ਅੱਜ ਤੋਂ ਸ਼ੁਰੂ ਹੋ ਰਹੀ ਹੈ RBI MPC ਦੀ ਬੈਠਕ, ਰੇਪੋ ਰੇਟ ''ਚ ਬਦਲਾਅ ਦੀ ਉਮੀਦ ਨਹੀਂ

Tuesday, Aug 06, 2024 - 04:03 PM (IST)

ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ (RBI) ਦੀ ਮੁਦਰਾ ਨੀਤੀ ਕਮੇਟੀ (MPC) ਦੀ ਤਿੰਨ ਦਿਨਾਂ ਮੀਟਿੰਗ ਅੱਜ 6 ਅਗਸਤ ਤੋਂ ਸ਼ੁਰੂ ਹੋ ਗਈ ਹੈ। ਵਿੱਤੀ ਸਾਲ 2024-25 ਦੀ ਇਹ ਤੀਜੀ ਬੈਠਕ ਹੋਵੇਗੀ। ਮੀਟਿੰਗ ਦੇ ਨਤੀਜੇ 8 ਅਗਸਤ ਨੂੰ ਸਾਹਮਣੇ ਆਉਣਗੇ। ਅਜਿਹੇ 'ਚ ਲੋਕਾਂ ਦੀਆਂ ਨਜ਼ਰਾਂ ਇਸ ਗੱਲ 'ਤੇ ਹਨ ਕਿ ਕੀ ਰਿਜ਼ਰਵ ਬੈਂਕ ਇਸ ਵਾਰ ਰੈਪੋ ਰੇਟ 'ਚ ਕੋਈ ਬਦਲਾਅ ਕਰੇਗਾ ਜਾਂ ਨਹੀਂ। ਫਿਲਹਾਲ ਰੈਪੋ ਰੇਟ 6.50 ਫੀਸਦੀ 'ਤੇ ਬਰਕਰਾਰ ਹੈ। ਮਾਹਿਰਾਂ ਮੁਤਾਬਕ ਇਸ ਵਾਰ ਵੀ ਆਰਬੀਆਈ ਰੈਪੋ ਰੇਟ ਵਿੱਚ ਬਦਲਾਅ ਦੀ ਕੋਈ ਸੰਭਾਵਨਾ ਨਹੀਂ ਹੈ।

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) 8 ਅਗਸਤ ਨੂੰ ਮੁੱਖ ਨੀਤੀਗਤ ਦਰ ਰੇਪੋ ਰੇਟ ਨੂੰ ਇਕ ਵਾਰ ਫਿਰ 6.5 ਫ਼ੀਸਦੀ ’ਤੇ ਬਰਕਰਾਰ ਰੱਖ ਸਕਦਾ ਹੈ। ਮਾਹਿਰਾਂ ਨੇ ਇਹ ਅੰਦਾਜ਼ਾ ਜਤਾਉਂਦੇ ਹੋਏ ਕਿਹਾ ਹੈ ਕਿ ਕੇਂਦਰੀ ਬੈਂਕ ਦਰ ’ਚ ਕਟੌਤੀ ਕਰਨ ਤੋਂ ਪਹਿਲਾਂ ਜ਼ਿਆਦਾ ਵਿਆਪਕ ਆਰਥਿਕ ਅੰਕੜਿਆਂ ਦਾ ਇੰਤਜ਼ਾਰ ਕਰ ਸਕਦਾ ਹੈ।

ਅਮਰੀਕੀ ਫੈੱਡਰਲ ਰਿਜ਼ਰਵ ਨੇ ਫਿਲਹਾਲ ਆਪਣੀ ਵਿਆਜ ਦਰ ਨੂੰ ਜਿਉਂ ਦਾ ਤਿਉਂ ਰੱਖਣ ਦਾ ਫੈਸਲਾ ਕੀਤਾ ਹੈ ਅਤੇ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਮਹੀਨਿਆਂ ’ਚ ਕਰੰਸੀ ਨੀਤੀ ’ਚ ਢਿੱਲ ਦਿੱਤੀ ਜਾ ਸਕਦੀ ਹੈ।

ਮਾਹਿਰਾਂ ਨੇ ਕਿਹਾ ਕਿ ਮਹਿੰਗਾਈ ਦਾ ਦਬਾਅ ਬਣੇ ਰਹਿਣ ਦੌਰਾਨ ਆਰ. ਬੀ. ਆਈ. ਵਿਆਜ ਦਰ ’ਤੇ ਆਪਣਾ ਰੁਖ ਬਦਲਣ ਤੋਂ ਪਹਿਲਾਂ ਅਮਰੀਕੀ ਕਰੰਸੀ ਨੀਤੀ ’ਤੇ ਬਾਰੀਕੀ ਨਾਲ ਨਜ਼ਰ ਰੱਖੇਗਾ। ਕਰੰਸੀ ਨੀਤੀ ਕਮੇਟੀ (ਐੱਮ. ਪੀ. ਸੀ. ) ਵੀ ਦਰ ’ਚ ਕਟੌਤੀ ਤੋਂ ਪ੍ਰਹੇਜ਼ ਕਰ ਸਕਦੀ ਹੈ ਕਿਉਂਕਿ ਆਰਥਿਕ ਵਾਧਾ ਚੰਗਾ ਹੈ। ਮੌਜੂਦਾ ਸਮੇਂ ’ਚ ਰੇਪੋ ਰੇਟ 6.5 ਫੀਸਦੀ ਹੈ। ਆਖਰੀ ਵਾਰ ਇਸ ਨੂੰ ਫਰਵਰੀ 2023 ’ਚ ਵਧਾਇਆ ਗਿਆ ਸੀ ਅਤੇ ਉਦੋਂ ਤੋਂ ਇਹ ਇਸ ਪੱਧਰ ’ਤੇ ਕਾਇਮ ਹੈ।

