ਟੋਲ ਟੈਕਸ 'ਤੇ ਸਰਕਾਰ ਬਣਾਏਗੀ ਇਹ ਨੀਤੀ, ਸਫਰ ਹੋਵੇਗਾ ਸਸਤਾ

Saturday, Oct 28, 2017 - 10:46 AM (IST)

ਟੋਲ ਟੈਕਸ 'ਤੇ ਸਰਕਾਰ ਬਣਾਏਗੀ ਇਹ ਨੀਤੀ, ਸਫਰ ਹੋਵੇਗਾ ਸਸਤਾ

ਨਵੀਂ ਦਿੱਲੀ— ਆਉਣ ਵਾਲੇ ਸਮੇਂ 'ਚ ਤੁਹਾਡਾ ਸਫਰ ਸਸਤਾ ਹੋ ਜਾਵੇਗਾ। ਕੇਂਦਰ ਸਰਕਾਰ ਟੋਲ ਟੈਕਸ ਨੂੰ ਤਰਕਸੰਗਤ ਬਣਾਉਣ ਲਈ ਇਕ ਨੀਤੀ ਬਣਾ ਰਹੀ ਹੈ, ਜਿਸ ਤਹਿਤ ਸਫਰ ਦੀ ਦੂਰੀ ਦੇ ਹਿਸਾਬ ਨਾਲ ਭੁਗਤਾਨ ਕਰਨਾ ਹੋਵੇਗਾ। ਹਾਲਾਂਕਿ ਲੰਬੇ ਸਫਰ ਲਈ ਜ਼ਿਆਦਾ ਟੋਲ ਭਰਨਾ ਹੋਵੇਗਾ। ਜਾਣਕਾਰੀ ਮੁਤਾਬਕ, ਟੋਲ ਨੀਤੀ 'ਚ ਟੈਕਸ ਨੂੰ ਯਾਤਰਾ ਦੀ ਲੰਬਾਈ ਨਾਲ ਜੋੜਿਆ ਜਾਵੇਗਾ ਯਾਨੀ ਛੋਟੇ ਸਫਰ ਲਈ ਘੱਟ ਟੋਲ ਅਤੇ ਲੰਬੀ ਯਾਤਰਾ ਲਈ ਜ਼ਿਆਦਾ। ਅਜੇ ਟੋਲ ਪਲਾਜ਼ਾ 'ਤੇ ਇਕ ਤੈਅ ਚਾਰਜ ਦੇਣਾ ਹੁੰਦਾ ਹੈ, ਭਾਵੇਂ ਹੀ ਕਿਸੇ ਦਾ ਸਫਰ ਲੰਬਾ ਹੋਵੇ ਜਾਂ ਫਿਰ ਘੱਟ।

ਸਰਕਾਰ ਵੱਲੋਂ ਇੰਟੈਲੀਜੈਂਟ ਟਰਾਂਸਪੋਰਟ ਮੈਨੇਜਮੈਂਟ ਸਿਸਟਮ 'ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਤਹਿਤ ਤੁਹਾਨੂੰ ਓਨਾ ਹੀ ਟੈਕਸ ਦੇਣਾ ਹੋਵੇਗਾ, ਜਿੰਨਾ ਸਫਰ ਤੁਸੀਂ ਤੈਅ ਕੀਤਾ ਹੈ। ਹਾਲਾਂਕਿ ਇਹ ਨੀਤੀ ਇਕ ਸਾਲ ਦੇ ਅੰਦਰ ਲਾਗੂ ਹੋ ਸਕੇਗੀ। ਸੜਕ ਆਵਾਜਾਈ ਅਤੇ ਹਾਈਵੇ ਸਕੱਤਰ ਯੁੱਧਵੀਰ ਸਿੰਘ ਦਾ ਕਹਿਣਾ ਹੈ ਕਿ ਅਸੀਂ ਜਲਦ ਨੀਤੀ ਲਿਆ ਰਹੇ ਹਾਂ ਅਤੇ ਇਕ ਸਾਲ ਅੰਦਰ ਇਸ ਨੂੰ ਲਾਗੂ ਕਰਨ 'ਚ ਸਮਰੱਥ ਹੋ ਸਕਦੇ ਹਾਂ। ਉਨ੍ਹਾਂ ਕਿਹਾ ਕਿ ਅਮਰੀਕਾ, ਆਸਟ੍ਰੇਲੀਆ ਵਰਗੇ ਕਈ ਦੇਸ਼ ਦੂਰੀ ਆਧਾਰਿਤ ਇਲੈਕਟ੍ਰਾਨਿਕ ਟੋਲ ਦਾ ਪ੍ਰੀਖਣ ਕਰ ਰਹੇ ਹਨ। 
ਉੱਥੇ ਹੀ, ਸਰਕਾਰ ਵੱਲੋਂ ਹਾਲ ਹੀ 'ਚ ਸਤੰਬਰ 'ਚ ਰਾਸ਼ਟਰੀ ਹਾਈਵੇਜ਼ 'ਤੇ ਫਾਸਟੈਗ ਸਰਵਿਸ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਵਾਹਨ ਬਿਨਾਂ ਰੁਕੇ ਟੋਲ ਤੋਂ ਲੰਘ ਸਕਦੇ ਹਨ। ਫਾਸਟੈਗ ਵਾਹਨਾਂ ਦਾ ਟੋਲ ਆਪਣੇ-ਆਪ ਉਨ੍ਹਾਂ ਦੇ ਫਾਸਟੈਗ ਖਾਤੇ 'ਚੋਂ ਕੱਟ ਜਾਂਦਾ ਹੈ। ਫਾਸਟੈਗ ਸਰਵਿਸ ਬੈਂਕਾਂ ਵੱਲੋਂ ਵੀ ਦਿੱਤੀ ਜਾ ਰਹੀ ਹੈ। ਇਸ ਖਾਤੇ ਨੂੰ ਆਸਾਨੀ ਨਾਲ ਰੀਚਾਰਜ ਕੀਤਾ ਜਾ ਸਕਦਾ ਹੈ। ਫਾਸਟੈਗ ਵਾਹਨ ਦੀ ਵਿੰਡੋ 'ਤੇ ਲਾਇਆ ਜਾਂਦਾ ਹੈ, ਜਿਸ ਨੂੰ ਟੋਲ ਪਲਾਜ਼ਾ 'ਤੇ ਲੱਗਾ ਸਿਸਟਮ ਪੜ੍ਹ ਲੈਂਦਾ ਹੈ ਅਤੇ ਖਾਤੇ 'ਚੋਂ ਪੈਸੇ ਕੱਟ ਜਾਂਦੇ ਹਨ ਅਤੇ ਨਾਲ ਹੀ ਮੈਸੇਜ ਰਜਿਸਟਰਡ ਮੋਬਾਇਲ 'ਤੇ ਭੇਜ ਦਿੱਤਾ ਜਾਂਦਾ ਹੈ। ਰਾਸ਼ਟਰੀ ਰਾਜਮਾਰਗ 'ਤੇ ਕਈ ਟੋਲ ਪਲਾਜ਼ੇ ਅਜਿਹੇ ਵੀ ਹਨ, ਜਿਨ੍ਹਾਂ 'ਤੇ ਅਜੇ ਵੱਖਰੀ ਫਾਸਟੈਗ ਲੇਨ ਸ਼ੁਰੂ ਨਹੀਂ ਹੋ ਸਕੀ ਹੈ।


Related News