ਵਿਆਹਾਂ ਦੇ ਸੀਜ਼ਨ 'ਚ ਸਬਜ਼ੀਆਂ ਦੀਆਂ ਕੀਮਤਾਂ ਨੇ ਵਧਾਈ ਚਿੰਤਾ, ਜਾਣੋ ਕਦੋਂ ਮਿਲੇਗੀ ਰਾਹਤ

Tuesday, Dec 03, 2024 - 03:49 PM (IST)

ਵਿਆਹਾਂ ਦੇ ਸੀਜ਼ਨ 'ਚ ਸਬਜ਼ੀਆਂ ਦੀਆਂ ਕੀਮਤਾਂ ਨੇ ਵਧਾਈ ਚਿੰਤਾ, ਜਾਣੋ ਕਦੋਂ ਮਿਲੇਗੀ ਰਾਹਤ

ਨਵੀਂ ਦਿੱਲੀ (ਇੰਟ.) – ਦਿੱਲੀ-ਐੱਨ. ਸੀ. ਆਰ. ’ਚ ਇਕ ਵਾਰ ਫਿਰ ਸਬਜ਼ੀਆਂ ਦੇ ਭਾਅ ਆਕਾਸ਼ ਛੂਹ ਰਹੇ ਹਨ। ਇਸ ਵਾਰ ਮੀਂਹ ਦਾ ਦੇਰ ਤੱਕ ਪੈਣਾ ਅਤੇ ਨਵੰਬਰ ’ਚ ਲੱਖਾਂ ਵਿਆਹਾਂ ਦੇ ਕਾਰਨ ਕੀਮਤਾਂ ’ਚ ਵਾਧਾ ਦੇਖਿਆ ਜਾ ਰਿਹਾ ਹੈ। ਆਮ ਤੌਰ ’ਤੇ ਨਵੰਬਰ ਦੇ ਅਖੀਰ ਤੱਕ ਸਬਜ਼ੀਆਂ ਦੀ ਆਮਦ ਵਧਣ ਦੇ ਕਾਰਨ ਹਰ ਸਾਲ ਕੀਮਤਾਂ ਬਹੁਤ ਘੱਟ ਹੋ ਜਾਂਦੀਆਂ ਸਨ ਪਰ ਇਸ ਵਾਰ ਮੀਂਹ ਦੇ ਕਾਰਨ ਪੈਦਾਵਾਰ ’ਚ ਦੇਰੀ ਹੋਈ। ਇਸ ਤੋਂ ਇਲਾਵਾ ਦਿੱਲੀ-ਐੱਨ. ਸੀ. ਆਰ. ’ਚ ਲੱਗਭਗ ਸਾਢੇ 4 ਲੱਖ ਵਿਆਹਾਂ ਦੇ ਕਾਰਨ ਸਬਜ਼ੀਆਂ ਦੀ ਮੰਗ ਕਾਫੀ ਵਧ ਗਈ ਹੈ।

ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ ਤੋਂ ਪਿਆਜ਼, ਯੂ. ਪੀ., ਹਰਿਆਣਾ, ਪੰਜਾਬ, ਹਿਮਾਚਲ ਤੋਂ ਆਲੂ ਦੀ ਆਮਦ ਬੇਹੱਦ ਘੱਟ ਹੋ ਗਈ ਹੈ। ਅਜਿਹੇ ’ਚ ਸਬਜ਼ੀਆਂ ਦੀਆਂ ਕੀਮਤਾਂ ਆਮ ਨਾਲੋਂ ਡੇਢ ਤੋਂ ਦੋਗੁਣਾ ਤੱਕ ਵੱਧ ਬਣੀਆਂ ਹੋਈਆਂ ਹਨ। ਆਜ਼ਾਦਪੁਰ ਸਬਜ਼ੀ ਮੰਡੀ ਦੇ ਆੜ੍ਹਤੀ ਰਾਜੇਂਦਰ ਸ਼ਰਮਾ ਦਾ ਕਹਿਣਾ ਹੈ ਕਿ ਇਸ ਵਾਰ ਕਈ ਸੂਬਿਆਂ ’ਚ ਨਵੰਬਰ ਤੱਕ ਮੀਂਹ ਪਿਆ ਹੈ। ਉਨ੍ਹਾਂ ਕਿਹਾ ਕਿ ਆਂਧਰਾ ਪ੍ਰਦੇਸ਼, ਕਰਨਾਟਕ, ਮਹਾਰਾਸ਼ਟਰ ਤੋਂ ਪਿਆਜ਼ ਦੀ ਨਵੀਂ ਫਸਲ ਅਕਤੂਬਰ ਦੇ ਅਖੀਰ ਤੱਕ ਆਉਣੀ ਸ਼ੁਰੂ ਹੋ ਜਾਂਦੀ ਹੈ ਪਰ ਇਸ ਵਾਰ ਨਵੰਬਰ ਦੇ ਅਖੀਰ ਤੱਕ ਵੀ ਫਸਲ ਪੂਰੀ ਤਰ੍ਹਾਂ ਤਿਆਰ ਨਹੀਂ ਹੋਈ ਹੈ। ਰਾਜਸਥਾਨ ਦੀ ਅਗੇਤੀ ਫਸਲ ਵੀ ਮੀਂਹ ਦੇ ਕਾਰਨ ਖਰਾਬ ਹੋ ਗਈ ਸੀ। ਇਸ ਕਾਰਨ ਪਿਆਜ਼ ਦੀਆਂ ਕੀਮਤਾਂ ’ਚ ਮਾਮੂਲੀ ਗਿਰਾਵਟ ਆਈ।

