GDP 'ਚ 24 ਫੀਸਦੀ ਦੀ ਗਿਰਾਵਟ 'ਤੇ ਰਾਜਨ ਨੇ ਨੌਕਰਸ਼ਾਹੀ 'ਤੇ ਕੱਢੀ ਭਡ਼ਾਸ!
Monday, Sep 07, 2020 - 03:14 PM (IST)

ਨਵੀਂ ਦਿੱਲੀ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) 'ਚ ਭਾਰਤ ਦੀ ਜੀ. ਡੀ. ਪੀ. 'ਚ 23.9 ਫੀਸਦੀ ਦੀ ਗਿਰਾਵਟ ਨੂੰ ਚਿੰਤਾਜਨਕ ਕਰਾਰ ਦਿੱਤਾ ਹੈ।
ਸਾਬਕਾ ਆਰ. ਬੀ. ਆਈ. ਗਵਰਨਰ ਰਘੁਰਾਮ ਰਾਜਨ ਨੇ ਕਿਹਾ ਕਿ ਨੌਕਰਸ਼ਾਹੀ ਨੂੰ ਹੁਣ ਆਤਮਸੰਤੋਸ਼ ਤੋਂ ਬਾਹਰ ਨਿਕਲ ਕੇ ਕੁਝ ਅਰਥਪੂਰਣ ਕਾਰਵਾਈ ਕਰਨੀ ਹੋਵੇਗੀ।
ਰਾਜਨ ਨੇ ਕਿਹਾ, ''ਬਦਕਿਸਮਤੀ ਨਾਲ ਸ਼ੁਰੂਆਤ 'ਚ ਜੋ ਗਤੀਵਧੀਆਂ ਇਕਦਮ ਤੇਜ਼ੀ ਨਾਲ ਵਧੀਆਂ ਸਨ ਹੁਣ ਫਿਰ ਠੰਡੀਆਂ ਪੈ ਗਈਆਂ ਹਨ।''
ਰਾਜਨ ਨੇ ਆਪਣੇ ਲਿੰਕਇਡਨ ਪੇਜ 'ਤੇ ਪੋਸਟ 'ਚ ਲਿਖਿਆ ਹੈ, ''ਆਰਥਿਕ ਵਿਕਾਸ 'ਚ ਇਹ ਗਿਰਾਵਟ ਸਾਡੇ ਸਭ ਲਈ ਚਿਤਾਵਨੀ ਹੈ। ਭਾਰਤ 'ਚ ਜੀ. ਡੀ. ਪੀ. 'ਚ 23.9 ਫੀਸਦੀ ਦੀ ਗਿਰਾਵਟ ਆਈ ਹੈ। (ਅਸੰਗਠਿਤ ਖੇਤਰ ਦੇ ਅੰਕੜੇ ਆਉਣ ਤੋਂ ਬਾਅਦ ਇਹ ਗਿਰਾਵਟ ਹੋਰ ਜ਼ਿਆਦਾ ਹੋ ਸਕਦੀ ਹੈ)। ਉੱਥੇ ਹੀ, ਦੂਜੇ ਪਾਸੇ ਕੋਵਿਡ-19 ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ 'ਚੋਂ ਇਟਲੀ 'ਚ ਇਸ 'ਚ 12.4 ਫੀਸਦੀ ਅਤੇ ਅਮਰੀਕਾ 'ਚ 9.4 ਫੀਸਦੀ ਦੀ ਗਿਰਾਵਟ ਆਈ ਹੈ।''
ਉਨ੍ਹਾਂ ਕਿਹਾ ਕਿ ਇੰਨੇ ਖ਼ਰਾਬ ਜੀ. ਡੀ. ਪੀ. ਅੰਕੜਿਆਂ ਦੀ ਇਕ ਚੰਗੀ ਗੱਲ ਇਹ ਹੋ ਸਕਦੀ ਹੈ ਕਿ ਅਧਿਕਾਰੀ ਤੰਤਰ ਹੁਣ ਆਤਮਸੰਤੋਸ਼ ਦੀ ਸਥਿਤੀ ਤੋਂ ਬਾਹਰ ਨਿਕਲੇਗਾ ਅਤੇ ਕੁਝ ਆਰਥਿਕ ਕਦਮਾਂ 'ਤੇ ਧਿਆਨ ਕੇਂਦਰਿਤ ਕਰੇਗਾ। ਰਾਜਨ ਫਿਲਹਾਲ ਸ਼ਿਕਾਗੋ ਯੂਨੀਵਰਸਿਟੀ 'ਚ ਪ੍ਰੋਫੈਸਰ ਹਨ। ਉਨ੍ਹਾਂ ਕਿਹਾ ਕਿ ਰੈਸਟੋਰੈਂਟਾਂ ਵਰਗੀਆਂ ਸੇਵਾਵਾਂ 'ਤੇ ਖਰਚ ਅਤੇ ਉਸ ਨਾਲ ਜੁੜੇ ਰੋਜ਼ਗਾਰ ਉਸ ਸਮੇਂ ਤੱਕ ਪ੍ਰਭਾਵਿਤ ਰਹਿਣਗੇ, ਜਦੋਂ ਤੱਕ ਵਾਇਰਸ ਨੂੰ ਕੰਟਰੋਲ ਨਹੀਂ ਕਰ ਲਿਆ ਜਾਂਦਾ।