ਪਾਲਿਸੀ ਬਾਜ਼ਾਰ J&K-ਲਦਾਖ ''ਚ 4 ਹਜ਼ਾਰ ਲੋਕਾਂ ਨੂੰ ਦੇਵੇਗਾ ਰੋਜ਼ਗਾਰ
Monday, Aug 12, 2019 - 02:04 PM (IST)

ਨਵੀਂ ਦਿੱਲੀ— ਪਾਲਿਸੀ ਬਾਜ਼ਾਰ ਅਤੇ ਪੈਸਾ ਬਾਜ਼ਾਰ ਦੀ ਸੰਚਾਲਕ 'Etechaces ਮਾਰਕੀਟਿੰਗ ਤੇ ਕੰਸਲਟਿੰਗ ਪ੍ਰਾਈਵੇਟ ਲਿਮਟਿਡ' ਜੰਮੂ-ਕਸ਼ਮੀਰ ਅਤੇ ਲਦਾਖ 'ਚ 12 ਮਹੀਨਿਆਂ ਦੌਰਾਨ 4 ਹਜ਼ਾਰ ਲੋਕਾਂ ਨੂੰ ਰੋਜ਼ਗਾਰ ਦੇਣ ਲਈ ਪੱਬਾਂ ਭਾਰ ਹੈ।
ਕੰਪਨੀ ਮੁਤਾਬਕ, ਲਗਭਗ 95 ਫੀਸਦੀ ਰੋਜ਼ਗਾਰ ਗਾਹਕ ਸਲਾਹਕਾਰ ਪੋਸਟ ਨਾਲ ਸੰਬੰਧਤ ਹੋਣਗੇ ਅਤੇ ਬਾਕੀ ਤਕਨੀਕੀ ਤੇ ਕਾਰਪੋਰੇਟ ਕੰਮਾਂ ਨਾਲ ਸੰਬੰਧਤ ਹੋਣਗੇ। ਕੰਪਨੀ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ ਪਿਛਲੇ ਸਾਲਾਂ ਦੌਰਾਨ ਸਿੱਖਿਆ ਦੀ ਗੁਣਵੱਤਾ ਕਾਫੀ ਚੰਗੀ ਹੋਈ ਹੈ। ਘਾਟੀ 'ਚ ਰੋਜ਼ਗਾਰ ਦੀ ਜ਼ਰੂਰਤ ਹੈ ਅਤੇ ਕੰਪਨੀ ਸਥਾਨਕ ਲੋਕਾਂ ਲਈ ਰੋਜ਼ਗਾਰ ਉਪਲੱਬਧ ਕਰਨ ਦੀ ਇਸ ਕੋਸ਼ਿਸ਼ ਦਾ ਹਿੱਸਾ ਬਣਨਾ ਚਾਹੁੰਦੀ ਹੈ। ਪਾਲਿਸੀ ਬਾਜ਼ਾਰ ਦੇ ਸਹਿ-ਸੰਸਥਾਪਕ ਤੇ ਸੀ. ਈ. ਓ. ਨੇ ਕਿਹਾ ਕਿ ਇਸ ਲਈ ਆਮ ਨਾਲੋਂ ਥੋੜ੍ਹੀ ਵੱਧ ਕੋਸ਼ਿਸ਼ ਦੀ ਜ਼ਰੂਰਤ ਹੋਵੇਗੀ ਪਰ ਇਕ ਕੰਪਨੀ ਦੇ ਤੌਰ 'ਤੇ ਅਸੀਂ ਇਸ ਨੂੰ ਕਰਨ ਲਈ ਉਤਸਕ ਹਾਂ।
ਜ਼ਿਕਰਯੋਗ ਹੈ ਕਿ ਧਾਰਾ 370 ਸਮਾਪਤ ਹੋਣ ਮਗਰੋਂ ਕਈ ਕੰਪਨੀਆਂ ਜੰਮੂ-ਕਸ਼ਮੀਰ 'ਚ ਕਾਰੋਬਾਰ ਸ਼ੁਰੂ ਕਰਨ ਲਈ ਤਿਆਰ ਹਨ। ਹਾਲ ਹੀ 'ਚ ਏਸ਼ੀਆ ਦੀ ਸਭ ਤੋਂ ਵੱਡੀ ਹੈਲਮੇਟ ਕੰਪਨੀ ਸਟੀਲਬਰਡ ਹਾਈਟੈੱਕ ਨੇ ਵੀ ਜੰਮੂ-ਕਸ਼ਮੀਰ 'ਚ ਨਿਰਮਾਣ ਪਲਾਂਟ ਲਾਉਣ ਦੀ ਪੇਸ਼ਕਸ਼ ਕੀਤੀ ਹੈ। ਸਰਕਾਰ ਦੇ ਕਦਮਾਂ ਨਾਲ ਜੰਮੂ-ਕਸ਼ਮੀਰ ਅਤੇ ਲਦਾਖ ਦੇ ਲੋਕਾਂ ਨੂੰ ਵੱਡੇ ਪੱਧਰ 'ਤੇ ਰੋਜ਼ਗਾਰ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ।