ਸੈਂਸੈਕਸ ਸ਼ੁਰੂ 'ਚ 70 ਤੋਂ ਵੱਧ ਅੰਕ ਡਿੱਗਾ, ਨਿਫਟੀ 10,850 ਤੋਂ ਥੱਲ੍ਹੇ ਖੁੱਲ੍ਹਾ

09/19/2019 9:23:26 AM

ਮੁੰਬਈ— ਗਲੋਬਲ ਬਾਜ਼ਾਰਾਂ 'ਚ ਮਿਲੇ-ਜੁਲੇ ਸੰਕੇਤਾਂ ਵਿਚਕਾਰ ਸੈਂਸੈਕਸ ਤੇ ਨਿਫਟੀ ਵੀਰਵਾਰ ਨੂੰ ਗਿਰਾਵਟ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਨੇ 74 ਅੰਕ ਦੀ ਗਿਰਾਵਟ ਨਾਲ 36,489.88 'ਤੇ ਸ਼ੁਰੂਆਤ ਕੀਤੀ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 24 ਅੰਕ ਯਾਨੀ 0.22 ਫੀਸਦੀ ਡਿੱਗ ਕੇ 10,816.65 'ਤੇ ਖੁੱਲ੍ਹਾ ਹੈ।

 

ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 20 ਅੰਕ ਦੀ ਗਿਰਾਵਟ ਤੇ ਬੈਂਕ ਨਿਫਟੀ 'ਚ 116 ਅੰਕ ਦੀ ਕਮਜ਼ੋਰੀ ਦੇਖਣ ਨੂੰ ਮਿਲੀ।ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 71.35 ਦੇ ਪੱਧਰ 'ਤੇ ਖੁੱਲ੍ਹਾ ਹੈ। ਪਿਛਲੇ ਦਿਨ ਇਹ 71.23 ਦੇ ਪੱਧਰ 'ਤੇ ਬੰਦ ਹੋਇਆ ਸੀ। ਉੱਥੇ ਹੀ, ਸਾਊਦੀ ਦੀ ਸਪਲਾਈ ਪੂਰੀ ਤਰ੍ਹਾਂ ਬਹਾਲ ਹੋਣ 'ਚ ਮਹੀਨਾ ਲੱਗ ਸਕਦਾ ਹੈ, ਜਿਸ ਕਾਰਨ ਕੱਚਾ ਤੇਲ ਫਿਰ ਫੋਕਸ 'ਚ ਹੈ। ਬ੍ਰੈਂਟ ਕੱਚਾ ਤੇਲ ਇਸ ਦੌਰਾਨ 0.09 ਫੀਸਦੀ ਮਜਬੂਤ ਹੋ ਕੇ 63.66 'ਤੇ ਕਾਰੋਬਾਰ ਕਰ ਰਿਹਾ ਸੀ।

ਗਲੋਬਲ ਬਾਜ਼ਾਰਾਂ 'ਚ ਕਾਰੋਬਾਰ-
ਯੂ. ਐੱਸ. ਫੈਡਰਲ ਰਿਜ਼ਰਵ ਵੱਲੋਂ ਪਾਲਿਸੀ ਦਰਾਂ 'ਚ ਬਾਜ਼ਾਰ ਉਮੀਦਾਂ ਮੁਤਾਬਕ 0.25 ਫੀਸਦੀ ਕਟੌਤੀ ਕੀਤੀ ਗਈ ਹੈ ਪਰ ਇਸ ਸਾਲ ਹੋਰ ਕਟੌਤੀ ਲਈ ਉਹ ਕੋਈ ਸਪੱਸ਼ਟ ਸੰਕੇਤ ਨਹੀਂ ਦੇ ਸਕਿਆ, ਜਿਸ ਕਾਰਨ ਅਮਰੀਕੀ ਬਾਜ਼ਾਰ ਮਿਲੇ-ਜੁਲੇ ਬੰਦ ਹੋਏ। ਡਾਓ 36.28 ਅੰਕ ਯਾਨੀ 0.1 ਫੀਸਦੀ ਮਜਬੂਤ 27,147.08 'ਤੇ ਬੰਦ ਹੋਇਆ, ਜਦੋਂ ਕਿ ਐੱਸ. ਐਂਡ ਪੀ.-500 ਸਪਾਟ ਤੇ ਨੈਸਡੈਕ ਕੰਪੋਜ਼ਿਟ ਨੇ 0.1 ਫੀਸਦੀ ਦੀ ਗਿਰਾਵਟ ਦਰਜ ਕੀਤੀ।

ਏਸ਼ੀਆਈ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਚੀਨ ਦੇ ਬਾਜ਼ਾਰ ਸ਼ੰਘਾਈ ਕੰਪੋਜ਼ਿਟ 'ਚ 3 ਅੰਕ ਯਾਨੀ 0.07 ਫੀਸਦੀ ਦੀ ਮਜਬੂਤੀ ਦੇਖਣ ਨੂੰ ਮਿਲੀ। ਜਪਾਨ ਦੇ ਬਾਜ਼ਾਰ ਨਿੱਕੇਈ 'ਚ 200 ਤੋਂ ਵੱਧ ਅੰਕ ਯਾਨੀ 1 ਫੀਸਦੀ ਦੀ ਤੇਜ਼ੀ ਦਰਜ ਹੋਈ। ਹਾਂਗਕਾਂਗ ਬਾਜ਼ਾਰ ਹੈਂਗ ਸੇਂਗ 'ਚ 300 ਅੰਕ ਯਾਨੀ 1.1 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 25 ਅੰਕ ਯਾਨੀ 0.23 ਫੀਸਦੀ ਡਿੱਗ ਕੇ 10,830 'ਤੇ ਸੀ। ਦੱਖਣੀ ਕੋਰੀਆ ਦੇ ਬਾਜ਼ਾਰ ਕੋਸਪੀ 'ਚ 0.4 ਫੀਸਦੀ ਦੀ ਤੇਜ਼ੀ 'ਚ, ਜਦੋਂ ਕਿ ਸਿੰਗਾਪੁਰ ਦੇ ਸਟ੍ਰੇਟਸ ਟਾਈਮਜ਼ 'ਚ 0.03 ਫੀਸਦੀ ਦੀ ਗਿਰਾਵਟ ਦਰਜ ਹੋਈ।