RBI ਨੇ ਬਦਲਿਆ ਨਿਯਮ, ਹੁਣ ਚੈੱਕ ਕਲੀਅਰ ਕਰਵਾਉਣਾ ਹੋ ਜਾਵੇਗਾ ਆਸਾਨ

02/18/2020 2:32:57 PM

ਨਵੀਂ ਦਿੱਲੀ — ਆਨਲਾਈਨ ਬੈਂਕਿੰਗ ਸਿਸਟਮ ਦੇ ਆਉਣ ਨਾਲ ਵੈਸੇ ਤਾਂ ਚੈੱਕ ਬੁੱਕ ਦੀ ਜ਼ਰੂਰਤ ਕਾਫੀ ਘੱਟ ਗਈ ਹੈ ਅਤੇ ਇਸ ਦੇ ਨਾਲ ਹੀ ਇਸ ਦਾ ਇਸਤੇਮਾਲ ਕਰਨਾ ਵੀ ਬੈਂਕ ਗਾਹਕਾਂ ਨੇ ਕਾਫੀ ਘੱਟ ਕਰ ਦਿੱਤਾ ਹੈ। ਚੈੱਕ ਕਲੀਅਰੈਂਸ ਦੇ ਪ੍ਰੋਸੈੱਸ ਨੂੰ ਆਸਾਨ ਬਣਾਉਣ ਲਈ ਭਾਰਤੀ ਰਿਜ਼ਰਵ ਬੈਂਕ ਇਕ ਨਵਾਂ ਸਿਸਟਮ ਲਿਆਉਣ ਵਾਲਾ ਹੈ। ਰਿਜ਼ਰਵ ਬੈਂਕ ਨੇ ਚੈੱਕ ਟਰੰਕੇਸ਼ਨ ਸਿਸਟਮ(CTS/check truncation system) ਨੂੰ ਪੂਰੇ ਦੇਸ਼ ਵਿਚ ਲਾਗੂ ਕਰਨ ਦਾ ਐਲਾਨ ਕੀਤਾ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ CTS ਸਿਸਟਮ ਨਾਲ ਕਾਫੀ ਫਾਇਦਾ ਹੋਇਆ ਹੈ ਇਸ ਲਈ ਇਸ ਨੂੰ ਦੇਖਦੇ ਹੋਏ ਸਤੰਬਰ 2020 ਤੱਕ ਇਸ ਦਾ ਇਸਤੇਮਾਲ ਸਾਰੇ ਬੈਂਕਾਂ ਵਿਚ ਕੀਤਾ ਜਾਵੇਗਾ।

ਜਾਣੋ ਕੀ ਹੁੰਦਾ ਹੈ ਸੀ.ਟੀ.ਐਸ. ਸਿਸਟਮ?

ਸੀ.ਟੀ.ਐਸ. ਦੇ ਤਹਿਤ ਤੁਹਾਡੇ ਚੈੱਕ ਨੂੰ ਕਲੀਅਰ ਹੋਣ ਲਈ ਇਕ ਬੈਂਕ ਤੋਂ ਦੂਜੇ ਬੈਂਕ ਵਿਚ ਨਹੀਂ ਜਾਣਾ ਪਵੇਗਾ, ਇਸ ਨਾਲ ਸਮੇਂ ਦੀ ਬਚਤ ਹੁੰਦੀ ਹੈ ਅਤੇ ਚੈੱਕ ਇਕ ਦਿਨ ਵਿਚ ਹੀ ਕਲੀਅਰ ਹੋ ਜਾਂਦਾ ਹੈ। ਮੌਜੂਦਾ ਵਿਵਸਥਾ ਅਨੁਸਾਰ ਚੈੱਕ ਨੂੰ ਕਲੀਅਰ ਹੋਣ 'ਚ 2 ਤੋਂ 3 ਦਿਨ ਦਾ ਸਮਾਂ ਲੱਗਦਾ ਹੈ। ਜ਼ਿਕਰਯੋਗ ਹੈ ਕਿ ਸੀ.ਟੀ.ਐਸ. ਦੀ ਸ਼ੁਰੂਆਤ 2010 'ਚ ਹੋਈ ਸੀ।

