ਸੈਂਸੈਕਸ 200 ਤੋਂ ਵਧ ਅੰਕ ਡਿੱਗਾ, ਨਿਫਟੀ 11,000 ਦੇ ਨੇੜੇ

08/01/2019 9:18:48 AM

ਮੁੰਬਈ— ਵਿਦੇਸ਼ੀ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਵੀਰਵਾਰ ਨੂੰ ਸੈਂਸੈਕਸ ਤੇ ਨਿਫਟੀ ਗਿਰਾਵਟ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਦੀ ਸ਼ੁਰੂਆਤ 239.07 ਅੰਕ ਦੀ ਕਮਜ਼ੋਰੀ ਨਾਲ 37,242.05 'ਤੇ ਹੋਈ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 66.20 ਅੰਕ ਯਾਨੀ 0.6 ਫੀਸਦੀ ਦੀ ਗਿਰਾਵਟ 'ਚ 11,051.80 'ਤੇ ਖੁੱਲ੍ਹਾ ਹੈ।ਬੀਤੇ ਦਿਨ ਬੁੱਧਵਾਰ ਨੂੰ ਨਿਫਟੀ 32.60 ਅੰਕ ਚੜ੍ਹ ਕੇ 11,118 'ਤੇ ਬੰਦ ਹੋਇਆ ਸੀ, ਜਦੋਂ ਕਿ ਸੈਂਸੈਕਸ 83.88 ਅੰਕ ਦੀ ਮਜਬੂਤੀ 'ਚ 37,481.12 ਦੇ ਪੱਧਰ 'ਤੇ ਬੰਦ ਹੋਇਆ ਸੀ।

ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 32 ਅੰਕ ਦੀ ਗਿਰਾਵਟ ਅਤੇ ਬੈਂਕ ਨਿਫਟੀ 'ਚ 194 ਅੰਕ ਦੀ ਕਮਜ਼ੋਰੀ ਦੇਖਣ ਨੂੰ ਮਿਲੀ।ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 69.20 ਦੇ ਪੱਧਰ 'ਤੇ ਖੁੱਲ੍ਹਾ ਹੈ, ਜਦੋਂ ਕਿ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 68.79 ਦੇ ਪੱਧਰ 'ਤੇ ਬੰਦ ਹੋਇਆ ਸੀ।

 

ਗਲੋਬਲ ਬਾਜ਼ਾਰਾਂ 'ਚ ਕਾਰੋਬਾਰ-
ਬਾਜ਼ਾਰ ਉਮੀਦਾਂ ਮੁਤਾਬਕ ਫੈਡਰਲ ਵੱਲੋਂ ਪਾਲਿਸੀ ਦਰਾਂ 'ਚ 0.25 ਫੀਸਦੀ ਕਟੌਤੀ ਹੋਣ ਤੇ ਵਿਆਜ ਦਰਾਂ 'ਚ ਇਸ ਸਾਲ ਹੋਰ ਕਮੀ ਦਾ ਸੰਕੇਤ ਨਾ ਮਿਲਣ ਕਾਰਨ ਯੂ. ਐੱਸ. ਬਾਜ਼ਾਰ ਗਿਰਾਵਟ 'ਚ ਬੰਦ ਹੋਏ। ਡਾਓ ਜੋਂਸ ਜਿੱਥੇ 333 ਅੰਕ ਯਾਨੀ ਲਗਭਗ 1.2 ਫੀਸਦੀ ਦੀ ਗਿਰਾਵਟ 'ਚ ਬੰਦ ਹੋਇਆ, ਉੱਥੇ ਹੀ ਐੱਸ. ਐਂਡ ਪੀ.-500 ਇੰਡੈਕਸ ਅਤੇ ਨੈਸਡੈਕ ਕੰਪੋਜ਼ਿਟ ਦੋਵੇਂ ਕ੍ਰਮਵਾਰ 1.1 ਫੀਸਦੀ ਤੇ 1.2 ਫੀਸਦੀ ਗਿਰਾਵਟ 'ਚ ਬੰਦ ਹੋਏ।
ਵੀਰਵਾਰ ਕਾਰੋਬਾਰ ਦੌਰਾਨ ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 16 ਅੰਕ ਯਾਨੀ 0.6 ਫੀਸਦੀ ਦੀ ਕਮਜ਼ੋਰੀ ਨਾਲ 2,916 ਦੇ ਪੱਧਰ 'ਤੇ ਕਰ ਰਿਹਾ ਸੀ। ਇਸ ਦੇ ਇਲਾਵਾ ਨੈਸ਼ਨਲ ਸਟਾਕ ਐਕਸਚੇਂਜ ਦੇ ਸਿੰਗਾਪੁਰ ਟ੍ਰੇਡਿਡ ਐੱਸ. ਜੀ. ਐਕਸ. ਨਿਫਟੀ 'ਚ 48 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਇਹ 11,073 'ਤੇ ਕਾਰੋਬਾਰ ਕਰ ਰਿਹਾ ਸੀ। ਜਪਾਨ ਦਾ ਬਾਜ਼ਾਰ ਨਿੱਕੇਈ ਸਪਾਟ 21,525 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਹਾਂਗਕਾਂਗ ਦਾ ਹੈਂਗ ਸੈਂਗ 152 ਅੰਕ ਡਿੱਗ ਕੇ 27,624 'ਤੇ, ਜਦੋਂ ਕਿ ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 2 ਅੰਕ ਯਾਨੀ 0.1 ਫੀਸਦੀ ਦੀ ਹਲਕੀ ਤੇਜ਼ੀ 'ਚ 2,027 'ਤੇ ਕਾਰੋਬਾਰ ਕਰਦੇ ਦਿਸੇ। ਸਿੰਗਾਪੁਰ ਦਾ ਬਾਜ਼ਾਰ ਸਟ੍ਰੇਟਸ ਟਾਈਮਜ਼ ਵੀ ਇਸ ਦੌਰਾਨ 0.11 ਫੀਸਦੀ ਡਿੱਗ ਕੇ 3,297 'ਤੇ ਕਾਰੋਬਾਰ ਕਰ ਰਿਹਾ ਸੀ।