ਸੈਂਸੈਕਸ ਸ਼ੁਰੂ 'ਚ 100 ਅੰਕ ਡਿੱਗਾ, ਨਿਫਟੀ 12,000 ਤੋਂ ਥੱਲ੍ਹੇ

12/04/2019 9:17:45 AM

ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਵਿਚਕਾਰ ਬੁੱਧਵਾਰ ਦੇ ਕਾਰੋਬਾਰੀ ਸੈਸ਼ਨ 'ਚ ਭਾਰਤੀ ਬਾਜ਼ਾਰ ਗਿਰਾਵਟ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਸੈਂਸੈਕਸ ਦੀ ਸ਼ੁਰੂਆਤ 100.57 ਅੰਕ ਦੀ ਕਮਜ਼ੋਰੀ ਨਾਲ 40,574.88 ਦੇ ਪੱਧਰ 'ਤੇ ਹੋਈ ਹੈ। ਮੌਜੂਦਾ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਵਿਕਾਸ ਦਰ 4.5 ਫੀਸਦੀ ਤਕ ਖਿਸਕ ਜਾਣ ਮਗਰੋਂ ਨਿਵੇਸ਼ਕਾਂ ਦੀ ਨਜ਼ਰ ਇਸ ਗੱਲ 'ਤੇ ਹੈ ਕਿ ਰਿਜ਼ਰਵ ਬੈਂਕ ਦੀ 5 ਦਸੰਬਰ ਨੂੰ ਜਾਰੀ ਹੋਣ ਵਾਲੀ ਕਰੰਸੀ ਨੀਤੀ 'ਚ ਭਵਿੱਖ ਨੂੰ ਲੈ ਕੇ ਕੀ ਸੰਕੇਤ ਮਿਲਦੇ ਹਨ।

ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 30.20 ਅੰਕ ਦੀ ਗਿਰਾਵਟ ਨਾਲ 11,964 'ਤੇ ਖੁੱਲ੍ਹਾ ਹੈ। ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 36 ਅੰਕ ਦੀ ਹਲਕੀ ਕਮਜ਼ੋਰੀ ਤੇ ਬੈਂਕ ਨਿਫਟੀ 'ਚ 150 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ 71.80 ਦੇ ਪੱਧਰ 'ਤੇ ਖੁੱਲ੍ਹਾ ਹੈ। ਪਿਛਲੇ ਦਿਨ ਇਹ 71.67 'ਤੇ ਬੰਦ ਹੋਇਆ ਸੀ।
 

ਗਲੋਬਲ ਬਾਜ਼ਾਰ-
ਯੂ. ਐੱਸ. ਬਾਜ਼ਾਰ ਲਗਾਤਾਰ ਦੂਜੇ ਕਾਰੋਬਾਰੀ ਸੈਸ਼ਨ ਗਿਰਾਵਟ 'ਚ ਬੰਦ ਹੋਏ ਹਨ। ਡਾਓ ਜੋਂਸ 280.23 ਅੰਕ ਯਾਨੀ 1 ਫੀਸਦੀ ਡਿੱਗ ਕੇ 27,502.81 ਦੇ ਪੱਧਰ 'ਤੇ ਬੰਦ ਹੋਇਆ ਹੈ। ਯੂ. ਐੱਸ. ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਿਆਨ ਮਗਰੋਂ ਏਸ਼ੀਆਈ ਬਾਜ਼ਾਰਾਂ 'ਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਟਰੰਪ ਨੇ ਕਿਹਾ ਹੈ ਕਿ ਚੀਨ ਨਾਲ ਵਪਾਰਕ ਸੌਦੇ 'ਚ ਦੇਰੀ ਹੋ ਸਕਦੀ ਹੈ। ਸ਼ੰਘਾਈ ਕੰਪੋਜ਼ਿਟ 'ਚ 0.20 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਐੱਸ. ਜੀ. ਐਕਸ. ਨਿਫਟੀ 40 ਅੰਕ ਯਾਨੀ 1.2 ਫੀਸਦੀ ਡਿੱਗ ਕੇ 12,010 'ਤੇ ਕਾਰੋਬਾਰ ਕਰ ਰਿਹਾ ਸੀ।
ਉੱਥੇ ਹੀ, ਜਪਾਨ ਦਾ ਬਾਜ਼ਾਰ ਨਿੱਕੇਈ 285 ਅੰਕ ਯਾਨੀ 2 ਫੀਸਦੀ ਦੀ ਗਿਰਾਵਟ ਨਾਲ 23,093 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ 267 ਅੰਕ ਯਾਨੀ 1.01 ਫੀਸਦੀ ਦੀ ਕਮਜ਼ੋਰੀ ਨਾਲ 26,124 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 21.86 ਅੰਕ ਯਾਨੀ 1.05 ਫੀਸਦੀ ਦੀ ਗਿਰਾਵਟ ਨਾਲ 2,062 ਦੇ ਪੱਧਰ 'ਤੇ ਸੀ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 21 ਅੰਕ ਯਾਨੀ 0.67 ਫੀਸਦੀ ਫੀਸਦੀ ਦੀ ਗਿਰਾਵਟ ਨਾਲ 3,151 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।