Paytm ਵਾਲੇਟ ''ਚ ਰੱਖੀ ਰਾਸ਼ੀ ''ਤੇ ਮਿਲੇਗਾ 4 ਤੇ 8 ਫੀਸਦੀ ਦਾ ਵਿਆਜ, ਜਾਣੋ ਇਸ ਦੇ ਹੋਰ ਲਾਭ

03/15/2019 4:12:39 PM

ਨਵੀਂ ਦਿੱਲੀ — ਹੁਣ Paytm ਜ਼ਰੀਏ ਲੈਣ-ਦੇਣ ਕਰਨ 'ਤੇ 4 ਫੀਸਦੀ ਦੀ ਦਰ ਨਾਲ ਬਚਤ ਖਾਤੇ 'ਤੇ ਵਿਆਜ ਮਿਲ ਸਕੇਗਾ। ਜੇਕਰ ਖਾਤੇ ਵਿਚ ਜਮ੍ਹਾ ਰਾਸ਼ੀ 1 ਲੱਖ ਤੋਂ ਜ਼ਿਆਦਾ ਹੈ ਤਾਂ ਇਹ ਰਾਸ਼ੀ ਆਪਣੇ ਆਪ ਫਿਕਸਡ ਡਿਪਾਜ਼ਿਟ 'ਚ ਬਦਲ ਜਾਵੇਗੀ। ਇਸ ਫਿਕਸਡ ਡਿਪਾਜ਼ਿਟ 'ਤੇ ਤੁਹਾਨੂੰ ਬੈਂਕਾਂ ਤੋਂ ਜ਼ਿਆਦਾ 8 ਫੀਸਦੀ ਦੀ ਦਰ ਨਾਲ ਵਿਆਜ ਦਾ ਲਾਭ ਮਿਲੇਗਾ। ਸਿਰਫ ਇੰਨਾ ਹੀ ਨਹੀਂ ਇਸ ਐਫ.ਡੀ. ਨੂੰ ਬਿਨਾਂ ਕਿਸੇ ਚਾਰਜ ਦੇ ਹੀ ਤੁੜਵਾ ਵੀ ਸਕਦੇ ਹੋ। ਪੇਟੀਐਮ ਪੇਮੈਂਟਸ ਬੈਂਕ ਲਿਮਟਿਡ(ਪੀਪੀਬੀ) ਦੀ ਨਵੀਂ ਮੋਬਾਇਲ ਬੈਂਕਿੰਗ ਐਪ ਦੀ ਲਾਂਚਿੰਗ ਮੌਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਪੇਟੀਐਮ ਨੇ ਅਜਿਹਾ ਕਰਕੇ ਸਿੱਧੇ ਤੌਰ 'ਤੇ ਭਾਰਤੀ ਬੈਂਕਿੰਗ ਸਰਵਿਸ 'ਚ ਆਪਣੀ ਪੈਠ ਬਣਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।

ਅਜਿਹਾ ਹੈ ਐਪ

ਨਵੇਂ ਐਪ ਮੌਜੂਦਾ ਐਪ ਤੋਂ ਵੱਖ ਹਨ। Google Play ਸਟੋਰ 'ਤੇ paytm mobile banking app ਡਾਊਨਲੋਡ ਕੀਤਾ ਜਾ ਸਕਦਾ ਹੈ। ਜਲਦੀ ਹੀ ਇਹ ਐਪਲ ਐਪ ਸਟੋਰ 'ਤੇ ਵੀ ਉਪਲੱਬਧ ਹੋਵੇਗਾ। ਇਸ ਐਪ ਦੇ ਜ਼ਰੀਏ ਤੁਸੀਂ ਅਸਾਨੀ ਨਾਲ ਬੈਂਕਿੰਗ ਸੇਵਾਵਾਂ ਦੀ ਵਰਤੋਂ ਕਰ ਸਕੋਗੇ। ਇਹ ਡਿਜੀਟਲ ਡੈਬਿਟ ਕਾਰਡ ਆਦਿ ਦੀ ਵਰਤੋਂ ਕਰਨ ਦੀ ਸਹੂਲਤ ਦੇਵੇਗਾ। ਮੋਬਾਇਲ ਬੈਂਕਿੰਗ ਐਪ ਦੇ ਜ਼ਰੀਏ ਬੈਲੇਂਸ ਚੈੱਕ, ਅਕਾਊਂਟ ਸਟੇਟਮੈਂਟ ਅਤੇ 24x7 ਸਹਾਇਤਾ ਪ੍ਰਾਪਤ ਕਰ ਸਕੋਗੇ। 

4.3 ਕਰੋੜ ਲੋਕਾਂ ਨੂੰ ਹੋਵੇਗਾ ਲਾਭ

ਮਈ 2017 'ਚ ਪੇਟੀਐਮ ਬੈਂਕ ਲਾਂਚ ਹੋਇਆ ਸੀ। ਮੌਜੂਦਾ ਸਮੇਂ 'ਚ ਪੇਟੀਐਮ ਦੇ 4.3 ਕਰੋੜ ਉਪਭੋਗਤਾ ਹਨ। ਇਨ੍ਹਾਂ ਸਾਰਿਆਂ ਨੂੰ ਵਰਚੁਅਲ ਡੈਬਿਟ ਕਾਰਡ ਦਿੱਤਾ ਗਿਆ ਹੈ। ਐਪ ਵਿਚ ਸਿਰਫ ਇਕ ਕਲਿੱਕ ਨਾਲ ਡੈਬਿਟ ਕਾਰਡ ਦੀ ਦੁਰਵਰਤੋਂ ਤੋਂ ਸੁਰੱਖਿਅਤ ਕਰਨ ਦੀ ਸਹੂਲਤ ਹੈ। ਇਸ ਮੌਕੇ 'ਤੇ ਪੇਟੀਐਮ ਪੇਮੈਂਟਸ ਬੈਂਕ ਦੇ ਐਮ.ਡੀ. ਅਤੇ ਸੀ.ਈ.ਓ. ਸਤੀਸ਼ ਕੁਮਾਰ ਗੁਪਤਾ ਨੇ ਕਿਹਾ ਕਿ ਨਵਾਂ ਐਪ ਆਪਣੇ ਬੈਂਕ ਦੇ ਗਾਹਕਾਂ ਲਈ ਸੂਚੀਬੱਧ ਤਰੀਕੇ ਨਾਲ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਲਈ ਪੇਸ਼ ਕੀਤਾ ਗਿਆ ਹੈ। ਨਵੇਂ ਐਪ ਦਾ ਉਦੇਸ਼ ਮੌਜੂਦਾ ਐਪ ਤੋਂ ਆਪਣੇ ਸੰਚਾਲਨ ਨੂੰ ਵੱਖ ਕਰਨ ਦਾ ਹੈ। ਇਸ ਦੀ ਸਹਾਇਤਾ ਨਾਲ ਦੂਜੀਆਂ ਸੰਸਥਾਵਾਂ 'ਚ ਗਾਹਕਾਂ ਨੂੰ ਬੈਂਕਿੰਗ ਕਰਨ 'ਚ ਅਸਾਨੀ ਹੋਵੇਗੀ।