ਸੈਂਸੈਕਸ 'ਚ 200 ਤੋਂ ਵਧ ਅੰਕ ਦਾ ਉਛਾਲ, ਨਿਫਟੀ 11,590 ਤੋਂ ਪਾਰ

07/15/2019 9:19:03 AM

ਮੁੰਬਈ—  ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਸੋਮਵਾਰ ਨੂੰ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਕਾਰੋਬਾਰ ਦੇ ਸ਼ੁਰੂ 'ਚ 273.72 ਅੰਕ ਦੀ ਮਜਬੂਤੀ ਨਾਲ 39,009.95 'ਤੇ ਖੁੱਲ੍ਹਾ ਹੈ। ਨਿਵੇਸ਼ਕਾਂ ਦੀ ਨਜ਼ਰ ਇਸ ਹਫਤੇ ਕਾਰਪੋਰੇਟ ਕਮਾਈ ਦੇ ਨਤੀਜਿਆਂ 'ਤੇ ਵੀ ਰਹਿਣ ਵਾਲੀ ਹੈ, ਜਿਨ੍ਹਾਂ ਦਾ ਬਾਜ਼ਾਰ 'ਤੇ ਪ੍ਰਭਾਵ ਦਿਸੇਗਾ।


ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦੇ 50 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਨਿਫਟੀ ਦੀ 43.05 ਅੰਕ ਦੀ ਤੇਜ਼ੀ ਨਾਲ 11,595.55 'ਤੇ ਸ਼ੁਰੂਆਤ ਹੋਈ ਹੈ। ਬੀ. ਐੱਸ. ਈ. ਮਿਡ ਕੈਪ 'ਚ ਕਾਰੋਬਾਰ ਦੇ ਸ਼ੁਰੂ 'ਚ 10 ਅੰਕ ਦੀ ਤੇਜ਼ੀ ਅਤੇ ਬੈਂਕ ਨਿਫਟੀ 'ਚ 40 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ।ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 68.54 ਦੇ ਪੱਧਰ 'ਤੇ ਖੁੱਲ੍ਹਾ, ਜਦੋਂ ਕਿ ਪਿਛਲੇ ਕਾਰੋਬਾਰੀ ਦਿਨ ਇਹ ਡਾਲਰ ਦੇ ਮੁਕਾਬਲੇ 68.68 ਦੇ ਪੱਧਰ 'ਤੇ ਬੰਦ ਹੋਇਆ ਸੀ।

 

ਗਲੋਬਲ ਬਾਜ਼ਾਰਾਂ 'ਚ ਕਾਰੋਬਾਰ
ਚੀਨ ਦੀ ਜੀ. ਡੀ. ਪੀ. ਦਰ ਬਾਜ਼ਾਰ ਉਮੀਦਾਂ ਮੁਤਾਬਕ ਰਹਿਣ ਨਾਲ ਗਲੋਬਲ ਬਾਜ਼ਾਰਾਂ 'ਚ ਕੋਈ ਵੱਡੀ ਹਲਚਲ ਨਹੀਂ ਦਿਸੀ ਹੈ ਸਗੋਂ ਗਲੋਬਲ ਬਾਜ਼ਾਰ ਗਿਰਾਵਟ ਤੋਂ ਉਭਰ ਕੇ ਕਾਰੋਬਾਰ ਕਰ ਰਹੇ ਹਨ। ਸ਼ੰਘਾਈ ਕੰਪੋਜ਼ਿਟ ਇਸ ਵਕਤ 14 ਅੰਕ ਯਾਨੀ 0.5 ਫੀਸਦੀ ਦੀ ਤੇਜ਼ੀ ਨਾਲ 2,944 'ਤੇ ਦਿਸਿਆ।

ਉੱਥੇ ਹੀ, ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 45 ਅੰਕ ਦੀ ਬੜ੍ਹਤ ਨਾਲ 11,590 ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਹਾਂਗਕਾਂਗ ਦਾ ਹੈਂਗ ਸੈਂਗ 83 ਅੰਕ ਵਧ ਕੇ 28,554 'ਤੇ ਕਾਰੋਬਾਰ ਕਰ ਰਿਹਾ ਸੀ। ਜਪਾਨ ਦਾ ਨਿੱਕੇਈ 42 ਅੰਕ ਦੀ ਮਜਬੂਤੀ 'ਚ 21,680 ਤੋਂ ਪਾਰ ਹੈ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 0.01 ਫੀਸਦੀ ਦੀ ਗਿਰਾਵਟ ਨਾਲ 2,086 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਵਿਚਕਾਰ ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ ਵੀ 0.1 ਫੀਸਦੀ ਡਿੱਗ ਕੇ 3,352 'ਤੇ ਕਾਰੋਬਾਰ ਕਰਦਾ ਦਿਸਿਆ।