ਸੈਂਸੈਕਸ 'ਚ 100 ਅੰਕ ਤੋਂ ਵੱਧ ਦਾ ਉਛਾਲ, ਨਿਫਟੀ 11,300 ਤੋਂ ਪਾਰ ਖੁੱਲ੍ਹਾ

10/14/2019 9:18:20 AM

ਮੁੰਬਈ— ਵਪਾਰ ਦੇ ਮੋਰਚੇ 'ਤੇ ਚੀਨ-ਅਮਰੀਕਾ 'ਚ ਸਕਾਰਾਤਮਕ ਗੱਲਬਾਤ ਹੋਣ ਨਾਲ ਗਲੋਬਲ ਬਾਜ਼ਾਰਾਂ 'ਚ ਕਾਰੋਬਾਰ ਹਰੇ ਨਿਸ਼ਾਨ 'ਤੇ ਹਨ। ਹਾਲਾਂਕਿ, ਇਸ ਵਿਚਕਾਰ ਸੈਂਸੈਕਸ ਤੇ ਨਿਫਟੀ ਹਲਕੀ ਮਜਬੂਤੀ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਦੀ ਸ਼ੁਰੂਆਤ 125 ਅੰਕ ਦੀ ਮਜਬੂਤੀ ਨਾਲ 38,252 'ਤੇ ਹੋਈ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 24.90 ਅੰਕ ਦੀ ਤੇਜ਼ੀ ਨਾਲ 11329.95 'ਤੇ ਖੁੱਲ੍ਹਾ ਹੈ।

 

ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 16 ਅੰਕ ਦੀ ਮਜਬੂਤੀ ਤੇ ਬੈਂਕ ਨਿਫਟੀ 'ਚ 190 ਅੰਕ ਦੀ ਬੜ੍ਹਤ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ 70.88 ਦੇ ਪੱਧਰ 'ਤੇ ਖੁੱਲ੍ਹਾ ਹੈ। ਪਿਛਲੇ ਕਾਰੋਬਾਰੀ ਦਿਨ ਇਹ 71.02 'ਤੇ ਬੰਦ ਹੋਇਆ ਸੀ। ਇੰਡਸਇੰਡ ਬੈਂਕ, ਇਨਫੋਸਿਸ ਤੇ ਟੀ. ਸੀ. ਐੱਸ. ਨਾਲ ਕਾਰਪੋਰੇਟ ਤਿਮਾਹੀ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਸੋਮਵਾਰ ਨੂੰ ਹਿੰਦੋਸਤਾਨ ਯੂਨੀਲੀਵਰ ਦੇ ਤਿਮਾਹੀ ਨਤੀਜੇ ਜਾਰੀ ਹੋਣਗੇ। 15 ਅਕਤੂਬਰ ਨੂੰ ਏ. ਸੀ. ਸੀ., ਕੋਟਕ ਬੈਂਕ ਤੇ ਵਿਪਰੋ ਵੱਲੋਂ ਨਤੀਜੇ ਜਾਰੀ ਕੀਤੇ ਜਾਣਗੇ। ਉੱਥੇ ਹੀ, ਮਹਿੰਗਾਈ ਦਰ ਦੇ ਅੰਕੜੇ ਵੀ ਜਾਰੀ ਹੋਣੇ ਹਨ, ਜਿਨ੍ਹਾਂ 'ਤੇ ਨਿਵੇਸ਼ਕਾਂ ਦੀ ਨਜ਼ਰ ਰਹਿਣ ਵਾਲੀ ਹੈ। ਇਸ ਤੋਂ ਪਹਿਲਾਂ ਅਗਸਤ 'ਚ ਪ੍ਰਚੂਨ ਮਹਿੰਗਾਈ ਦਰ 3.21 ਫੀਸਦੀ ਰਹੀ ਸੀ। ਭਾਰਤੀ ਰੇਲਵੇ ਕੈਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਦੇ ਸਟਾਕਸ ਵੀ ਬਾਜ਼ਾਰ 'ਚ ਲਿਸਟ ਹੋਣਗੇ।

 

ਗਲੋਬਲ ਬਾਜ਼ਾਰਾਂ 'ਚ ਕਾਰੋਬਾਰ-


ਯੂ. ਐੱਸ. ਤੇ ਚੀਨ ਵਿਚਕਾਰ ਇਕ ਸੀਮਤ ਡੀਲ ਹੋਣ ਨਾਲ ਸ਼ੁੱਕਰਵਾਰ ਅਮਰੀਕੀ ਬਾਜ਼ਾਰ ਹਰੇ ਨਿਸ਼ਾਨ 'ਤੇ ਬੰਦ ਹੋਏ ਸਨ। ਉੱਥੇ ਹੀ, ਏਸ਼ੀਆਈ ਬਾਜ਼ਾਰਾਂ 'ਚ ਵੀ ਹਾਂ-ਪੱਖੀ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਚੀਨ ਦੇ ਬਾਜ਼ਾਰ ਸ਼ੰਘਾਈ ਕੰਪੋਜ਼ਿਟ 'ਚ 48 ਅੰਕ ਯਾਨੀ 1.60 ਫੀਸਦੀ ਦੀ ਮਜਬੂਤੀ ਦੇਖਣ ਨੂੰ ਮਿਲੀ ਹੈ। ਉੱਥੇ ਹੀ, ਹਾਂਗਕਾਂਗ ਦੇ ਬਾਜ਼ਾਰ ਹੈਂਗ ਸੇਂਗ 'ਚ 300 ਅੰਕ ਯਾਨੀ 1.14 ਫੀਸਦੀ ਦੀ ਬੜ੍ਹਤ ਦੇਖਣ ਨੂੰ ਮਿਲੀ। ਹਾਲਾਂਕਿ, ਇਸ ਵਿਚਕਾਰ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 6 ਅੰਕ ਯਾਨੀ 0.05 ਫੀਸਦੀ ਹਲਕੀ ਮਜਬੂਤੀ ਨਾਲ 11,315 'ਤੇ ਕਾਰੋਬਾਰ ਕਰ ਰਿਹਾ ਸੀ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 24 ਅੰਕ ਯਾਨੀ 1.15 ਫੀਸਦੀ ਦੀ ਮਜਬੂਤੀ ਨਾਲ ਹਰੇ ਨਿਸ਼ਾਨ 'ਤੇ ਸੀ। ਸਿੰਗਾਪੁਰ ਦੇ ਸਟ੍ਰੇਟਸ ਟਾਈਮਜ਼ 'ਚ 0.4 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ।