ਹੁਣ ਹਵਾਈ ਅੱਡੇ ''ਤੇ ਦਿਖਾਓ ਇਹ ''ਐਪ'', ਮਿਲ ਜਾਵੇਗੀ ਐਂਟਰੀ
Saturday, Oct 28, 2017 - 12:43 PM (IST)
ਨਵੀਂ ਦਿੱਲੀ— ਹੁਣ ਮੋਬਾਇਲ ਆਧਾਰ ਯਾਨੀ ਐੱਮ-ਆਧਾਰ ਐਪ ਦਾ ਇਸਤੇਮਾਲ ਹਵਾਈ ਅੱਡੇ 'ਚ ਦਾਖਲ ਹੋਣ ਲਈ ਇਕ ਪਛਾਣ ਪੱਤਰ ਦੀ ਤਰ੍ਹਾਂ ਕੀਤਾ ਜਾ ਸਕਦਾ ਹੈ। ਐੱਮ-ਆਧਾਰ ਐਪ ਹਾਲ ਹੀ 'ਚ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ, ਜਿਸ 'ਚ ਆਧਾਰ ਕਾਰਡ ਨੂੰ ਮੋਬਾਇਲ 'ਚ ਰੱਖਿਆ ਜਾ ਸਕਦਾ ਹੈ। ਇਸ ਵਾਸਤੇ ਆਧਾਰ ਨਾਲ ਮੋਬਾਇਲ ਨੰਬਰ ਰਜਿਸਟਰ ਹੋਣਾ ਜ਼ਰੂਰੀ ਹੈ। ਇਸ ਐਪ 'ਚ ਆਧਾਰ ਕਾਰਡ ਸਟੋਰ ਕਰਕੇ ਰੱਖਣ 'ਤੇ ਤੁਹਾਨੂੰ ਫਿਜੀਕਲ ਆਧਾਰ ਕਾਰਡ ਹਰ ਵੇਲੇ ਨਾਲ ਲਿਜਾਣ ਦੀ ਜ਼ਰੂਰਤ ਨਹੀਂ ਹੁੰਦੀ ਹੈ। ਉੱਥੇ ਹੀ, ਆਪਣੇ ਮਾਤਾ-ਪਿਤਾ ਨਾਲ ਆਉਣ ਵਾਲੇ ਛੋਟੇ ਬੱਚਿਆਂ ਨੂੰ ਪਛਾਣ ਪੱਤਰ ਦਿਖਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਜਾਣਕਾਰੀ ਹਵਾਬਾਜ਼ੀ ਸੁਰੱਖਿਆ ਏਜੰਸੀ ਬੀ. ਸੀ. ਏ. ਐੱਸ. ਨੇ ਦਿੱਤੀ ਹੈ। ਉਸ ਨੇ 10 ਦਸਤਾਵੇਜ਼ਾਂ ਦੀ ਲਿਸਟ ਜਾਰੀ ਕੀਤੀ ਹੈ। ਹਵਾਈ ਅੱਡੇ 'ਚ ਐਂਟਰੀ ਕਰਨ ਵਾਲੇ ਮੁਸਾਫਰਾਂ ਨੂੰ ਇਨ੍ਹਾਂ 10 ਦਸਤਾਵੇਜ਼ਾਂ 'ਚੋਂ ਕੋਈ ਵੀ ਪਛਾਣ ਸਬੂਤ ਦਿਖਾਉਣਾ ਜ਼ਰੂਰੀ ਹੋਵੇਗਾ। ਬੀ. ਸੀ. ਏ. ਐੱਸ. ਵੱਲੋਂ ਜਾਰੀ ਕੀਤੇ ਗਏ ਦਸਤਾਵੇਜ਼ਾਂ ਦੀ ਲਿਸਟ ਮੁਤਾਬਕ, ਯਾਤਰਾ ਕਰਨ ਵਾਲੇ ਮੁਸਾਫਰ ਦੀ ਸਹੀ ਪਛਾਣ ਲਈ ਉਸ ਕੋਲ ਇਨ੍ਹਾਂ 'ਚੋਂ ਕੋਈ ਨਾ ਕੋਈ ਦਸਤਾਵੇਜ਼ ਹੋਣਾ ਚਾਹੀਦਾ ਹੈ।
ਲਿਸਟ 'ਚ ਪਾਸਪੋਰਟ, ਵੋਟਰ ਆਈ. ਡੀ. ਕਾਰਡ, ਆਧਾਰ ਜਾਂ ਐੱਮ-ਆਧਾਰ, ਪੈਨ ਕਾਰਡ ਅਤੇ ਡਰਾਈਵਿੰਗ ਲਾਈਸੈਂਸ ਸ਼ਾਮਲ ਹਨ। ਇਨ੍ਹਾਂ ਦਸਤਾਵੇਜ਼ਾਂ ਦੇ ਇਲਾਵਾ ਕਿਸੇ ਰਾਸ਼ਟਰੀ ਬੈਂਕ ਦੀ ਪਾਸਬੁੱਕ (ਫੋਟੋ ਸਮੇਤ), ਪੈਨਸ਼ਨ ਕਾਰਡ ਵਰਗੇ ਦਸਤਾਵੇਜ਼ਾਂ ਨੂੰ ਵੀ ਆਈ. ਡੀ. ਸਬੂਤ ਦੇ ਤੌਰ 'ਤੇ ਸਵੀਕਾਰ ਕੀਤਾ ਜਾਵੇਗਾ। ਉੱਥੇ ਹੀ, ਵਿਦਿਆਰਥੀ ਕੋਲ ਵੀ ਸਰਕਾਰੀ ਸੰਸਥਾ ਵੱਲੋਂ ਜਾਰੀ ਕੀਤੀ ਗਏ ਫੋਟੋ ਆਈ. ਡੀ. ਕਾਰਡ ਦਿਖਾਉਣ ਦਾ ਬਦਲ ਹੋਵੇਗਾ। ਇਸ ਦੇ ਇਲਾਵਾ ਦਿਵਿਆਂਗ ਯਾਤਰੀਆਂ ਨੂੰ ਦਿਵਿਆਂਗਤਾ ਫੋਟੋ ਪਛਾਣ ਜਾਂ ਮੈਡੀਕਲ ਪ੍ਰਮਾਣ ਪੱਤਰ ਪੇਸ਼ ਕਰਨ ਦੀ ਇਜਾਜ਼ਤ ਹੋਵੇਗੀ। ਸਰਕਾਰੀ ਅਧਿਕਾਰੀ ਸਰਵਿਸ ਆਈ. ਡੀ. ਕਾਰਡ ਦਿਖਾ ਸਕਦਾ ਹੈ।