ਨਵੇਂ ਆਲੂ ਦੀ ਸਪਲਾਈ ਬੇਹੱਦ ਘੱਟ

ਸਬਜ਼ੀਆਂ ਦੇ ਥੋਕ ਕਾਰੋਬਾਰੀ ਸ਼੍ਰੀਪਾਲ ਨੇ ਦੱਸਿਆ ਕਿ ਆਲੂ ਦੀ ਫਸਲ ਵੀ ਦੇਰ ਨਾਲ ਹੋਈ। ਨਵਾਂ ਆਲੂ ਬਾਜ਼ਾਰ ’ਚ ਆ ਤਾਂ ਗਿਆ ਹੈ ਪਰ ਸਪਲਾਈ ਬੇਹੱਦ ਘੱਟ ਹੈ। ਨਵੇਂ ਆਲੂ ਦੀ ਸਪਲਾਈ 15 ਤੋਂ 20 ਦਿਨ ਪਹਿਲਾਂ ਸ਼ੁਰੂ ਹੋ ਗਈ ਸੀ ਉਦੋਂ ਭਾਅ 50 ਕਿਲੋਗ੍ਰਾਮ ਦੀ ਬੋਰੀ ’ਤੇ 250 ਤੋਂ 300 ਰੁਪਏ ਘੱਟ ਹੋ ਗਿਆ ਸੀ। ਮੰਗ ਪੂਰੀ ਨਹੀਂ ਹੋਈ ਤਾਂ ਕੀਮਤਾਂ ਫਿਰ ਤੋਂ ਵਧ ਗਈਆਂ ਹਨ।

20 ਦਸੰਬਰ ਤੱਕ ਆਲੂ ਦੀ ਫਸਲ ਪੂਰੀ ਤਰ੍ਹਾਂ ਤਿਆਰ ਹੋ ਜਾਵੇਗੀ, ਜਿਸ ਤੋਂ ਬਾਅਦ ਕੀਮਤਾਂ ਹੇਠਾਂ ਆਉਣ ਦੀ ਉਮੀਦ ਹੈ। ਮੀਂਹ ਕਾਰਨ ਹੀ ਗਾਜਰ, ਗੋਭੀ, ਮਟਰ, ਟਮਾਟਰ, ਸ਼ਿਮਲਾ ਮਿਰਚ ਦੀ ਫਸਲ ਦੀ ਬਿਜਾਈ ਵੀ ਦੇਰੀ ਨਾਲ ਹੋਈ ਹੈ ਅਤੇ ਹੁਣ ਫਸਲ ਤਿਆਰ ਹੋਣ ’ਚ ਵੀ ਦੇਰ ਹੋ ਰਹੀ ਹੈ। ਇਸ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਉਮੀਦ ਦੇ ਅਨੁਸਾਰ ਘੱਟ ਨਹੀਂ ਹੋਈਆਂ ਹਨ।