ਅੱਜ 6 ਅਗਸਤ ਨੂੰ ਸ਼ੁਰੂ ਹੋਈ ਮੀਟਿੰਗ

ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਪ੍ਰਧਾਨਗੀ ਵਾਲੀ ਐੱਮ. ਪੀ. ਸੀ. ਦੀ ਬੈਠਕ 6-8 ਅਗਸਤ ’ਚ ਹੋਣੀ ਹੈ। ਦਾਸ 8 ਅਗਸਤ ਨੂੰ ਕਮੇਟੀ ਦੇ ਫੈਸਲੇ ਦਾ ਐਲਾਨ ਕਰਨਗੇ। ਬੈਂਕ ਆਫ ਬੜੌਦਾ ਦੇ ਮੁੱਖ ਅਰਥਸ਼ਾਸਤਰੀ ਮਦਨ ਸਬਨਵੀਸ ਦਾ ਕਹਿਣਾ ਹੈ,‘‘ਸਾਨੂੰ ਉਮੀਦ ਹੈ ਕਿ ਅਗਲੀ ਨੀਤੀਗਤ ਸਮੀਖਿਆ ’ਚ ਆਰ. ਬੀ. ਆਈ. ਜਿਉਂ ਦੀ ਤਿਉਂ ਬਰਕਰਾਰ ਰੱਖੇਗਾ। ਮਹਿੰਗਾਈ ਅੱਜ ਵੀ 5.1 ਫੀਸਦੀ ਦੇ ਉੱਚੇ ਪੱਧਰ ’ਤੇ ਬਣੀ ਹੋਈ ਹੈ ਅਤੇ ਆਉਣ ਵਾਲੇ ਮਹੀਨਿਆਂ ’ਚ ਇਸ ’ਚ ਸੰਖਿਆਤਮਕ ਰੂਪ ਨਾਲ ਕਮੀ ਆਵੇਗੀ ਪਰ ਬੇਸ ਇਫੈਕਟ ਕਾਰਨ ਇਹ ਜ਼ਿਆਦਾ ਬਣੀ ਰਹੇਗੀ।’’

ਇਕਰਾ ਦਾ ਕੀ ਹੈ ਮੰਨਣਾ

ਇਕਰਾ ਦੀ ਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ ਨੇ ਕਿਹਾ ਕਿ ਵਿੱਤੀ ਸਾਲ 2023-24 ’ਚ ਉੱਚ ਵਾਧਾ, ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ 4.9 ਫੀਸਦੀ ਦੀ ਮਹਿੰਗਾਈ ਦੇ ਨਾਲ ਮਿਲ ਕੇ ਰੇਪੋ ਰੇਟ ’ਤੇ ਜਿਉਂ ਦੀ ਤਿਉਂ ਬਣਾਏ ਰੱਖਣ ਦੇ ਪੱਖ ’ਚ ਰੁਖ ਬਣਿਆ ਰਿਹਾ ਹੈ। ਅਗਸਤ, 2024 ਦੀ ਬੈਠਕ ’ਚ ਰੁਖ ’ਚ ਬਦਲਾਅ ਜਾਂ ਦਰ ’ਚ ਕਟੌਤੀ ਦੀ ਗੁੰਜਾਇਸ਼ ਨਹੀਂ ਲੱਗ ਰਹੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਮਾਨਸੂਨ ਚੰਗਾ ਰਹਿਣ ਨਾਲ ਅਤੇ ਕੌਮਾਂਤਰੀ ਜਾਂ ਘਰੇਲੂ ਝਟਕੇ ਸਾਹਮਣੇ ਨਾ ਆਉਣ ਨਾਲ ਖੁਰਾਕੀ ਮਹਿੰਗਾਈ ਅਨੁਕੂਲ ਹੋ ਜਾਂਦੀ ਹੈ, ਤਾਂ ਅਕਤੂਬਰ 2024 ’ਚ ਰੁਖ ’ਚ ਬਦਲਾਅ ਸੰਭਵ ਹੈ। ਇਸ ਤੋਂ ਬਾਅਦ ਦਸੰਬਰ, 2024 ਅਤੇ ਫਰਵਰੀ, 2025 ’ਚ ਵਿਆਜ ਦਰਾਂ ’ਚ 0.25-0.25 ਫੀਸਦੀ ਦੀ ਕਟੌਤੀ ਹੋ ਸਕਦੀ ਹੈ। ਸਿਗਨੇਚਰ ਗਲੋਬਲ (ਇੰਡੀਆ) ਦੇ ਫਾਊਂਡਰ ਅਤੇ ਚੇਅਰਮੈਨ ਪ੍ਰਦੀਪ ਅੱਗਰਵਾਲ ਨੇ ਵੀ ਕਿਹਾ ਕਿ ਕੇਂਦਰੀ ਬੈਂਕ ਵੱਲੋਂ ਵਿਆਜ ਦਰ ’ਤੇ ਜਿਉਂ ਦੀ ਤਿਉਂ ਬਣਾਏ ਰੱਖਣ ਦੀ ਉਮੀਦ ਹੈ ਕਿਉਂਕਿ ਪ੍ਰਚੂਨ ਮਹਿੰਗਾਈ ਲਗਾਤਾਰ ਚੁਣੌਤੀਆਂ ਪੇਸ਼ ਕਰ ਰਹੀ ਹੈ।


Harinder Kaur

Content Editor

Related News