ਕੋਰੋਨਾ ਵਾਇਰਸ ਕਾਰਨ ਭਾਰਤ ਦੀ ਵਧੀ ਪਰ੍ਰੇਸ਼ਾਨੀ, 40% ਤੱਕ ਵਧੇ ਪੈਰਾਸਿਟਾਮੋਲ ਦੇ ਭਾਅ

02/18/2020 2:46:30 PM

ਨਵੀਂ ਦਿੱਲੀ — ਚੀਨ 'ਚ ਫੈਲੀ ਮਹਾਂਮਾਰੀ ਦਾ ਅਸਰ ਭਾਰਤ ਵਿਚ ਵੀ ਦਿਖਾਈ ਦੇਣ ਲੱਗ ਗਿਆ ਹੈ। ਚੀਨ 'ਚ ਸਭ ਤੋਂ ਜ਼ਿਆਦਾ ਮੋਬਾਈਲ ਫੋਨ ਅਤੇ ਦਵਾਈਆਂ ਦਾ ਉਤਪਾਦਨ ਹੁੰਦਾ ਹੈ। ਭਾਰਤ ਚੀਨ ਤੋਂ ਦਵਾਈ ਅਤੇ ਮੋਬਾਈਲ ਫੋਨ ਦਾ ਆਯਾਤ ਕਰਦਾ ਹੈ। ਅਜਿਹੇ 'ਚ ਕੋਰੋਨਾ ਵਾਇਰਸ ਕਾਰਨ ਭਾਰਤ ਵਿਚ ਦਵਾਈਆਂ ਅਤੇ ਮੋਬਾਈਲ ਫੋਨ ਦੀ ਕਿੱਲਤ ਵਧ ਸਕਦੀ ਹੈ। ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਆਬਾਦੀ ਵਾਲਾ ਦੇਸ਼ ਹੈ। ਰੋਜ਼ਾਨਾ ਦੀ ਵਰਤੋਂ ਵਾਲੀਆਂ ਵਸਤੂਆਂ ਦੀ ਖਪਤ ਭਾਰਤ ਵਿਚ ਜ਼ਿਆਦਾ ਹੁੰਦੀ ਹੈ। ਚੀਨ 'ਚ ਕੋਰੋਨਾ ਵਾਇਰਸ ਦੇ ਕਾਰਨ ਦਵਾਈਆਂ ਦੀ ਸਪਲਾਈ ਘੱਟ ਹੋ ਸਕਦੀ ਹੈ। ਭਾਰਤ ਵਿਚ ਬੁਖਾਰ ਅਤੇ ਦਰਦ ਸਮੇਂ ਇਸਤੇਮਾਲ ਹੋਣ ਵਾਲੀ ਪੈਰਾਸਿਟਾਮੋਲ ਦਵਾਈ ਦੀ ਕੀਮਤ ਵਿਚ 40 ਫੀਸਦੀ ਤੱਕ ਦਾ ਵਾਧਾ ਹੋ ਗਿਆ ਹੈ। ਇਸ ਦੇ ਨਾਲ ਹੀ ਬੈਕਟੀਰੀਅਲ ਇੰਫੈਕਸ਼ਨ(Bacterial Infection) ਤੋਂ ਬਚਣ ਲਈ ਇਸਤੇਮਾਲ ਹੋਣ ਵਾਲੀ ਦਵਾਈ Azithromycin ਦੀ ਕੀਮਤ ਵੀ 70 ਫੀਸਦੀ ਵਧ ਚੁੱਕੀ ਹੈ। ਇਕ ਫਾਰਮਾ ਕੰਪਨੀ ਨੇ ਦੱਸਿਆ ਕਿ ਜੇਕਰ ਅਗਲੇ ਮਹੀਨੇ ਤੱਕ ਇਸ ਦੀ ਸਪਲਾਈ 'ਚ ਸੁਧਾਰ ਨਾ ਹੋਇਆ ਤਾਂ ਫਾਰਮਾ ਇੰਡਸਟਰੀ 'ਚ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਦਵਾਈਆਂ ਦੇ ਨਿਰਮਾਣ 'ਚ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਨਿਰਮਾਣ ਖੇਤਰ ਨੂੰ ਨੁਕਸਾਨ

ਕੋਰੋਨਾ ਵਾਇਰਸ ਕਾਰਨ ਚੀਨ 'ਚ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ। ਜਿਸ ਕਾਰਨ ਦੁਨੀਆ ਭਰ ਦੀ ਅਰਥਵਿਵਸਥਾ ਨੂੰ ਇਸ ਦਾ ਖਤਰਾ ਬਣਿਆ ਹੋਇਆ ਹੈ। ਚੀਨ 'ਚ ਲੋਕਾਂ ਦੀ ਆਵਾਜਾਈ 'ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਦੇ ਕਾਰਨ ਚੀਨ ਦੇ ਨਿਰਮਾਣ ਸੈਕਟਰ ਨੂੰ ਵੱਡਾ ਧੱਕਾ ਲੱਗਾ ਹੈ। ਇਸ ਕਾਰਨ ਗਲੋਬਲ ਸਪਲਾਈ ਨੂੰ ਚੁਣੌਤੀ ਮਿਲ ਰਹੀ ਹੈ। ਭਾਰਤ ਕੱਚੇ ਮਾਲ ਨੂੰ ਲੈ ਕੇ ਕਈ ਉਤਪਾਦਾਂ ਲਈ ਚੀਨ 'ਤੇ ਨਿਰਭਰ ਕਰਦਾ ਹੈ। ਅਜਿਹੇ 'ਚ ਚੀਨ ਦੀ ਇਹ ਮਹਾਂਮਾਰੀ ਭਵਿੱਖ 'ਚ ਭਾਰਤ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦੀ ਹੈ।

3 ਸਾਲਾਂ ’ਚ 23 ਫ਼ੀਸਦੀ ਵਧੀ ਚੀਨ ’ਤੇ ਨਿਰਭਰਤਾ

ਐਕਟਿਵ ਫਾਰਮਾਸਿਊਟੀਕਲਸ ਇੰਗ੍ਰੇਡੀਅੈਂਟਸ (ਏ. ਪੀ. ਆਈ.) ਦੀ ਦਰਾਮਦ ਲਈ ਭਾਰਤ ਦੀ ਚੀਨ ’ਤੇ ਨਿਰਭਰਤਾ ਬਹੁਤ ਜ਼ਿਆਦਾ ਹੈ। ਕੋਈ ਵੀ ਦਵਾਈ ਬਣਾਉਣ ਲਈ ਏ. ਪੀ. ਆਈ. ਸਭ ਤੋਂ ਅਹਿਮ ਕੰਪੋਨੈਂਟ ਹਨ। ਡਾਇਰੈਕਟੋਰੇਟ ਜਨਰਲ ਆਫ ਕਮਰਸ਼ੀਅਲ ਇੰਟੈਲੀਜੈਂਸ ਐਂਡ ਸਟੈਟੇਸਟਿਕਸ (ਡੀ. ਜੀ. ਸੀ. ਆਈ. ਐੱਸ.) ਮੁਤਾਬਕ 2016-17 ’ਚ ਭਾਰਤ ਨੇ ਇਸ ਏ. ਪੀ. ਆਈ. ਸੈਗਮੈਂਟ ’ਚ 19,653.25 ਕਰੋਡ਼ ਰੁਪਏ ਦੀ ਦਰਾਮਦ ਕੀਤੀ, ਇਸ ’ਚ ਚੀਨ ਦੀ ਹਿੱਸੇਦਾਰੀ 66.69 ਫ਼ੀਸਦੀ ਰਹੀ। 2017-18 ਦੌਰਾਨ ਭਾਰਤ ਦੀ ਦਰਾਮਦ 21,481 ਕਰੋਡ਼ ਰੁਪਏ ਰਹੀ ਅਤੇ ਚੀਨ ਦੀ ਹਿੱਸੇਦਾਰੀ ਵਧ ਕੇ 68.36 ਫ਼ੀਸਦੀ ਹੋ ਗਈ। 2018-19 ’ਚ ਏ. ਪੀ. ਆਈ. ਅਤੇ ਬਲਕ ਡਰੱਗ ਇੰਪੋਰਟ 25,552 ਕਰੋਡ਼ ਰੁਪਏ ਹੋ ਗਿਆ। 2016-17 ਤੋਂ ਲੈ ਕੇ ਹੁਣ ਤੱਕ ਫਾਰਮਾ ਸੈਕਟਰ ’ਚ ਭਾਰਤ ਦੀ ਚੀਨ ’ਤੇ ਨਿਰਭਰਤਾ ’ਚ 23 ਫ਼ੀਸਦੀ ਦਾ ਵਾਧਾ ਹੋਇਆ ਹੈ।

ਦੁਨੀਆ ’ਚ ਜੈਨੇਰਿਕ ਦਵਾਈਆਂ ਦੀ ਸਪਲਾਈ ’ਚ ਭਾਰਤ ਸਭ ਤੋਂ ਵੱਡਾ ਬਾਜ਼ਾਰ

ਕੋਰੋਨਾ ਵਾਇਰਸ ਦੇ ਕਹਿਰ ਕਾਰਣ ਚੀਨ ’ਚ ਫੈਕਟਰੀਆਂ ਬੰਦ ਹਨ। ਇਸ ਵਜ੍ਹਾ ਨਾਲ ਦੁਨੀਆਭਰ ’ਚ ਸਪਲਾਈ ਪ੍ਰਭਾਵਿਤ ਹੋਈ ਹੈ। ਜਾਇਡਸ ਕੈਡਿਲਾ ਦੇ ਚੇਅਰਮੈਨ ਪੰਕਜ ਆਰ. ਪਟੇਲ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ’ਚ ਐਕਟਿਵ ਫਾਰਮਾਸਿਊਟੀਕਲਸ ਇੰਗ੍ਰੇਡੀਅੈਂਟਸ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਸਕਦੀਆਂ ਹਨ। ਦੁਨੀਆ ’ਚ ਜੈਨੇਰਿਕ ਦਵਾਈਆਂ ਦੀ ਸਪਲਾਈ ਦੇ ਮਾਮਲੇ ’ਚ ਭਾਰਤ ਸਭ ਤੋਂ ਵੱਡਾ ਬਾਜ਼ਾਰ ਹੈ। ਅਮਰੀਕੀ ਬਾਜ਼ਾਰ ਨੂੰ ਡਰੱਗਸ ਸਪਲਾਈ ਕਰਨ ਵਾਲੀਆਂ 12 ਫ਼ੀਸਦੀ ਮੈਨੂਫੈਕਚਰਿੰਗ ਸਾਈਟਸ ਭਾਰਤ ’ਚ ਹਨ। ਭਾਰਤ ਫਾਰਮਾ ਇੰਗ੍ਰੇਡੀਅੈਂਟਸ ਦੇ ਕਈ ਪ੍ਰੋਡਕਟਸ ਦਾ 80 ਫ਼ੀਸਦੀ ਤੱਕ ਚੀਨ ਤੋਂ ਦਰਾਮਦ ਕਰਦਾ ਹੈ।


Related News