ਵਿਆਹਾਂ ਦਾ ਸੀਜ਼ਨ ਖਤਮ ਹੁੰਦੇ ਹੀ ਰਾਹਤ

ਥੋਕ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਦਸੰਬਰ ’ਚ ਵਿਆਹਾਂ ਦੇ ਸ਼ੁੱਭ ਮਹੂਰਤ ਸਿਰਫ 14 ਤਰੀਕ ਤੱਕ ਹਨ। ਇਸ ਤੋਂ ਬਾਅਦ ਇਕ ਮਹੀਨੇ ਲਈ ਵਿਆਹਾਂ ’ਤੇ ਬਰੇਕ ਲੱਗ ਜਾਏਗੀ ਅਤੇ 16 ਜਨਵਰੀ ਤੋਂ ਦੁਬਾਰਾ ਸ਼ੁੱਭ ਮਹੂਰਤ ਸ਼ੁਰੂ ਹੋਣਗੇ। ਅਜਿਹੇ ’ਚ 15 ਦਸੰਬਰ ਤੋਂ ਬਾਅਦ ਵਿਆਹ ਨਾ ਹੋਣ ਦੇ ਕਾਰਨ ਵੀ ਸਬਜ਼ੀਆਂ ਦੀ ਮੰਗ ’ਚ ਕਮੀ ਆਉਣ ਦੀ ਉਮੀਦ ਹੈ। 15 ਦਸੰਬਰ ਤੋਂ ਬਾਅਦ ਸਬਜ਼ੀਆਂ ਦੀਆਂ ਆਮਦ ਵਧਣ ਅਤੇ ਮੰਗ ’ਚ ਕਮੀ ਆਉਣ ਦੇ ਕਾਰਨ ਵੀ ਭਾਅ ਘੱਟ ਹੋਣ ਦੀ ਉਮੀਦ ਹੈ।

ਆਮਦ ਘਟਣ ਨਾਲ ਭਾਅ ਚੜ੍ਹੇ

ਆਮਦ ਘਟਣ ਨਾਲ ਇਸ ਵਾਰ ਸਬਜ਼ੀਆਂ ਦੀਆਂ ਕੀਮਤਾਂ ਵੀ ਵਧੀਆਂ ਹਨ। ਘੱਟ ਪੈਦਾਵਾਰ ਹੋਣ ਦੇ ਕਾਰਨ ਜ਼ਿਆਦਾਤਰ ਸਬਜ਼ੀਆਂ ਸਥਾਨਕ ਮੰਡੀਆਂ ’ਚ ਹੀ ਵਿਕ ਰਹੀਆਂ ਹਨ। ਗਾਜ਼ੀਆਬਾਦ ਜ਼ਿਲੇ ਦੀ ਸਾਹਿਬਾਬਾਦ ਨਵੀਂ ਫਲ ਅਤੇ ਸਬਜ਼ੀ ਮੰਡੀ ਦੇ ਸਕੱਤਰ ਸੁਨੀਲ ਕੁਮਾਰ ਸ਼ਰਮਾ ਨੇ ਦੱਸਿਆ ਕਿ ਕਿਸਾਨਾਂ ਦੀ ਫਸਲ ਨੂੰ ਘੱਟ ਭਾਅ ਮਿਲ ਰਹੇ ਸਨ। ਇਸ ਕਾਰਨ ਕਿਸਾਨਾਂ ਨੇ ਆਪਣੀਆਂ ਸਬਜ਼ੀਆਂ ਨੂੰ ਮੰਡੀ ’ਚ ਲਿਆਉਣਾ ਘੱਟ ਕਰ ਦਿੱਤਾ ਹੈ।

ਖਪਤ ਹੋ ਰਹੀ ਜ਼ਿਆਦਾ

ਗੁਰੂਗ੍ਰਾਮ ’ਚ 2 ਮਹੀਨਿਆਂ ਤੋਂ ਸਬਜ਼ੀਆਂ ਦੀਆਂ ਕੀਮਤਾਂ ਡਿੱਗਣ ਦਾ ਨਾਂ ਨਹੀਂ ਲੈ ਰਹੀਆਂ। ਇਸ ਸਮੇਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਇਸ ਨਾਲ ਸਬਜ਼ੀਆਂ ਦੀ ਖਪਤ ਵੱਧ ਅਤੇ ਸਪਲਾਈ ਘੱਟ ਹੋ ਰਹੀ ਹੈ। ਇਸ ਨਾਲ ਟਮਾਟਰ 80 ਅਤੇ ਪਿਆਜ਼ 60 ਰੁਪਏ ਕਿਲੋ ਤੱਕ ਪਹੁੰਚ ਗਿਆ ਹੈ। ਸਬਜ਼ੀ ਵਿਕ੍ਰੇਤਾਵਾਂ ਦੀ ਮੰਨੀਏ ਤਾਂ ਬਾਹਰ ਦੀਆਂ ਮੰਡੀਆਂ ਤੋਂ ਸਬਜ਼ੀਆਂ ਦੀ ਆਮਦ ਘੱਟ ਹੋਣ ਨਾਲ ਭਾਅ ਘੱਟ ਹੋਣ ਦਾ ਨਾਂ ਨਹੀਂ ਲੈ ਰਹੇ ਹਨ।


author

Harinder Kaur

Content Editor

Related News