇ ਅਸਰ ਪਾਇਆ ਹੈ ਅਤੇ ਉਨ੍ਹਾਂ ਦੇ ਉਤਸ਼ਾਹ ਨੂੰ ਘਟਾ ਦਿੱਤਾ ਹੈ। ਇਸ ਦਾ ਅਸਰ ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇ ਰੂਪ 'ਚ ਦਿਖਾਈ ਦੇ ਰਿਹਾ ਹੈ।

ਏਸ਼ੀਅਨ ਬਾਜ਼ਾਰ ਵਿਚ ਕਮਜ਼ੋਰੀ ਦੇ ਸੰਕੇਤ

ਸਾਰੇ ਏਸ਼ੀਅਨ ਬਾਜ਼ਾਰ ਵਿਚ ਵੀ ਗਿਰਾਵਟ ਦਾ ਮਾਹੌਲ ਹੈ, ਜਿਸਦਾ ਅਸਰ ਘਰੇਲੂ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। SGX ਨਿਫਟੀ, ਨਿੱਕੇਈ, ਸਟਰੇਟ ਟਾਈਮਜ਼, ਹੈਂਗ ਸੇਂਗ, ਤਾਈਵਾਨ ਵੇਟਿਡ, ਕੋਸਪੀ, ਸ਼ੰਘਾਈ ਕੰਪੋਜ਼ਿਟ ਸਾਰੇ 1 ਤੋਂ 2 ਫੀਸਦੀ ਤੱਕ ਟੁੱਟ ਗਏ। ਟੋਕੀਓ ਦਾ ਨਿਕਕਈ225 ਤਿੰਨ ਫੀਸਦੀ ਅਤੇ ਹਾਂਗਕਾਂਗ ਦਾ ਹੈਂਗ ਸੇਂਗ 2.1 ਫੀਸਦੀ ਡਿੱਗਿਆ। ਭਾਰਤ ਸਰਕਾਰ ਨੇ ਰਾਜਾਂ ਨੂੰ ਦੱਖਣੀ ਅਫਰੀਕਾ, ਬੋਤਸਵਾਨਾ ਅਤੇ ਹਾਂਗਕਾਂਗ ਤੋਂ ਆਉਣ ਵਾਲੇ ਯਾਤਰੀਆਂ ਦੀ ਸਖਤੀ ਨਾਲ ਸਕਰੀਨਿੰਗ ਅਤੇ ਟੈਸਟ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਇਸ ਕਾਰਨ ਘਰੇਲੂ ਬਾਜ਼ਾਰ 'ਚ ਵੀ ਭੂਚਾਲ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਹਿੰਦੂਜਾ ਪਰਿਵਾਰ 'ਚ ਸ਼ੁਰੂ ਹੋਈ ਜਾਇਦਾਦ ਦੀ ਜੰਗ, 18 ਅਰਬ ਡਾਲਰ ਦੇ ਸਾਮਰਾਜ ਦੀ ਹੋਵੇਗੀ ਵੰਡ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 

Harinder Kaur

This news is Content Editor Harinder Kaur