ਰੁਪਏ ਵਿਚ ਹੋਰ ਗਿਰਾਵਟ ਦਾ ਖਦਸ਼ਾ, ਅਗਲੇ 9 ਮਹੀਨਿਆਂ ਦਰਮਿਆਨ ਕਰਨੀ ਹੈ ਡਾਲਰ 'ਚ ਕਰਜ਼ੇ ਦੀ ਅਦਾਇਗੀ
Thursday, Jul 07, 2022 - 12:14 PM (IST)
ਨਵੀਂ ਦਿੱਲੀ (ਵਿਸ਼ੇਸ਼) – ਡਾਲਰ ਦੇ ਮੁਕਾਬਲੇ ਰੁਪਏ ਵਿਚ ਲਗਾਤਾਰ ਗਿਰਾਵਟ ਜਾਰੀ ਹੈ ਅਤੇ ਇਹ ਗਿਰਾਵਟ ਆਉਣ ਵਾਲੇ ਦਿਨਾਂ ਵਿਚ ਹੋਰ ਜ਼ਿਆਦਾ ਵਧ ਸਕਦੀ ਹੈ। ਇਸ ਦਾ ਕਾਰਨ ਭਾਰਤ ਵਲੋਂ ਅਗਲੇ 9 ਮਹੀਨਿਆਂ ਵਿਚ ਕੀਤੀ ਜਾਣ ਵਾਲੀ ਵਿਦੇਸ਼ੀ ਕਰਜ਼ੇ ਦੀ ਅਦਾਇਗੀ ਹੈ। ਭਾਰਤ ਨੇ ਅਗਲੇ 9 ਮਹੀਨਿਆਂ ਵਿਚ ਦੇਸ਼ ’ਤੇ 621 ਬਿਲੀਅਨ ਡਾਲਰ ਕੁਲ ਵਿਦੇਸ਼ੀ ਕਰਜ਼ੇ ਵਿਚੋਂ 267 ਬਿਲੀਅਨ ਡਾਲਰ ਦੀ ਅਦਾਇਗੀ ਕਰਨੀ ਹੈ ਅਤੇ ਰਿਜ਼ਰਵ ਬੈਂਕ ਆਫ਼ ਇੰਡੀਆ (RBI) ਦੇ ਅੰਕੜਿਆਂ ਮੁਤਾਬਕ ਇਹ ਰਕਮ ਭਾਰਤ ਦੇ ਟੋਟਲ ਵਿਦੇਸ਼ੀ ਮੁਦਰਾ ਭੰਡਾਰ ਦੀ 44 ਫੀਸਦੀ ਬਣਦੀ ਹੈ। ਲਿਹਾਜ਼ਾ ਆਉਣ ਵਾਲੇ ਦਿਨਾਂ ਵਿਚ ਇਸ ਨਾਲ ਰੁਪਏ ’ਤੇ ਹੋਰ ਦਬਾਅ ਬਣ ਸਕਦਾ ਹੈ।
ਇਹ ਵੀ ਪੜ੍ਹੋ : ਡਾਲਰ ਦੇ ਮੁਕਾਬਲੇ ਰੁਪਿਆ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚਿਆ, ਰਿਪੋਰਟ ਦਾ ਦਾਅਵਾ - ਹੋਰ ਡਿੱਗੇਗਾ
ਡਾਲਰ ਦੇ ਮੁਕਾਬਲੇ ਰੁਪਏ ਵਿਚ ਆ ਰਹੀ ਗਿਰਾਵਟ ਕਾਰਨ ਸਰਕਾਰ ਹੀ ਪ੍ਰੇਸ਼ਾਨ ਨਹੀਂ ਹੈ ਸਗੋਂ ਦੇਸ਼ ਦੇ ਕਈ ਕਾਰਪੋਰੇਟ ਹਾਊਸਿਸ ਲਈ ਵੀ ਇਹ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਗਿਆ ਹੈ। ਦਰਅਸਲ ਕਈ ਕੰਪਨੀਆਂ ਨੇ ਆਪਣੀ ਗ੍ਰੋਥ ਲਈ ਡਾਲਰ ਵਿਚ ਕਰਜ਼ਾ ਲੈ ਰੱਖਿਆ ਹੈ ਅਤੇ ਇਸ ਕਰਜ਼ੇ ਦੀ ਅਦਾਇਗੀ ਵੀ ਡਾਲਰ ਵਿਚ ਹੀ ਹੋਣੀ ਹੈ ਅਤੇ ਡਾਲਰ ਮਹਿੰਗਾ ਹੋਣ ਦੇ ਕਾਰਨ ਇਹ ਕਰਜ਼ਾ ਹੁਣ ਮਹਿੰਗਾ ਪੈਣ ਲੱਗਾ ਹੈ। ਲਿਹਾਜ਼ਾ ਕੰਪਨੀਅਾਂ ਨੂੰ ਅਾਪਣੀ ਵਿੱਤੀ ਸਥਿਤੀ ਮਜ਼ਬੂਤ ਰੱਖਣ ਲਈ ਹੋਰ ਜ਼ਿਆਦਾ ਕਰਜ਼ਾ ਲੈਣਾ ਪੈ ਸਕਦਾ ਹੈ। ਇਸ ਨਾਲ ਦੇਸ਼ ਵਿਚ ਫਾਰੈਕਸ ਦਾ ਕੰਮ ਕਰਨ ਵਾਲੀਆਂ ਕੰਪਨੀਆਂ ’ਤੇ ਵੀ ਅਸਰ ਪਵੇਗਾ।
ਇਹ ਵੀ ਪੜ੍ਹੋ : ਰੈਸਟੋਰੈਂਟਸ ਅਤੇ ਹੋਟਲ ਹੁਣ ਜ਼ਬਰਦਸਤੀ ਨਹੀਂ ਵਸੂਲ ਸਕਦੇ ਸਰਵਿਸ ਚਾਰਜ, CCPA ਨੇ ਜਾਰੀ ਕੀਤੀਆਂ ਗਾਈਡਲਾਈਨਜ਼
ਦਰਅਸਲ ਇਹ ਸਾਰੀ ਸਥਿਤੀ ਭਾਰਤ ਵਲੋਂ ਵਿਦੇਸ਼ਾਂ ਤੋਂ ਕੀਤੇ ਜਾ ਰਹੇ ਵਪਾਰ ਘਾਟੇ ਕਾਰਨ ਆਈ ਹੈ ਅਤੇ ਭਾਰਤ ਵਲੋਂ ਵਿਦੇਸ਼ਾਂ ਤੋਂ ਆਯਾਤ ਕੀਤਾ ਜਾ ਰਿਹਾ ਕੱਚਾ ਤੇਲ ਇਸ ਦਾ ਇਕ ਵੱਡਾ ਕਾਰਨ ਹੈ। ਇਸ ਦੌਰਾਨ ਅਮਰੀਕਾ ਦੇ ਫੈਡਰਲ ਰਿਜ਼ਰਵ ਵਲੋਂ ਵਿਆਜ ਦਰਾਂ ਵਿਚ ਵਾਧਾ ਕੀਤੇ ਜਾਣ ਕਾਰਨ ਅਮਰੀਕਾ ਵਿਚ ਬਾਂਡ ਯੀਲਡ ਵਧ ਗਈ ਹੈ ਅਤੇ ਅਮਰੀਕੀ ਨਿਵੇਸ਼ਕ ਪੂਰੀ ਦੁਨੀਆ ਦੇ ਬਾਜ਼ਾਰਾਂ ਤੋਂ ਪੈਸਾ ਕੱਢ ਕੇ ਅਮਰੀਕਨ ਬਾਂਡਸ ਵਿਚ ਜਮ੍ਹਾ ਕਰਵਾ ਰਹੇ ਹਨ, ਜਿਸ ਕਾਰਨ ਡਾਲਰ ਪੂਰੀ ਦੁਨੀਆ ਦੀਆਂ ਕਰੰਸੀਆਂ ਦੇ ਮੁਕਾਬਲੇ ਮਜ਼ਬੂਤ ਹੋ ਰਿਹਾ ਹੈ ਅਤੇ ਭਾਰਤੀ ਰੁਪਏ ਤੋਂ ਇਲਾਵਾ ਯੂਰੋ, ਆਸਟ੍ਰੇਲੀਅਨ ਡਾਲਰ ਅਤੇ ਤਮਾਮ ਹੋਰ ਕਰੰਸੀਆਂ ਕਮਜ਼ੋਰ ਹੋ ਰਹੀਆਂ ਹਨ।
ਇਹ ਵੀ ਪੜ੍ਹੋ : ਚੰਦਰਮਾ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ ਚੀਨ! , NASA ਮੁਖੀ ਨੇ ਦਿੱਤੀ ਚਿਤਾਵਨੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।