ਇਸ ਤਰ੍ਹਾਂ ਕੰਮ ਕਰਦਾ ਹੈ ਸੀ.ਟੀ.ਐਸ. ਸਿਸਟਮ

ਇਸ ਸਿਸਟਮ ਦੇ ਤਹਿਤ ਚੈੱਕ ਨੂੰ ਕਲੀਅਰ ਕਰਵਾਉਣ ਲਈ ਇਕ ਬੈਂਕ ਤੋਂ ਦੂਜੇ ਬੈਂਕ ਵਿਚ ਨਹੀਂ ਭੇਜਿਆ ਜਾਂਦਾ ਸਗੋਂ ਇਸ ਦੀ ਇਲੈਕਟ੍ਰਾਨਿਕ ਇਮੇਜ ਭੇਜੀ ਜਾਂਦੀ ਹੈ, ਜਿਸ ਨਾਲ ਕੰਮ ਜਲਦੀ ਅਤੇ ਆਸਾਨ ਹੋ ਜਾਂਦਾ ਹੈ। ਇਸ ਦੇ ਨਾਲ ਹੀ ਹੋਰ ਜ਼ਰੂਰੀ ਜਾਣਕਾਰੀ ਜਿਵੇਂ ਕਿ ਐਮ.ਆਈ.ਸੀ.ਆਰ. ਬੈਂਡ ਆਦਿ ਵੀ ਭੇਜ ਦਿੱਤੇ ਜਾਂਦੇ ਹਨ। ਇਸ ਸਿਸਟਮ ਨਾਲ ਪੂਰੀ ਪ੍ਰਕਿਰਿਆ 24 ਘੰਟੇ ਵਿਚ ਪੂਰੀ ਹੋ ਜਾਂਦੀ ਹੈ। ਜਿਹੜੇ ਗਾਹਕਾਂ ਕੋਲ ਸੀ.ਟੀ.ਐਸ. ਸਿਸਟਮ ਵਾਲੇ ਚੈੱਕ ਨਹੀਂ ਹਨ ਉਨ੍ਹਾਂ ਨੂੰ ਆਪਣੇ ਚੈੱਕ ਬਦਲਵਾਉਣੇ ਹੋਣਗੇ। ਇਹ ਮਲਟੀ ਸਿਟੀ ਚੈੱਕ ਹਨ।

ਨਵੇਂ ਚੈੱਕ ਕਲੀਅਰਿੰਗ ਸਿਸਟਮ ਦੇ ਫਾਇਦੇ

  • ਸੀ.ਟੀ.ਐਸ. ਚੈੱਕ ਦੀ ਕਲੀਅਰਿੰਗ 24 ਘੰਟੇ ਵਿਚ ਹੋ ਜਾਂਦੀ ਹੈ।
  • ਅਜਿਹੇ ਚੈੱਕ ਦਾ ਫਰਜ਼ੀ ਇਸਤੇਮਾਲ ਨਹੀਂ ਕੀਤਾ ਜਾ ਸਕੇਗਾ।
  • ਦੇਸ਼ ਵਿਚ ਕਿਸੇ ਵੀ ਥਾਂ ਕਿਸੇ ਵੀ ਬੈਂਕ ਵਿਚ ਕਲੀਅਰਿੰਗ ਦੀ ਸਹੂਲਤ
  • ਪੇਪਰ ਕਲੀਅਰਿੰਗ ਨੂੰ ਲੈ ਕੇ ਹੋਣ ਵਾਲੇ ਰਿਸਕ ਤੋਂ ਛੁਟਕਾਰਾ ਮਿਲਦਾ ਹੈ।
  • ਬੈਂਕ ਅਤੇ ਗਾਹਕ ਦੋਵਾਂ ਨੂੰ ਸਹੂਲਤ

ਫਰਾਡ ਹੋਣ ਦੀ ਸੰਭਾਵਨਾ ਹੁੰਦੀ ਹੈ ਘੱਟ

ਚੈੱਕ ਕਲੀਅਰਿੰਗ 'ਚ ਲੱਗਣ ਵਾਲੇ ਸਮੇਂ ਨੂੰ ਘੱਟ ਕਰਨ ਅਤੇ ਇਸ ਨਾਲ ਹੋਣ ਵਾਲੇ ਫਰਾਡ ਨੂੰ ਘੱਟ ਕਰਨ ਲਈ ਸੀ.ਟੀ.ਐਸ. ਸਿਸਟਮ ਸ਼ੁਰੂ ਕੀਤਾ ਗਿਆ ਹੈ। ਸੀ.ਟੀ.ਐਸ. ਦੇ ਜ਼ਰੀਏ ਵੈਰੀਫਿਕੇਸ਼ਨ ਕਾਫੀ ਆਸਾਨ ਅਤੇ ਤੇਜ਼ ਹੁੰਦਾ ਹੈ, ਜਿਸ ਕਾਰਨ ਫਰਾਡ ਦੀ ਸੰਭਾਵਨਾ ਕਾਫੀ ਘੱਟ ਹੋ ਜਾਂਦੀ ਹੈ। ਸੀ.ਟੀ.ਐਸ. ਸਿਸਟਮ ਤੋਂ ਪਹਿਲਾਂ ਚੈੱਕ ਕਲੀਅਰ ਹੋਣ 'ਚ ਕਾਫੀ ਸਮਾਂ ਲੱਗ ਜਾਂਦਾ ਸੀ ਜਿਸ ਕਾਰਨ ਨਾ ਸਿਰਫ ਗਾਹਕਾਂ ਸਗੋਂ ਬੈਂਕਾਂ ਨੂੰ ਵੀ ਕਾਫੀ ਸਮਾਂ ਲੱਗਦਾ ਹੈ।


Related News