ਸੈਨੇਟਰੀ ਨੈਪਕਿਨ, ਹੈਂਡਵਾਸ਼ ਕੀਮਤਾਂ ''ਤੇ ਜਲਦ ਸਰਕਾਰ ਦਾ ਹੋਵੇਗਾ ਕੰਟਰੋਲ

08/25/2019 3:49:42 PM

ਨਵੀਂ ਦਿੱਲੀ— ਸੈਨੇਟਰੀ ਨੈਪਕਿਨ, ਹੈਂਡਵਾਸ਼, ਕੀਟਾਣੂਨਾਸ਼ਕ ਪ੍ਰਾਡਕਟਸ ਤੇ ਡਾਇਪਰ ਜਲਦ ਹੀ ਕੀਮਤ ਕੰਟਰੋਲ ਲਿਸਟ 'ਚ ਸ਼ਾਮਲ ਹੋ ਸਕਦੇ ਹਨ। ਇਸ ਲਈ ਸਰਕਾਰ ਜ਼ਰੂਰੀ ਸਫਾਈ ਉਤਪਾਦਾਂ ਦੀ ਇਕ ਸੂਚੀ ਨੂੰ ਅੰਤਿਮ ਰੂਪ ਦੇ ਰਹੀ ਹੈ। ਇਨ੍ਹਾਂ ਦੀ ਲਿਸਟ ਅਗਲੇ ਦੋ ਮਹੀਨਿਆਂ ਤਕ ਜਾਰੀ ਕੀਤੀ ਜਾ ਸਕਦੀ ਹੈ, ਯਾਨੀ ਹੁਣ ਇਨ੍ਹਾਂ ਦੀ ਕੀਮਤ ਵੀ ਕੰਟਰੋਲ ਦਾਇਰੇ 'ਚ ਹੋਵੇਗੀ।

 

ਸੂਚੀ ਨੂੰ ਪ੍ਰਾਇਮਰੀ ਤੇ ਸੈਕੰਡਰੀ ਦੋ ਸ਼੍ਰੇਣੀਆਂ 'ਚ ਵੰਡਿਆ ਜਾਵੇਗਾ। ਪ੍ਰਾਇਮਰੀ ਸੂਚੀ 'ਚ ਸ਼ਾਮਲ ਉਤਪਾਦਾਂ ਦੀ ਕੀਮਤ ਕੰਟਰੋਲ ਹੋਵੇਗੀ, ਜਦੋਂ ਕਿ ਸੈਕੰਡਰੀ ਸੂਚੀ 'ਚ ਸ਼ਾਮਲ ਪ੍ਰਾਡਕਟਸ ਲਈ ਸਰਕਾਰ ਇਹ ਯਕੀਨੀ ਬਣਾਏਗੀ ਕਿ ਇਨ੍ਹਾਂ ਦੀ ਕੀਮਤ ਵੀ ਸਸਤੀ ਹੋਵੇ। 
ਇਸ ਸੂਚੀ ਦਾ ਖਰੜਾ ਮੈਡੀਸਨ ਤੇ ਹੈਲਥ ਬਾਰੇ ਸਥਾਈ ਰਾਸ਼ਟਰੀ ਕਮੇਟੀ ਦੇ ਸਕੱਤਰ, ਸਿਹਤ ਖੋਜ ਵਿਭਾਗ ਦੇ ਸਕੱਤਰ ਅਤੇ ਭਾਰਤੀ ਮੈਡੀਕਲ ਰਿਸਰਚ ਕੌਂਸਲ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਦੀ ਅਗਵਾਈ 'ਚ ਬਣਾਈ ਗਈ ਇਕ ਸਬ-ਕਮੇਟੀ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨੂੰ ਨੀਤੀ ਆਯੋਗ ਦੇ ਮੈਂਬਰ ਵੀ. ਕੇ. ਪੌਲ ਕਮੇਟੀ ਵੱਲੋਂ ਫਾਈਨਲ ਕੀਤਾ ਜਾਵੇਗਾ।

ਮੌਜੂਦਾ ਸਮੇਂ ਜ਼ਰੂਰੀ ਦਵਾਈਆਂ ਦੀ ਸਿਰਫ ਇਕ ਰਾਸ਼ਟਰੀ ਸੂਚੀ ਹੈ, ਜਿਸ 'ਚ ਕੁਝ ਡਾਕਟਰੀ ਉਪਕਰਣ ਵੀ ਹਨ ਪਰ ਹੁਣ ਸਰਕਾਰ ਸਫਾਈ ਉਤਪਾਦਾਂ ਦੀ ਕੀਮਤ ਵੀ ਕੰਟਰੋਲ ਕਰਨ ਦੀ ਪ੍ਰਣਾਲੀ 'ਤੇ ਕੰਮ ਕਰ ਰਹੀ ਹੈ। ਇਸ ਵਕਤ ਸਟੈਂਟ ਵਰਗੇ ਮੈਡੀਕਲ ਉਪਕਰਣਾਂ ਸਮੇਤ ਲਗਭਗ 384 ਦਵਾਈਆਂ ਦੀਆਂ ਕੀਮਤਾਂ ਨੂੰ ਸਰਕਾਰ ਕੰਟਰੋਲ ਕਰਦੀ ਹੈ, ਜਿਨ੍ਹਾਂ ਦੀ ਵੱਧ ਤੋਂ ਵੱਧ ਪ੍ਰਚੂਨ ਕੀਮਤ 'ਤੇ ਇਕ ਲਿਮਟ ਲਗਾਈ ਗਈ ਹੈ, ਜਦੋਂ ਕਿ ਹੋਰ ਸਾਰੀਆਂ ਦਵਾਈਆਂ ਲਈ ਕੰਪਨੀਆਂ ਨੂੰ ਕੀਮਤਾਂ 'ਚ ਸਾਲਾਨਾ 10 ਫੀਸਦੀ ਤਕ ਦਾ ਵਾਧਾ ਕਰਨ ਦੀ ਮਨਜ਼ੂਰੀ ਹੈ। ਹਾਲਾਂਕਿ, ਇਸ ਦੇ ਇਲਾਵਾ ਸਰਕਾਰ ਨੇ 42 ਕੈਂਸਰ ਦਵਾਈਆਂ ਲਈ ਟਰੇਡ ਮਾਰਜਨ 'ਤੇ 30 ਫੀਸਦੀ ਦੀ ਇਕ ਲਿਮਟ ਲਗਾਈ ਹੋਈ ਹੈ, ਤਾਂ ਜੋ ਇਨ੍ਹਾਂ ਦੀ ਕੀਮਤ 'ਚ ਭਾਰੀ ਵਾਧਾ ਨਾ ਹੋਵੇ।


Related News