ਪਿਤਾ ਦੇ ਦੋਸ਼ ''ਤੇ ਰੇਮੰਡ ਦੇ ਚੇਅਰਮੈਨ ਨੇ ਦਿੱਤਾ ਵੱਡਾ ਬਿਆਨ
Tuesday, Aug 29, 2017 - 12:00 PM (IST)

ਮੁੰਬਈ— ਗੌਤਮ ਸਿੰਘਾਨੀਆ ਜੋ ਕਿ ਕਾਨੂੰਨੀ ਤੌਰ 'ਤੇ ਆਪਣੇ ਪਿਤਾ ਵਿਜੈਪਤ ਸਿੰਘਾਨੀਆ ਖਿਲਾਫ ਲੜ੍ਹ ਰਹੇ ਹਨ, ਨੇ ਕਿਹਾ ਕਿ ਉਹ ਰੇਮੰਡ ਲਿਮਟਿਡ ਦੇ ਇਕਲੌਤੇ ਵਾਰਸ ਹਨ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਪਿਤਾ ਨੇ ਕਿਹਾ ਸੀ ਕਿ ਉਨ੍ਹਾਂ ਨੇ ਕੰਪਨੀ ਦੇ 1000 ਕਰੋੜ ਤੋਂ ਉਪਰ ਦੀ 37.17 ਫੀਸਦੀ ਹਿੱਸੇਦਾਰੀ ਆਪਣੇ ਬੇਟੇ ਨੂੰ ਦੇ ਕੇ ਗਲਤੀ ਕੀਤੀ ਹੈ।
ਗੌਤਮ ਨੇ ਆਪਣੇ ਪਿਤਾ ਦੇ ਬਿਆਨ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਮੈਂ ਇਸ ਕੰਪਨੀ ਲਈ 35 ਸਾਲ ਤੇ ਹਰ ਦਿਨ 16 ਘੰਟੇ ਕੰਮ ਕੀਤਾ ਹੈ। 52 ਸਾਲ ਦੇ ਸਿੰਘਾਨੀਆ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਇਹ ਹਿੱਸੇਦਾਰੀ ਉਨ੍ਹਾਂ ਦੇ ਨਾਮ ਇਸ ਲਈ ਟਰਾਂਸਫਰ ਕੀਤੀ ਕਿਉਂਕਿ ਉਨ੍ਹਾਂ 'ਤੇ ਦਬਾਅ ਸੀ ਕਿ ਮੈਂ ਕੰਪਨੀ ਨੂੰ 35 ਸਾਲ ਤੋਂ ਵੱਧ ਸਮੇਂ ਤਕ ਸਫਲਤਾਪੂਰਵਕ ਚਲਾਇਆ ਹੈ ਅਤੇ ਉਸ ਸਮੇਂ ਪਰਿਵਾਰਕ ਸਮਝਦਾਰੀ ਸੀ। ਜੇਕਰ ਉਹ ਇਸ ਨੂੰ ਕਿਸੇ ਹੋਰ ਨੂੰ ਦਿੰਦੇ ਤਾਂ 35,000 ਕਰਮਚਾਰੀਆਂ ਦਾ ਕੀ ਬਣਦਾ?
ਰੇਮੰਡ ਗਰੁੱਪ ਦੇ ਮਾਲਕ ਰਹੇ ਵਿਜੈਪਤ ਸਿੰਘਾਨੀਆ ਨੇ ਆਪਣੇ ਬੇਟੇ ਗੌਤਮ 'ਤੇ ਦੋਸ਼ ਲਾਇਆ ਸੀ ਕਿ ਉਸ ਨੇ ਉਨ੍ਹਾਂ ਨੂੰ ਪੈਸੇ-ਪੈਸੇ ਲਈ ਮੁਹਤਾਜ ਕਰ ਦਿੱਤਾ ਹੈ। 12,000 ਕਰੋੜ ਦੀ ਕੰਪਨੀ ਦੇ ਮਾਲਕ ਰਹੇ ਵਿਜੈਪਤ ਨੇ ਬੰਬਈ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਕੇ ਜੇ. ਕੇ. ਹਾਊਸ 'ਚ ਆਪਣੇ ਹਿੱਸਾ ਮੰਗਿਆ ਸੀ। ਹੁਣ ਉਨ੍ਹਾਂ ਦੇ ਬੇਟੇ ਅਤੇ ਰੇਮੰਡ ਦੇ ਚੇਅਰਮੈਨ ਗੌਤਮ ਸਿੰਘਾਨੀਆ ਨੇ ਕਿਹਾ ਹੈ ਕਿ ਸ਼ੇਅਰ ਧਾਰਕਾਂ ਦੇ ਹਿੱਤ ਪਰਿਵਾਰ ਨਾਲੋਂ ਵੱਡੇ ਹਨ। ਗੌਤਮ ਨੇ ਕਿਹਾ ਕਿ ਬੇਟੇ ਅਤੇ ਰੇਮੰਡ ਦੇ ਚੇਅਰਮੈਨ ਦੇ ਤੌਰ 'ਤੇ ਉਨ੍ਹਾਂ ਦੀ ਭੂਮਿਕਾ ਵੱਖ-ਵੱਖ ਹੈ। ਇਕ ਬਿਆਨ 'ਚ ਉਨ੍ਹਾਂ ਨੇ ਕਿਹਾ ਕਿ ਕਾਰਪੋਰੇਟ ਗਵਰਨੈੱਸ ਦੇ ਨਿਯਮਾਂ ਤਹਿਤ ਪ੍ਰਸਤਾਵ ਭੇਜਿਆ ਗਿਆ ਸੀ ਪਰ ਸ਼ੇਅਰ ਧਾਰਕਾਂ ਨੇ ਪ੍ਰਸਤਾਵ ਨਾ ਮਨਜ਼ੂਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮਾਮਲਾ ਅਦਾਲਤ 'ਚ ਹੈ, ਇਸ ਲਈ ਜ਼ਿਆਦਾ ਨਹੀਂ ਕਹਿ ਸਕਦੇ ਪਰ ਕਿਹਾ ਕਿ ਬੇਟੇ ਦੇ ਤੌਰ 'ਤੇ ਉਨ੍ਹਾਂ ਨੇ ਗੱਲਬਾਤ ਕਰਕੇ ਮਾਮਲੇ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ।
ਕੀ ਹੈ ਮਾਮਲਾ?
ਪੂਰਾ ਮਾਮਲਾ ਜੇ. ਕੇ. ਹਾਊਸ ਨੂੰ ਲੈ ਕੇ ਹੈ। ਇਹ ਇਮਾਰਤ 1960 'ਚ ਬਣੀ ਸੀ ਅਤੇ ਉਦੋਂ 14 ਮੰਜ਼ਲਾ ਸੀ। ਬਾਅਦ 'ਚ ਇਮਾਰਤ ਦੇ 4 ਫਲੈਟ ਰੇਮੰਡ ਦੀ ਸਬਸਿਡਰੀ ਪਸ਼ਮੀਨਾ ਹੋਲਡਿੰਗਸ ਨੂੰ ਦਿੱਤੇ ਗਏ। ਉਨ੍ਹਾਂ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਸਿੰਘਾਨੀਆ ਨੇ ਕੰਪਨੀ 'ਚ ਆਪਣੇ ਸਾਰੇ ਸ਼ੇਅਰ ਫਰਵਰੀ 2015 'ਚ ਬੇਟੇ ਦੇ ਹਿੱਸੇ ਦੇ ਦਿੱਤੇ ਸਨ। ਖਬਰਾਂ ਮੁਤਾਬਕ, ਇਨ੍ਹਾਂ ਦੀ ਕੀਮਤ 1000 ਕਰੋੜ ਤੋਂ ਉਪਰ ਸੀ ਪਰ ਹੁਣ ਗੌਤਮ ਨੇ ਉਨ੍ਹਾਂ ਨੂੰ ਬੇਸਹਾਰਾ ਛੱਡ ਦਿੱਤਾ ਹੈ।